ਜ਼ਲਿਆਂ ਵਾਲਾ ਬਾਗ ਵਿਖੇ 10 ਅਕਤੂਬਰ,1920 ਨੂੰ 'ਖ਼ਾਲਸਾ ਬਰਾਦਰੀ ਕਾਰਜ ਸਾਧਕ ਦਲ' ਜਥੇਬੰਦੀ ਵਲੋਂ ਦਲਿਤ ਸਿੱਖਾਂ ਦਾ ਸਮਾਗਮ ਕੀਤਾ ਗਿਆ।

10 ਅਕਤੂਬਰ,1920

*ਜਲਿਆਂ ਵਾਲਾ ਬਾਗ ਵਿਖੇ 10 ਅਕਤੂਬਰ,1920 ਨੂੰ 'ਖ਼ਾਲਸਾ ਬਰਾਦਰੀ ਕਾਰਜ ਸਾਧਕ ਦਲ' ਜਥੇਬੰਦੀ ਵਲੋਂ ਦਲਿਤ ਸਿੱਖਾਂ ਦਾ ਸਮਾਗਮ ਕੀਤਾ ਗਿਆ।*

ਅਕਤੂਬਰ 1920 ਵਿਚ ਸਿੱਖ ਪੰਥ ਦੀ ਭਵਿੱਖੀ ਰਣਨੀਤੀ ਨੂੰ ਪ੍ਰਭਾਵਿਤ ਕਰਨ ਵਾਲੀ ਜੋ ਘਟਨਾ ਵਾਪਰੀ, ਉਸ ਦੇ ਸੂਤਰਧਾਰ ਭਾਈ ਮਤਾਬ ਸਿੰਘ 'ਬੀਰ' ਪੁੱਤਰ ਸੰਤ ਲਖਮੀਰ ਸਿੰਘ ਸਨ। ਸੰਤ ਲਖਮੀਰ ਸਿੰਘ ਦਾ ਜਨਮ ਬਕਾਪੁਰ ਪਿੰਡ ਦੇ ਇਕ ਮੁਸਲਮਾਨ ਪਰਿਵਾਰ ਵਿਚ ਹੋਇਆ ਸੀ, ਪਰ ਇਕ ਗੁਰਸਿੱਖ ਦੀ ਸੰਗਤ ਕਾਰਨ ਉਨ੍ਹਾਂ ਨੂੰ ਗੁਰੂ ਘਰ ਨਾਲ ਅਜਿਹਾ ਪਿਆਰ ਹੋਇਆ ਕਿ ਉਹ ਸੰਤ ਅਤਰ ਸਿੰਘ ਜੀ ਮਸਤੂਆਣਾ ਵਾਲਿਆਂ ਤੋਂ ਅੰਮ੍ਰਿਤਪਾਨ ਕਰ ਕੇ ਪੂਰਨ ਗੁਰਸਿੱਖ ਬਣ ਗਏ।

*ਜਾਤ ਪਾਤ ਆਧਾਰਿਤ ਵਿਤਕਰਾ ਖ਼ਤਮ ਹੋਣ ਦਾ ਦਿਵਸ*
ਸੰਨ 1920 ਵੇਲੇ ਦੇ ਦਰਬਾਰ ਸਾਹਿਬ 'ਤੇ ਕਾਬਜ਼ ਪੁਜਾਰੀ ਅਤੇ ਮਹੰਤ ਅਖੌਤੀ ਨੀਵੀਆਂ ਜਾਤਾਂ (ਦਲਿਤਾਂ) ਤੋਂ ਖਾਲਸਾ ਪੰਥ ਵਿੱਚ ਆਏ ਸਿੱਖਾਂ ਦਾ ਤਿਆਰ ਕੀਤਾ ਕੜਾਹ ਪ੍ਰਸ਼ਾਦ ਸਵੀਕਾਰ ਨਹੀਂ ਸਨ ਕਰਦੇ ਅਤੇ ਊਨ੍ਹਾਂ ਪ੍ਰਤੀ ਕਈ ਤਰ੍ਹਾਂ ਦੇ ਹੋਰ ਵਿਤਕਰੇ ਵੀ ਕੀਤੇ ਜਾਂਦੇ ਸਨ। 