ਸਿੱਖ ਰਾਜ ਖਤਮ ਹੋਣ ਦੀ ਸੁਰੂਆਤ ਏਥੋਂ ਹੀ ਡੋਗਰਿਆਂ ਦੀ ਗਦਾਰੀ ਨਾਲ ਹੋਈ ਸੀ।*


ਜ਼ਰੂਰ ਪੜਿਓ ਜੀ
*ਸਿੱਖ ਰਾਜ ਖਤਮ ਹੋਣ ਦੀ ਸੁਰੂਆਤ ਏਥੋਂ ਹੀ ਡੋਗਰਿਆਂ ਦੀ ਗਦਾਰੀ ਨਾਲ ਹੋਈ ਸੀ।*

👇
*9 ਅਕਤੂਬਰ 1839 ਵਾਲੇ ਦਿਨ ਕੁੰਵਰ ਨੌਨਿਹਾਲ ਸਿੰਘ ਨੂੰ ਗੱਦੀ ਉੱਤੇ ਬਿਠਾ ਦਿਤਾ।* 8 ਅਕਤੂਬਰ 1839 ਵਾਲੇ ਦਿਨ ਰਾਜਾ ਧਿਆਨ ਸਿੰਘ ਡੋਗਰੇ ਨੇ ਕੁੰਵਰ ਨੌਨਿਹਾਲ ਸਿੰਘ, ਜਨਰਲ ਗਾਰਡਨਰ ਅਤੇ ਹੋਰ ਸਾਥੀਆਂ ਦੇ ਨਾਲ ਮਿਲ ਕੇ ਸਰਦਾਰ ਚੇਤ ਸਿੰਘ ਬਾਜਵਾ ਦਾ ਕਤਲ ਕਰ ਦਿੱਤਾ।ਮਹਾਰਾਜਾ ਖੜਕ ਸਿੰਘ ਨੂੰ ਗੱਦੀ ਤੋਂ ਉਤਾਰ ਦਿੱਤਾ ਗਿਆ ਅਤੇ ਕੈਦ ਵਿੱਚ ਸੁੱਟ ਦਿੱਤਾ ਗਿਆ।*

*ਕੁੰਵਰ ਖੜਕ ਸਿੰਘ, ਮਹਾਰਾਜਾ ਰਣਜੀਤ ਸਿੰਘ ਅਤੇ ਬੀਬੀ ਦਾਤਾਰ ਕੌਰ ਦਾ ਸਭ ਤੋਂ ਵੱਡਾ ਪੁੱਤਰ ਸੀ।*
ਆਪ ਦ ਜਨਮ 23 ਫਰਵਰੀ 1821 (ਮਹਾਨ ਕੋਸ ਅਨੁਸਾਰ 11 ਫਰਵਰੀ 1820 ਈ.) ਨੂੰ ਕਨ੍ਹੀਆ ਮਿਸਲ ਦੇ ਸ. ਜੈਮਲ ਸਿੰਘ ਦੀ ਪੁੱਤਰੀ ਰਾਣੀ ਚੰਦ ਕੌਰ ਦੀ ਕੁੱਖੋਂ ਲਾਹੌਰ ਵਿਖੇ ਹੋਇਆ।

ਮਹਾਰਾਜਾ ਰਣਜੀਤ ਸਿੰਘ ਦੇ ਦੇਹਾਂਤ ਤੋਂ ਬਾਅਦ 1 ਸਤੰਬਰ,1839 ਨੂੰ ਕੁੰਵਰ ਖੜਕ ਸਿੰਘ ਨੂੰ ਮਹਾਰਾਜਾ ਬਣਾ ਦਿੱਤਾ ਗਿਆ।

*ਮਹਾਰਾਜਾ ਰਣਜੀਤ ਸਿੰਘ ਦੇ ਦੇਹਾਂਤ ਤੋਂ ਬਾਅਦ ਸ਼ੁਰੂ ਹੋਈ ਖਾਨਾਜੰਗੀ ਵਿਚ ਆਪਸੀ ਭਰਾਮਾਰੂ ਜੰਗ ਦੀ ਕਤਲੋ ਗਾਰਦ ਵਿੱਚ, ਵੇਖਦਿਆਂ ਹੀ ਵੇਖਦਿਆਂ ਪੰਜਾਬ ਦੀ ਛਾਤੀ ਇਨ੍ਹਾਂ ਗਦਾਰਾਂ ਨੇ ਲੀਰੋ ਲੀਰ ਕਰ ਦਿੱਤੀ।*
ਮਹਾਰਾਜਾ ਸਾਹਿਬ ਦੇ ਦੇਹਾਂਤ ਤੋਂ ਬਾਅਦ ਜਦੋਂ ਸ਼ਹਿਜਾਦਾ ਖੜਕ ਸਿੰਘ, ਮਹਾਰਾਜਾ ਬਣਿਆ ਤਾਂ ਉਹ ਇਕ ਅਸਫਲ ਰਾਜ ਪ੍ਰਬੰਧਕ ਸਾਬਤ ਹੋਇਆ, ਜਿਹੜਾ ਆਪਣੇ ਰਾਜ ਪ੍ਰਬੰਧ ਵਿੱਚ ਅਮਲੀ ਤੌਰ 'ਤੇ ਨਾ ਤਾਂ ਸਾਰਿਆਂ ਨੂੰ ਆਪਣੇ ਅਧੀਨ ਰੱਖ ਸਕਿਆ ਅਤੇ ਨਾ ਹੀ ਯੋਗ ਅਗਵਾਈ ਦੇ ਸਕਿਆ।
ਬਸ ਇਸ ਦੀ ਹਰ ਪੱਖੋਂ ਕਮਜ਼ੋਰੀ ਦੇ ਕਾਰਣ ਡੋਗਰਿਆਂ ਤੇ ਹੋਰ ਗਦਾਰਾਂ ਨੂੰ ਗਦਾਰੀ ਦਾ ਮੌਕਾ ਮਿਲ ਗਿਆ ਅਤੇ ਖਾਨਾਜੰਗੀ ਦੇ ਦੋਰ ਦੀ ਇਕ ਵਖਰੀ ਸ਼ੁਰੂਆਤ ਹੋਈ।
ਇੰਝ ਡੋਗਰਿਆਂ ਨੇ ਚਾਲਾਂ ਚਲਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਆਪਣੀ ਕੁਟਿਲ ਚਾਲ ਚਲਦਿਆਂ ਹੋਈਆਂ *ਕੰਵਰ ਨੌਨਿਹਾਲ ਸਿੰਘ ਨੂੰ ਮਹਾਰਾਜਾ ਖੜਕ ਸਿੰਘ ਦੇ ਖਿਲਾਫ਼ ਅਜੇਹਾ ਭੜਕਾਇਆ ਕੇ, ਨਤੀਜੇ ਵਜੋਂ ਜਦੋਂ ਮਹਾਰਾਜਾ ਖੜਕ ਸਿੰਘ ਦੇ ਸਲਾਹਕਾਰ ਸਰਦਾਰ ਚੇਤ ਸਿੰਘ ਬਾਜਵੇ ਨੂੰ ਮਹਾਰਾਜਾ ਖੜਕ ਸਿੰਘ ਦੇ ਸਾਹਮਣੇ ਕਤਲ ਕਰ ਕੇ ਉਸ ਨੂੰ ਕੈਦ ਵਿੱਚ ਸੁੱਟ ਦਿੱਤਾ ਤਾਂ ਕੋਈ ਕੁਝ ਨਹੀਂ ਬੋਲ ਸਕਿਆ।*
ਇੰਜ ਇਹ *ਲਾਹੌਰ ਦਰਬਾਰ ਦਾ ਪਹਿਲਾ ਕਤਲ ਸੀ ਜਿੱਥੋਂ ਕਤਲੋ ਗਾਰਦ ਦੇ ਰੁਝਾਨ ਦੀ ਅਜੇਹੀ ਹਨੇਰੀ ਝੁੱਲੀ ਕਿ ਉਹ ਪੰਜਾਬ ਦਰਬਾਰ ਨੂੰ ਹੀ ਰੋੜ ਕੇ ਲੈ ਗਈ।*
ਕੁੰਵਰ ਖੜਕ ਸਿੰਘ ਜਦੋਂ ਮਹਾਰਾਜਾ ਬਣਿਆ ਸੀ ਤਾਂ ਸਰਦਾਰ ਚੇਤ ਸਿੰਘ ਦੇ ਸਮਝਾਉਣ ਤੇ, ਰਾਜਾ ਧਿਆਨ ਸਿੰਘ ਗੱਦਾਰ ਦੀਆਂ ਚਾਲਾਂ ਨੂੰ ਉਹ ਸਮਝ ਗਿਆ ਸੀ ਅਤੇ ਉਸਨੇ ਗੱਦਾਰ ਧਿਆਨ ਸਿੰਘ ਦੇ ਖੰਭ ਕੁਤਰਨੇ ਚਾਹੇ।ਇਸ ਕਰਕੇ ਉਸਨੇ ਸਰਦਾਰ ਚੇਤ ਸਿੰਘ ਬਾਜਵਾ ਨੂੰ ਆਪਣਾ ਸਲਾਹਕਾਰ ਬਣਾ ਕੇ ਅੱਗੇ ਲਿਆਉਣਾ ਸ਼ੁਰੂ ਕਰ ਦਿਤਾ।
ਤਾਕਤ ਖੁਸਦੀ ਵੇਖ ਕੇ ਗੱਦਾਰ ਧਿਆਨ ਸਿੰਘ ਨੇ ਸਰਦਾਰ ਚੇਤ ਸਿੰਘ ਬਾਜਵਾ ਦੇ ਕਤਲ ਦੀ ਸਕੀਮ ਘੜ ਲਈ। *ਉਸ ਨੇ ਇਹ ਅਫ਼ਵਾਹ ਫੈਲਾ ਦਿੱਤੀ ਕਿ ਮਹਾਰਾਜਾ ਖੜਕ ਸਿੰਘ, ਅੰਗਰੇਜ਼ਾਂ ਦੇ ਨਾਲ ਮਿਲ ਗਿਆ ਹੈ ਅਤੇ ਕੁੰਵਰ ਨੌਨਿਹਾਲ ਸਿੰਘ ਅਤੇ ਰਾਣੀ ਚੰਦ ਕੌਰ ਨੂੰ ਵੀ ਉਸਨੇ ਅਪਣੇ ਨਾਲ ਮਿਲਾ ਲਿਆ।*

ਇੰਜ 8 ਅਕਤੂਬਰ ,1839 ਵਾਲੇ ਦਿਨ ਮਹਾਰਾਜਾ ਖੜਕ ਸਿੰਘ ਨੂੰ ਗੱਦੀ ਤੋਂ ਉਤਾਰ ਕੇ, ਕੈਦ ਵਿੱਚ ਸੁੱਟ ਦਿੱਤਾ ਗਿਆ ਅਤੇ
ਅਗਲੇ ਦਿਨ 9 ਅਕਤੂਬਰ ,1839 ਵਾਲੇ ਦਿਨ ਉਸ ਦੀ ਥਾਂ ਉਸ ਦੇ ਪੁੱਤਰ ਕੰਵਰ ਨੌਨਿਹਾਲ ਸਿੰਘ ਨੂੰ ਅਗਲਾ ਮਹਾਰਾਜਾ ਬਣਾ ਦਿੱਤਾ ਗਿਆ।

ਕੰਵਰ ਨੌਨਿਹਾਲ ਸਿੰਘ, ਗੱਦਾਰ ਸੁਚੇਤ ਸਿੰਘ ਡੋਗਰੇ, ਜਨਰਲ ਗਾਰਡਨਰ ਅਤੇ ਹੋਰ ਸਾਥੀਆਂ ਨੇ ਮਿਲ ਕੇ ਸਰਦਾਰ ਚੇਤ ਸਿੰਘ ਬਾਜਵਾ ਦਾ ਕਤਲ ਕਰ ਦਿੱਤਾ। ਲਾਹੌਰ ਦਰਬਾਰ ਵਿਚ ਇਹ ਪਹਿਲਾ ਕਤਲ ਸੀ,ਜਿਸ ਦੇ ਨਾਲ ਖੂਨੀ ਖੇਡ ਦੀ ਸ਼ੁਰੂਆਤ ਹੋਈ।
ਇੰਝ ਇਨ੍ਹਾਂ ਨੇ ਸਰਦਾਰ ਚੇਤ ਸਿੰਘ ਬਾਜਵਾ ਨੂੰ ਮਹਾਰਾਜਾ ਖੜਕ ਸਿੰਘ ਦੇ ਸਾਹਮਣੇ ਕਤਲ ਕਰ ਦਿਤਾ। ਖੜਕ ਸਿੰਘ ਚੀਖ-ਚੀਖ਼ ਕੇ ਇਨ੍ਹਾਂ ਨੂੰ ਰੋਕਣ ਦਾ ਵਾਸਤਾ ਪਾਂਓਦਾ ਰਿਹਾ ਪਰ ਰਾਜਾ ਧਿਆਨ ਸਿੰਘ ਨੇ ਆਪਣੇ ਹੱਥੀਂ ਚੇਤ ਸਿੰਘ ਨੂੰ ਕਿਰਪਾਨ ਮਾਰ ਕੇ ਕਤਲ ਕਰ ਦਿਤਾ। ਉਹਨਾਂ ਨੇ ਮਹਾਰਾਜਾ ਖੜਕ ਸਿੰਘ ਨੂੰ ਉਸ ਦੀ ਰਿਹਾਇਸ਼ ਵਿੱਚ ਹੀ ਨਜ਼ਰਬੰਦ ਕਰ ਦਿਤਾ ਅਤੇ ਕੰਵਰ ਨੌਨਿਹਾਲ ਸਿੰਘ ਨੂੰ ਗੱਦੀ ਉੱਤੇ ਬਿਠਾ ਦਿਤਾ।

9 ਮਾਰਚ,1827 ਵਾਲੇ ਦਿਨ ਕੁੰਵਰ ਨੌਨਿਹਾਲ ਸਿੰਘ ਹੁਣਾਂ ਦਾ ਜਨਮ ਮਹਾਰਾਜਾ ਰਣਜੀਤ ਸਿੰਘ ਹੁਣਾਂ ਦੇ ਵਡੇ ਸਪੁੱਤਰ ਮਹਾਰਾਜਾ ਖੜਕ ਸਿੰਘ ਅਤੇ ਮਹਾਰਾਣੀ ਚੰਦ ਕੌਰ ਦੇ ਗ੍ਰਹਿ ਵਿਖੇ ਹੋਇਆ।
ਇੰਝ ਕੰਵਰ ਨੌਨਿਹਾਲ ਸਿੰਘ,ਮਹਾਰਾਜਾ ਰਣਜੀਤ ਸਿੰਘ ਦਾ ਪੋਤਾ ਸੀ।
ਕੰਵਰ ਨੌਨਿਹਾਲ ਸਿੰਘ ਦੀ ਸ਼ਖ਼ਸੀਅਤ ਬਹੁਤ ਪ੍ਰਭਾਵਸ਼ਾਲੀ ਸੀ ,ਉਸ ਦੀ ਸਿਆਣਪ ਅਤੇ ਸੂਝਵਾਨਤਾ ਨੂੰ ਵੇਖਦਿਆਂ ਮਹਾਰਾਜਾ ਰਣਜੀਤ ਸਿੰਘ ਉਸ ਨੂੰ ਆਪਣੇ ਹੁੰਦਿਆਂ ਆਪਣਾ ਉਤਰਧਿਕਾਰੀ ਬਣਾ ਕੇ ਰਾਜ ਸਿੰਘਾਸਣ ਤੇ ਬੈਠਿਆ ਦੇਖਣਾ ਚਾਹੁੰਦੇ ਸਨ ਕਿਉਂਕਿ ਉਸ ਵਿਚ ਸਿੱਖ ਰਾਜ ਪ੍ਰਬੰਧ ਨੂੰ ਚਲਾਉਣ ਵਾਲੇ ਸਾਰੇ ਗੁਣ ਮੌਜੂਦ ਸਨ। ਮਹਾਰਾਜਾ ਰਣਜੀਤ ਸਿੰਘ ਦਾ ਇਹ ਅਕੀਦਾ ਸੀ ਕਿ ਉਨ੍ਹਾ ਦੇ ਦਿਹਾਂਤ ਤੋਂ ਬਾਅਦ ਸਿੱਖ ਰਾਜ ਨੂੰ ਇਹ ਨਾ ਸਿਰਫ਼ ਸਹੀ ਸੇਧ ਦੇ ਸਕਦਾ ਹੈ ਸਗੋਂ ਲਾਹੌਰ ਤਖ਼ਤ ਨੂੰ ਏਹੀ ਕਾਇਮ ਰੱਖ ਸਕਦਾ ਹੈ।
ਇਸੇ ਕਾਰਣ ਕੁੰਵਰ ਨੌਨਿਹਾਲ ਸਿੰਘ ਨੂੰ ਬਹੁਤ ਛੋਟੀ ਉਮਰ ਵਿਚ ਹੀ ਪਿਸ਼ਾਵਰ ਦਾ ਗਵਰਨਰ ਲਗਾ ਦਿੱਤਾ ਗਿਆ ਸੀ।
