ਭਾਈ ਸੁਖੀਆ ਜੀ ਦਾ ਜਨਮ ਪਿੰਡ ਸੋਧਰਾ,ਜ਼ਿਲ੍ਹਾ ਵਜ਼ੀਰਾਬਾਦ (ਪਾਕਿਸਤਾਨ) ਵਿਖੇ ਹੋਇਆ।ਆਪ ਜੀ ਦੇ ਪਿਤਾ ਭਾਈ ਮਾਂਡਨ ਜੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਜੀ ਦੇ ਅਨਿਨ ਸ਼ਰਧਾਲੂ ਸਨ।
*ਭਾਈ ਸੁਖੀਆ ਜੀ ਨੇ ਆਪਣੇ ਤਿੰਨ ਭਰਾਵਾਂ ਭਾਈ ਭੂਰਾ, ਭਾਈ ਰਵਿਦਾਸ ਅਤੇ ਭਾਈ ਬਿਹਾਰੀ ਸਮੇਤ ਛੇਵੇਂ ਪਾਤਸ਼ਾਹ ਜੀ ਤੋਂ ਸਿੱਖੀ ਦੀ ਦਾਤ ਪ੍ਰਾਪਤ ਕੀਤੀ।*
ਆਪ ਜੀ ਦਾ ਪੂਰਾ ਪਰਿਵਾਰ ਜਿਥੇ ਤਨ, ਮਨ, ਧਨ ਨਾਲ ਅਣਥੱਕ ਸੇਵਾ ਕਰਦਾ ਸੀ, ਉਥੇ ਹੀ ਜੰਗੀ ਕਰਤਬਾਂ ਵਿਚ ਮਾਹਿਰ ਸੀ।
*ਪੰਜਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਨੇ ਸਾਰਿਆਂ ਵਿਚ ਰੋਹ ਅਤੇ ਬੀਰ ਰਸ ਭਰ ਦਿੱਤਾ ਸੀ।*
ਛੇਵੇਂ ਪਾਤਸ਼ਾਹ ਜੀ ਨੇ ਸਾਰੇ ਪਰਿਵਾਰ ਦੀ ਸੇਵਾ, ਸ਼ਸਤਰ ਵਿੱਦਿਆ ਅਤੇ ਘੋੜਸਵਾਰੀ ਸਿਖਾਉਣ 'ਤੇ ਲਾਈ।
*ਸ੍ਰੀ ਹਰਿਗੋਬਿੰਦਪੁਰ ਦੇ ਸਥਾਨ 'ਤੇ ਲੜੀ ਗਈ ਜੰਗ ਵਿਚ ਆਪ ਜੀ ਦਾ ਭਰਾ ਭਾਈ ਬਿਹਾਰੀ ਅਤੇ ਪਿਤਾ ਭਾਈ ਮਾਂਡਨ ਜ਼ਖਮੀ ਹੋਏ। ਭਾਈ ਸੁਖੀਆ ਦੀ ਪਤਨੀ ਬੀਬੀ ਮਲੂਕੀ ਜੀ, ਭਾਈ ਦਿਆਲਾ ਜੀ, ਭਾਈ ਮਨੀ ਸਿੰਘ ਸਹੀਦ ਜੀ (ਬੰਦ ਬੰਦ ਕਟਵਾਉਣ ਵਾਲੇ) ਜਿਹੇ ਮਹਾਨ ਸ਼ਹੀਦਾਂ ਦੀ ਭੂਆ ਸਨ।*
ਆਪ ਦੇ ਸਹੁਰਾ ਭਾਈ ਬੱਲੂ ਰਾਇ ਜੀ ਛੇਵੇਂ ਪਾਤਸ਼ਾਹ ਜੀ ਦੇ ਮੁਖੀ ਸਿੱਖ ਸਨ,ਜੋ 13 ਅਪ੍ਰੈਲ,1634 ਨੂੰ ਸ੍ਰੀ ਅੰਮ੍ਰਿਤਸਰ ਦੇ ਯੁੱਧ ਵਿਚ ਜੂਝ ਕੇ ਸ਼ਹੀਦ ਹੋਏ।