12 ਅਕਤੂਬਰ 1920 ਨੂੰ ਖਾਲਸਾ ਪੰਥ ਵਿਚ ਅਭੇਦ ਹੋਏ ਇਨ੍ਹਾਂ ਅਖੌਤੀ ਨੀਵੀਆਂ ਜਾਤਾਂ ਦੇ ਸਿੰਘਾਂ ਨੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਅਤੇ ਕੜਾਹ ਪ੍ਰਸ਼ਾਦ ਭੇਟ ਕਰਨ ਦਾ ਪ੍ਰੋਗਰਾਮ ਉਲੀਕ ਲਿਆ। ਸਵੇਰੇ ਨੌਂ ਕੁ ਵਜੇ ਇਹ ਜਥਾ ਕੜ੍ਹਾਹ ਪ੍ਰਸ਼ਾਦ ਲੈ ਕੇ ਭਾਈ ਮਤਾਬ ਸਿੰਘ ਅਤੇ ਖਾਲਸਾ ਕਾਲਜ ਦੇ ਪ੍ਰੋਫੈਸਰ ਬਾਵਾ ਹਰਕਿਸ਼ਨ ਸਿੰਘ, ਪ੍ਰੋ: ਤੇਜਾ ਸਿੰਘ, ਕਾਲਜ ਦੇ ਵਿਦਿਆਰਥੀਆਂ ਅਤੇ ਆਮ ਸੰਗਤ ਦੇ ਨਾਲ ਸ੍ਰੀ ਦਰਬਾਰ ਸਾਹਿਬ ਪੁੱਜਾ। ਦੱਸਿਆ ਜਾਂਦਾ ਹੈ ਕਿ ਕੜਾਹ ਪ੍ਰਸ਼ਾਦ ਦੀ ਦੇਗ ਪਾਲਾ ਸਿੰਘ ਬਰਨਾਲਾ ਨੇ ਚੁੱਕੀ ਹੋਈ ਸੀ। ਇਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਵਿਚ ਗ੍ਰੰਥੀ ਭਾਈ ਗੁਰਬਚਨ ਸਿੰਘ ਬਿਰਾਜਮਾਨ ਸੀ ਅਤੇ ਕੁੱਝ ਪੁਜਾਰੀ ਅਤੇ ਅਰਦਾਸੀਆ ਸਿੰਘ ਵੀ ਹਾਜ਼ਰ ਸਨ। ਪ੍ਰੋ. ਬਾਵਾ ਹਰਕਿਸ਼ਨ ਸਿੰਘ ਨੇ ਸੰਗਤ ਦੇ ਆਉਣ ਦਾ ਮਨੋਰਥ ਦੱਸਦਿਆਂ ਕੜ੍ਹਾਹ ਪ੍ਰਸ਼ਾਦ ਪ੍ਰਵਾਨ ਕਰਨ ਲਈ ਅਰਦਾਸ ਕਰਨ ਉਪਰੰਤ ਪ੍ਰਸ਼ਾਦ ਹਾਜ਼ਰ ਸੰਗਤ ਨੂੰ ਵਰਤਾਉਣ ਦੀ ਬੇਨਤੀ ਕੀਤੀ, ਪਰ ਪੁਜਾਰੀਆਂ ਨੇ ਆਨਾ-ਕਾਨੀ ਕੀਤੀ। ਅਜੇ ਦੋਵਾਂ ਧਿਰਾਂ ਵਿਚਕਾਰ ਇਸ ਬਾਰੇ ਬਹਿਸ ਚੱਲ ਹੀ ਰਹੀ ਸੀ ਕਿ ਅਚਾਨਕ ਭਾਈ ਕਰਤਾਰ ਸਿੰਘ ਝੱਬਰ, ਮਾਝਾ ਖਾਲਸਾ ਦੀਵਾਨ ਦੇ ਸਕੱਤਰ ਭਾਈ ਤੇਜਾ ਸਿੰਘ ਭੁੱਚਰ ਅਤੇ ਭਾਈ ਤੇਜਾ ਸਿੰਘ ਚੂਹੜਕਾਣਾ ਪੁੱਜ ਗਏ। ਉਨ੍ਹਾਂ ਨੂੰ ਜਦੋਂ ਅਸਲ ਗੱਲ ਦਾ ਪਤਾ ਲੱਗਾ ਤਾਂ ਭਾਈ ਝੱਬਰ ਨੇ ਗੜਕਵੀਂ ਆਵਾਜ਼ ਵਿਚ ਸੰਬੋਧਨ ਕੀਤਾ ਜਿਸ ਉਪਰੰਤ ਗ੍ਰੰਥੀ ਅਤੇ ਅਰਦਾਸੀਏ ਸਿੰਘ ਨੂੰ ਸੰਗਤ ਦੀ ਬੇਨਤੀ ਪ੍ਰਵਾਨ ਕਰਨੀ ਪਈ। ਦਰਬਾਰ ਸਾਹਿਬ ਵਿੱਚ ਕਾਰਵਾਈ ਮੁਕੰਮਲ ਹੋਣ ਉਪਰੰਤ ਸਾਰੀ ਸੰਗਤ ਜੈਕਾਰੇ ਗਜਾਉਂਦੀ ਹੋਈ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਪੁੱਜੀ, ਜਿੱਥੋਂ ਦੇ ਪੁਜਾਰੀ ਸ੍ਰੀ ਦਰਬਾਰ ਸਾਹਿਬ ਵਿਚਲੀ ਘਟਨਾ ਦੀ ਜਾਣਕਾਰੀ ਮਿਲਣ ਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਛੱਡ ਕੇ ਪੱਤਰਾ ਵਾਚ ਗਏ ਸਨ। ਜਦੋਂ ਉਹ ਬੁਲਾਏ ਜਾਣ ਉੱਤੇ ਵੀ ਨਾ ਆਏ ਤਾਂ ਸੰਗਤ ਵਿਚੋਂ ਇਕ ਸਿੰਘ ਨੇ ਅਰਦਾਸ ਕੀਤੀ ਅਤੇ ਕੜ੍ਹਾਹ ਪ੍ਰਸ਼ਾਦ ਵੀ ਵਰਤਾਇਆ। ਸਿੱਖ ਰਹੁ-ਰੀਤ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਸੇਵਾਦਾਰ ਦਾ ਹੋਣਾ ਜ਼ਰੂਰੀ ਹੈ, ਜਿਸ ਨੂੰ ਧਿਆਨ ਗੋਚਰੇ ਰੱਖਦਿਆਂ ਭਾਈ ਕਰਤਾਰ ਸਿੰਘ ਝੱਬਰ ਨੇ ਸ੍ਰੀ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਸੰਗਤ ਵੱਲੋਂ ਸੰਭਾਲ ਲੈਣ ਦਾ ਐਲਾਨ ਕਰ ਦਿੱਤਾ। ਇਸ ਮਨੋਰਥ ਲਈ ਰਹਿਤ ਬਹਿਤ ਦੇ ਧਾਰਨੀ ਕੁਝ ਸਿੰਘਾਂ ਨੂੰ ਆਪਣੀਆਂ ਸੇਵਾਵਾਂ ਪੇਸ਼ ਕਰਨ ਲਈ ਕਿਹਾ। ਇਸ ਮੌਕੇ ਹਕੀਮ ਬਹਾਦਰ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਸੇਵਾ ਲਈ ਸਤਾਰਾਂ ਸਿੰਘ ਅੱਗੇ ਆਏ। ਉਨ੍ਹਾਂ ਦਾ ਜਥੇਦਾਰ ਭਾਈ ਤੇਜਾ ਸਿੰਘ ਭੁੱਚਰ ਨੂੰ ਥਾਪ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਉਨ੍ਹਾਂ ਨੂੰ ਸੌਂਪੀ ਗਈ। ਜਥੇਦਾਰ ਅਕਾਲ ਤਖ਼ਤ ਨੂੰ ਸਲਾਹ ਮਸ਼ਵਰਾ ਦੇਣ ਲਈ ਇਕ ਕਮੇਟੀ ਬਣਾਈ ਗਈ, ਜਿਸ ਵਿਚ ਭਾਈ ਦੇਵਾ ਸਿੰਘ, ਭਾਈ ਬਹਾਦਰ ਸਿੰਘ ਹਕੀਮ, ਮਾਸਟਰ ਚੰਦਾ ਸਿੰਘ, ਡਾਕਟਰ ਭਗਵਾਨ ਸਿੰਘ ਅਤੇ ਡਾਕਟਰ ਗੁਰਬਖਸ਼ ਸਿੰਘ ਨੂੰ ਨਾਮਜ਼ਦ ਕੀਤਾ ਗਿਆ। ਸਮੂਹ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲਣ ਵਾਸਤੇ ਕਮੇਟੀ ਬਣਾਉਣ ਲਈ ਸਿੱਖ ਜਗਤ ਦੇ ਨੁਮਾਇੰਦਿਆਂ ਦਾ 'ਸਰਬੱਤ ਖਾਲਸਾ' ਇਕੱਠ 15 ਨਵੰਬਰ 1920 ਨੂੰ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਬੁਲਾਉਣ ਬਾਰੇ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਡਾਕਟਰ ਗੁਰਬਖਸ਼ ਸਿੰਘ ਦੇ ਦਸਤਖਤਾਂ ਹੇਠ ਹੀ ਜਾਰੀ ਕੀਤਾ ਗਿਆ।

ਭਾਈ ਮਤਾਬ ਸਿੰਘ ਨੂੰ ਗੁਰਬਾਣੀ ਦਾ ਉਪਦੇਸ਼ "ਸਾ ਜਾਤ ਸਾ ਪਾਤਿ ਹੈ ਜੇਹੇ ਕਰਮ ਕਮਾਇ" ਦ੍ਰਿੜਾਉਣ ਵਾਲੇ ਪਿਤਾ ਪਾਸੋਂ ਗੁਰਬਾਣੀ ਪ੍ਰੇਮ ਅਤੇ ਮਾਨਵ ਸਮਾਨਤਾ ਦੇ ਗੁਣ ਵਿਰਸੇ ਵਿਚੋਂ ਹੀ ਪ੍ਰਾਪਤ ਹੋਏ। ਗੁਰੂ ਸਾਹਿਬਾਨ ਵੱਲੋਂ ਸੰਗਤ ਅਤੇ ਪੰਗਤ ਵਿਚ ਸਭ ਨੂੰ ਇਕ ਸਥਾਨ ਦੇਣ ਦੀ ਰੀਤ ਨੂੰ ਵਿਸਾਰ ਕੇ ਸਿੱਖ ਸਮਾਜ ਵਿਚ ਪੈ ਚੁੱਕੀਆਂ ਛੋਟੀਆਂ ਵੱਡੀਆਂ ਜਾਤਾਂ ਦੀ ਵੰਡ ਨੂੰ ਨਾਕਾਰਨ ਵਾਸਤੇ ਭਾਈ ਮਤਾਬ ਸਿੰਘ ਨੇ 30 ਜਨਵਰੀ 1907 ਨੂੰ "ਖਾਲਸਾ ਬਰਾਦਰੀ" ਨਾਉਂ ਦੀ ਸੰਸਥਾ ਬਣਾਈ। ਸਿੱਖ ਧਰਮ ਨੂੰ ਹਿੰਦੂ ਮਤ ਦਾ ਭਾਗ ਸਮਝਣ ਵਾਲੇ ਸਨਾਤਨੀ ਸਿੱਖਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ, ਪਰ ਪੜ੍ਹੇ ਲਿਖੇ ਸਿੱਖ ਵਰਗ ਵੱਲੋਂ ਉਨ੍ਹਾਂ ਦਾ ਪੱਖ ਲੈਣ ਕਾਰਨ ਇਸ ਦਿਸ਼ਾ ਵਿਚ ਉਨ੍ਹਾਂ ਦੇ ਯਤਨ ਨਿਰੰਤਰ ਜਾਰੀ ਰਹੇ। ਇਸ ਵਰਗ ਨੇ ਸਿੱਖ ਧਰਮ ਵਿਚ ਵਿਸ਼ਵਾਸ ਰੱਖਣ ਵਾਲੇ ਗਰੀਬਾਂ ਨੂੰ ਫਾਹੁਣ ਵਾਸਤੇ ਈਸਾਈ, ਆਰੀਆ ਸਮਾਜ ਅਤੇ ਮੁਸਲਿਮ ਫਿਰਕੇ ਦੀ ਵਿਉਂਤਬੰਦੀ ਵੇਖਦਿਆਂ ਸ. ਮਤਾਬ ਸਿੰਘ ਦੇ ਉਪਰਾਲੇ ਨੂੰ ਹਾਂ-ਪੱਖੀ ਹੁੰਗਾਰਾ ਭਰਿਆ। ਨਤੀਜੇ ਵਜੋਂ ਪਹਿਲਾ ਗੁਰਮਤਿ ਮਿਲਾਉਣੀ ਸਮਾਗਮ 18 ਜੁਲਾਈ 1907 ਨੂੰ ਅੰਮ੍ਰਿਤਸਰ ਵਿਚ ਹੋਇਆ, ਜਿਸ ਵਿਚ ਰਹਿਤੀਆ ਆਖੀ ਜਾਂਦੀ ਸ਼੍ਰੇਣੀ ਵਿਚੋਂ ਇਕ ਪਰਿਵਾਰ- ਸ. ਮਤਾਬ ਸਿੰਘ ਸੇਵਾ ਮੁਕਤ ਸੂਬੇਦਾਰ ਮੇਜਰ, ਉਸ ਦੀ ਪਤਨੀ, ਪੁੱਤਰ ਭਾਈ ਬੂੜ ਸਿੰਘ ਅਤੇ ਉਸ ਦੀ ਪਤਨੀ, ਅਤੇ ਇਕ ਹੋਰ ਸਿੱਖ ਭਾਈ ਹਰੀ ਸਿੰਘ ਨੂੰ ਅੰਮ੍ਰਿਤ ਛਕਾ ਕੇ ਅਭੇਦ ਕੀਤਾ ਗਿਆ। ਛੇਤੀ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਖਾਲਸਾ ਬਰਾਦਰੀ ਦੀਆਂ ਸ਼ਾਖਾਵਾਂ ਕਾਇਮ ਹੋ ਗਈਆਂ। ਇਸ ਕਾਰਜ ਵਿਚ ਜੁਟੇ ਸੇਵਾਦਾਰਾਂ ਨੂੰ "ਖਾਲਸਾ ਬਰਾਦਰੀ ਸਾਧਕ ਦਲ" ਅਤੇ ਅੰਮ੍ਰਿਤਪਾਨ ਕਰਨ ਵਾਲੇ ਗੁਰਸਿੱਖਾਂ ਨੂੰ "ਖਾਲਸਾ ਪਤਤ ਪਾਵਨ" ਸੰਗਿਆ ਦਿੱਤੀ ਗਈ। ਲਗਪਗ ਸਵਾ ਦਹਾਕੇ ਦੇ ਸਮੇਂ ਵਿਚ ਇਸ ਸੰਸਥਾ ਨੇ ਅਖੌਤੀ ਛੋਟੀਆਂ ਜਾਤਾਂ ਦੇ ਹਜ਼ਾਰਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਸਿੱਖ ਪੰਥ ਦਾ ਅੰਗ ਬਣਾਇਆ।

*ਸਿੱਖ ਜਗਤ ਵੱਲੋਂ ਮਿਲ ਰਹੇ ਹੁੰਗਾਰੇ ਤੋਂ ਉਤਸ਼ਾਹਿਤ ਹੋ ਕੇ ਖ਼ਾਲਸਾ ਬਰਾਦਰੀ ਨੇ 10, 11 ਅਤੇ 12 ਅਕਤੂਬਰ 1920 ਨੂੰ ਅੰਮ੍ਰਿਤਸਰ ਦੇ ਜੱਲ੍ਹਿਆਂ ਵਾਲੇ ਬਾਗ਼ ਵਿਚ ਅਜਿਹਾ ਵੱਡਾ ਸਮਾਗਮ ਕਰਨ ਦਾ ਮਨ ਬਣਾਇਆ।*