9 ਅਕਤੂਬਰ 1839 ਨੂੰ 18 ਸਾਲ ਦੀ ਛੋਟੀ ਉਮਰ ਵਿਚ ਹੀ ਕੁੰਵਰ ਨੌਨਿਹਾਲ ਸਿੰਘ ਨੇ ਸਿੱਖ ਰਾਜ ਦੀ ਵਾਗਡੋਰ ਸੰਭਾਲ ਲਈ ਸੀ।

7 ਮਾਰਚ 1837 ਵਾਲੇ ਦਿਨ ਮਹਾਰਾਜਾ ਰਣਜੀਤ ਸਿੰਘ ਹੁਣਾਂ ਨੇ ਆਪਣੇ ਪੋਤਰੇ, ਮਹਾਰਾਜਾ ਖੜਕ ਸਿੰਘ ਦੇ ਸਪੁੱਤਰ ਕੁੰਵਰ ਨੌਨਿਹਾਲ ਸਿੰਘ ਦਾ ਅਨੰਦ ਕਾਰਜ ਸ਼ਹੀਦ ਸਰਦਾਰ ਸ਼ਾਮ ਸਿੰਘ ਜੀ ਅਟਾਰੀਵਾਲੇ ਦੀ ਸੁਪੁੱਤਰੀ, ਬੀਬੀ ਨਾਨਕੀ ਜੀ ਦੇ ਨਾਲ ਕੀਤਾ।ਇਸ ਦਿਨ ਮਹਾਰਾਜਾ ਰਣਜੀਤ ਸਿੰਘ ਦੇ ਮਹਿਮਾਨਾਂ ਵਜੋਂ ਫਰੀਦਕੋਟ,ਪਟਿਆਲਾ,ਨਾਭਾ,ਜੀਂਦ, ਕਲਸੋਆ,ਕਪੂਰਥਲਾ,ਨਾਰਾਇਣਗੜ,ਮਲੇਰਕੋਟਲਾ ਅਤੇ ਮੰਡੀ ਸੁਕੇਤ ਆਦਿ ਦੇ ਰਾਜੇ ਇਸ ਅਨੰਦ ਕਾਰਜ ਵਿੱਚ ਸ਼ਾਮਲ ਹੋਏ। ਇਸ ਆਨੰਦ ਕਾਰਜ ਵਿੱਚ ਖਾਸ ਤੌਰ ਤੇ ਅਂਗ੍ਰੇਜੀ ਸਰਕਾਰ ਵਲੋਂ ਫੌਜ ਦਾ ਕਮਾਂਡਰ ਸਰ ਹੈਨਰੀ ਫੇਨ,ਆਪਣੀ ਪਤਨੀ ਤੇ ਹੋਰ ਬਹੁਤ ਸਾਰੇ ਅੰਗ੍ਰੇਜ਼ ਸਰਕਾਰ ਦੇ ਆਲਾ ਅਧਿਕਾਰੀ ਵੀ ਸ਼ਾਮਲ ਹੋਏ ਸਨ।
9 ਅਕਤੂਬਰ,1839 ਨੂੰ ਜਦੋ ਕੁੰਵਰ ਨੌਨਿਹਾਲ ਸਿੰਘ ਨੂੰ ਮਹਾਰਾਜਾ ਬਣਾ ਦਿੱਤਾ ਗਿਆ ਅਤੇ ਕੈਦ ਵਿੱਚ ਸੁੱਟੇ ਮਹਾਰਾਜਾ ਖੜਕ ਸਿੰਘ ਨੂੰ ਖਾਣੇ ਵਿੱਚ ਹੋਲੀ ਹੋਲੀ ਜ਼ਹਿਰ ਦੇ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਇੰਝ ਕੁੰਵਰ ਨੌਨਿਹਾਲ ਸਿੰਘ ਦੇ ਪਿਤਾ ਮਹਾਰਾਜਾ ਖੜਕ ਸਿੰਘ ਨੇ 5 ਨਵੰਬਰ 1840 ਨੂੰ ਲਾਹੌਰੀ ਦਰਵਾਜ਼ੇ ਅੰਦਰ ਸ਼ਾਹੀ ਹਵੇਲੀ ਵਿਚ ਤੜਪ ਤੜਪ ਕੇ ਦਮ ਤੋੜ ਦਿੱਤਾ।