*ਮਹਿਰਾਜ ਦੇ ਸਥਾਨ 'ਤੇ 16 ਦਸੰਬਰ,1634 ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ 'ਤੇ ਮੁਗ਼ਲ ਸੈਨਾ ਭਾਰੀ ਗਿਣਤੀ ਵਿਚ ਚੜ੍ਹ ਕੇ ਆਈ। ਇਸ ਜੰਗ ਵਿਚ ਭਾਈ ਸੁਖੀਆ ਜੀ ਕਮਾਲ ਦੀ ਬਹਾਦਰੀ ਨਾਲ ਲੜੇ।*
ਆਪ ਜੀ ਨੇ ਮੁਗ਼ਲ ਜਰਨੈਲ ਇਬਰਾਹੀਮ ਖਾਨ ਨੂੰ ਵੀ ਮਾਰ ਗਿਰਾਇਆ। ਅਨੇਕਾਂ ਮੁਗ਼ਲਾਂ ਨੂੰ ਕੱਟ-ਵੱਢ ਕੇ ਇਹ ਭਾਈ ਸੁਖੀਆ ਜੀ ਆਪ ਵੀ ਮੈਦਾਨੇ ਜੰਗ ਵਿਚ 16 ਦਸੰਬਰ,1634 ਦੇ ਦਿਨ ਸ਼ਹੀਦ ਹੋ ਗਏ।
*ਵਿਰਸੇ ਵਿਚ ਮਿਲੇ ਉੱਚੇ ਸੰਸਕਾਰਾਂ ਕਾਰਨ ਆਪ ਜੀ ਦੇ ਪਰਿਵਾਰ ਵਿਚ ਵੀ ਅਣਥੱਕ ਸੇਵਾ ਅਤੇ ਸ਼ਹੀਦੀਆਂ ਦਾ ਸਿਲਸਿਲਾ ਚਲਦਾ ਰਿਹਾ।*
ਆਪ ਜੀ ਦੇ ਪੋਤਰੇ ਭਾਈ ਦੇਵਾ ਸਿੰਘ,ਭਾਈ ਨੇਤਾ ਸਿੰਘ ਅਤੇ ਭਾਈ ਜੀਤਾ ਸਿੰਘ ਦਸਵੇਂ ਪਾਤਸ਼ਾਹ ਜੀ ਵਲੋਂ ਜੂਝਦੇ ਹੋਏ ਨਿਰਮੋਹਗੜ੍ਹ ਦੀ ਜੰਗ ਵਿਚ ਸ਼ਹੀਦ ਹੋਏ।
*ਆਪ ਜੀ ਦੇ ਇਕ ਪੋਤਰੇ ਭਾਈ ਉਦੈ ਸਿੰਘ ਜੀ ਨੂੰ ਲਾਹੌਰ ਵਿਖੇ ਸ਼ਹੀਦ ਕੀਤਾ ਗਿਆ।*
ਆਪ ਜ਼ੀ ਦੇ ਪੜਪੋਤਰੇ ਭਾਈ ਹਿੰਮਤ ਸਿੰਘ 13 ਅਕਤੂਬਰ ਨੂੰ ਨਿਰਮੋਹਗੜ੍ਹ ਦੀ ਜੰਗ ਵਿਚ ਸ਼ਹੀਦ ਹੋਏ।
*ਆਪ ਜੀ ਦੇ ਪੜਪੋਤਰੇ ਭਾਈ ਚੰਨਣ ਸਿੰਘ 11 ਅਕਤੂਬਰ, 1711 ਨੂੰ ਆਲੋਵਾਲ, ਲਾਹੌਰ ਵਿਖੇ ਸ਼ਹੀਦ ਹੋਏ।*
ਭਾਈ ਸੁਖੀਆ ਜੀ ਦੀ ਪੜਪੋਤਰੀ ਬੀਬੀ ਭਿੱਖਾਂ ਜੀ ਨੇ ਵੀ 21 ਦਸੰਬਰ,1704 ਦੇ ਦਿਨ ਸਰਸਾ ਨਦੀ ਦੇ ਕੰਢੇ ਜੂਝ ਕੇ ਸ਼ਹੀਦੀ ਪਾਈ।
*ਭਾਈ ਸੁਖੀਆ ਜੀ ਦੇ ਪੜਪੋਤਰੇ ਭਾਈ ਚੰਨਣ ਸਿੰਘ ਜ਼ੀ ਦੀ ਸਹੀਦੀ ਨੂੰ ਪ੍ਰਣਾਮ ਹੈ ਜੀ।*