ਚੀਫ ਖ਼ਾਲਸਾ ਦੀਵਾਨ ਸਮਾਗਮ ਆਯੋਜਨ ਕਰਤਾਵਾਂ ਦੇ ਨਾਲ ਸੀ, ਇਸ ਲਈ ਉਨ੍ਹਾਂ ਦੇ ਕਹਿਣ ਉੱਤੇ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਮਿਸਟਰ ਵਾਦਨ ਨੇ ਕਾਲਜ ਵਿਚ ਛੁੱਟੀਆਂ ਕਰ ਦਿੱਤੀਆਂ। ਇਸ ਨਾਲ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਅਤੇ ਪ੍ਰੋਫੈਸਰਾਂ ਦਾ ਸਮਾਗਮ ਵਿਚ ਸ਼ਾਮਲ ਹੋਣਾ ਯਕੀਨੀ ਹੋ ਗਿਆ। ਪਹਿਲੇ ਦੋ ਦਿਨ ਹਾਜ਼ਰ ਸੰਗਤ ਨੂੰ ਸੰਬੋਧਨ ਕਰਨ ਵਾਲਿਆਂ ਵਿਚ ਖਾਲਸਾ ਕਾਲਜ ਤੋਂ ਪ੍ਰੋਫੈਸਰ ਬਾਵਾ ਹਰਿਕਿਸ਼ਨ ਸਿੰਘ ਅਤੇ ਪ੍ਰੋਫੈਸਰ ਤੇਜਾ ਸਿੰਘ, ਅੰਮ੍ਰਿਤਸਰ ਦੇ ਪੱਤਰਕਾਰਾਂ ਵਿਚੋਂ ਭਾਈ ਸੇਵਾ ਸਿੰਘ ਸਬ ਐਡੀਟਰ 'ਖਾਲਸਾ ਸਮਾਚਾਰ' ਅਤੇ ਲਾਲਾ ਦੀਨਾ ਨਾਥ ਸੰਪਾਦਕ 'ਦਰਦ', ਪ੍ਰਚਾਰਕ ਉਪਦੇਸ਼ਕਾਂ ਵਿਚੋਂ ਭਾਈ ਬੁੱਧ ਸਿੰਘ, ਚੀਫ ਖਾਲਸਾ ਦੀਵਾਨ, ਭਾਈ ਹਰੀ ਸਿੰਘ ਖਾਲਸਾ ਪ੍ਰਚਾਰਕ ਵਿਦਯਾਲਾ ਤਰਨਤਾਰਨ, ਅਤੇ ਸਿੱਖ ਕੰਨਿਆ ਮਹਾਂਵਿਦਿਆਲਾ ਫਿਰੋਜ਼ਪੁਰ ਦੇ ਭਾਈ ਕਾਹਨ ਸਿੰਘ ਅਤੇ ਭਾਈ ਹਰਨਾਮ ਸਿੰਘ ਸ਼ਾਮਲ ਸਨ। ਕੀਰਤਨ ਦੀ ਸੇਵਾ ਖਾਲਸਾ ਪ੍ਰਚਾਰਕ ਵਿਦਯਾਲਾ ਤਰਨਤਾਰਨ ਦੇ ਸ਼ਬਦੀ ਜਥੇ ਅਤੇ ਭਾਈ ਸੰਪੂਰਨ ਸਿੰਘ ਚੀਫ ਖਾਲਸਾ ਦੀਵਾਨ ਦੇ ਰਾਗੀ ਜਥੇ ਵੱਲੋਂ ਨਿਭਾਈ ਗਈ। ਸੰਗਤ ਨੂੰ ਸੰਬੋਧਨ ਕਰਨ ਵਾਲਿਆਂ ਵਿਚ ਅੰਮ੍ਰਿਤਸਰ ਤੋਂ ਹੀ ਡਾਕਟਰ ਭਗਵਾਨ ਸਿੰਘ, ਬਾਬੂ ਸ਼ਮਸ਼ੇਰ ਸਿੰਘ, ਸ. ਹਰਚੰਦ ਸਿੰਘ ਤੋਂ ਬਿਨਾਂ ਸ. ਮਾਨ ਸਿੰਘ ਵਕੀਲ ਅੰਬਾਲਾ ਆਦਿ ਸ਼ਾਮਲ ਸਨ