5 ਨਵੰਬਰ, 1840 ਵਾਲੇ ਮਨਹੂਸ ਦਿਨ ਹੀ ਕੰਵਰ ਨੌਨਿਹਾਲ ਸਿੰਘ ਆਪਣੇ ਪਿਤਾ ਮਹਾਰਾਜਾ ਖੜਕ ਸਿੰਘ ਦਾ ਸੰਸਕਾਰ ਕਰ ਕੇ ਹਜ਼ਾਰੀ ਬਾਗ ਦੇ ਰੋਸ਼ਨਈ ਦਰਵਾਜੇ ਹੇਠੋਂ ਲੰਘ ਰਹੇ ਸਨ ਤਾਂ ਉਹਨਾਂ ਉੱਤੇ ਡੋਗਰਿਆਂ ਨੇ ਸਾਜਿਸ਼ ਅਧੀਨ ਦਰਵਾਜ਼ੇ ਦਾ ਛੱਜਾ ਉਨ੍ਹਾਂ ਦੇ ਸਿਰ ਉੱਪਰ ਸੁੱਟਿਆ ਅਤੇ ਕੁੰਵਰ ਬੇਹੋਸ਼ ਹੋ ਗਏ।ਉਥੇ ਇਕ ਦਮ ਭੱਜਦੌੜ ਮਚ ਗਈ ਅਤੇ ਗੱਦਾਰ ਡੋਗਰਾ ਵਜ਼ੀਰ ਧਿਆਨ ਸਿੰਘ ਦੇ ਇਸ਼ਾਰੇ ਨਾਲ ਕੁੰਵਰ ਸਾਹਿਬ ਨੂੰ ਹੁਣ ਕਿਲ੍ਹੇ ਦੇ ਅੰਦਰ ਲੈ ਗਏ।
ਗੱਦਾਰ ਡੋਗਰਾ ਵਜ਼ੀਰ ਧਿਆਨ ਸਿੰਘ ਦੇ ਹੁਕਮਾਂ ਤੋਂ ਬਿਨ੍ਹਾ ਕਿਸੇ ਨੂੰ ਅੰਦਰ ਆਉਣ ਦੀ ਇਜ਼ਾਜਤ ਨਹੀਂ ਸੀ। ਇਥੋਂ ਤਕ ਕਿ ਰੋਂਦੀ ਕੁਰਲਾਉਂਦੀ ਕੁੰਵਰ ਸਾਹਿਬ ਦੀ ਮਾਤਾ ਚੰਦ ਕੌਰ ਨੂੰ ਵੀ ਮਿਲਣ ਦੀ ਇਜਾਜ਼ਤ ਨਾ ਦਿੱਤੀ ਗਈ ਉਹ ਆਪਣਾ ਮੱਥਾ ਉਸ ਕਮਰੇ ਦੇ ਦਰਵਾਜ਼ੇ ਨਾਲ ਟਕਰਾਉਂਦੀ ਰਹੀ ਪਰ ਪੱਥਰ ਦਿਲ ਇਨ੍ਹਾਂ ਡੋਗਰਿਆਂ ਨੂੰ ਉਸ ਵੇਚਾਰੀ ਮਾਂ ਤੇ ਵੀ ਕੋਈ ਤਰਸ ਨਾ ਆਇਆ।

19 ਵਰ੍ਹੇ ਦੀ ਭਰ ਜਵਾਨੀ ਵੇਲੇ ਇਨ੍ਹਾਂ ਗੱਦਾਰ ਡੋਗਰਿਆਂ ਨੇ ਗੰਦੀਆਂ ਚਾਲਾਂ ਦੇ ਅਧੀਨ ਕੁੰਵਰ ਨੌਨਿਹਾਲ ਸਿੰਘ ਦੇ ਸਿਰ ਚ ਪੱਥਰ ਮਾਰ ਮਾਰ ਕਤਲ ਕਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।ਸੋ ਇਹ ਸਾਰੀ ਘਟਨਾ ਇਕ ਸੋਚੀ ਸਮਝੀ ਸਾਜਿਸ਼ ਦਾ ਹਿੱਸਾ ਸੀ।

ਇਤਿਹਾਸ ਦੇ ਝਰੋਖੇ' ਚੋਂ ਜਦੋਂ ਇਸ ਘਟਨਾ ਨੂੰ ਵਿਸਤਾਰ ਨਾਲ ਜਾਣਦੇ ਹਾਂ ਤਾਂ ਜਿਹੜੀ ਗੱਲ ਸਮਝ ਪੈਂਦੀ ਹੈ ਉਹ ਇਹ ਹੈ ਕਿ ਪਹਿਲਾਂ ਤੋਂ ਘੜੀ ਸਾਜ਼ਸ਼ ਮੁਤਾਬਕ,ਘਟਨਾ ਕ੍ਰਮ ਇੰਜ ਵਾਪਰਿਆ ਕੇ ਗੱਦਾਰ ਰਾਜਾ ਧਿਆਨ ਸਿੰਘ ਡੋਗਰੇ ਨੇ ਰੋਸ਼ਨਾਈ ਗੇਟ ਦਾ ਛੱਜਾ ਸੁਟਵਾਇਆ ਅਤੇ ਕੁੰਵਰ ਨੌਨਿਹਾਲ ਸਿੰਘ ਨੂੰ ਮਾਰਨ ਦੀ ਕੋਸ਼ਿਸ਼ ਵਿੱਚ ਆਪਣੇ ਭਰਾ ਦੇ ਬੇਟੇ ਊਧਮ ਸਿੰਘ ਦੀ ਕੁਰਬਾਨੀ ਤਕ ਦੇ ਦਿੱਤੀ ਕਿਉਂਕਿ ਛਜਾ ਡਿੱਗਣ ਜਾਂ ਡੇਗਣ ਵੇਲੇ ਕੁੰਵਰ ਨੌਨਿਹਾਲ ਸਿੰਘ ਨੇ ਗੱਦਾਰ ਰਾਜਾ ਗੁਲਾਬ ਸਿੰਘ ਡੋਗਰੇ ਦੇ ਪੁੱਤਰ ਮੀਆਂ ਊਧਮ ਸਿੰਘ ਦਾ ਹੱਥ ਫੜਿਆ ਹੋਇਆ ਸੀ ਅਤੇ ਗੇਟ ਦਾ ਛੱਜਾ ਦੋਨਾਂ ਉਪਰ ਡਿੱਗਾ ਪਰ ਗੱਦਾਰ ਗੁਲਾਬ ਸਿੰਘ ਡੋਗਰੇ ਦਾ ਪੁੱਤਰ ਮੀਆਂ ਊਧਮ ਸਿੰਘ ਉੱਤੇ ਛਜਾ ਸਿੱਧਾ ਉਸ ਦੇ ਸਿਰ ਉਪਰ ਡਿੱਗਣ ਕਾਰਨ ਉਸਦੀ ਉਸੇ ਵੇਲੇ ਮੌਤ ਹੀ ਗਈ,ਪਰ ਕੁੰਵਰ ਨੌਨਿਹਾਲ ਸਿੰਘ ਨੂੰ ਮਾਮੂਲੀ ਝਰੀਟਾਂ ਹੀ ਆਈਆਂ।

ਕੰਵਰ ਨੌਨਿਹਾਲ ਸਿੰਘ ਨੂੰ ਇੱਕ ਦਮ ਜਬਰੀ ਇੱਕ ਪਾਲਕੀ ਵਿੱਚ ਲਮਿਆਂ ਪਾ ਲਿਆ ਗਿਆ,ਕਿਉਕਿ ਘੜੀ ਮਿੱਥੀ ਸਾਜ਼ਸ਼ ਮੁਤਾਬਕ ਪਾਲਕੀ ਵੀ ਪਹਿਲਾਂ ਹੀ ਉਥੇ ਮੌਜੂਦ ਸੀ ਅਤੇ ਰਾਜਾ ਧਿਆਨ ਸਿੰਘ ਡੋਗਰੇ ਦੇ ਇਸ਼ਾਰੇ ਨਾਲ ਪਾਲਕੀ ਲੈ ਕੇ ਕੁਹਾਰ ਬੜੀ ਤੇਜ਼ੀ ਨਾਲ ਕਿਲ੍ਹੇ ਵਲ ਚਲੇ ਗਏ | ਸਰਦਾਰ ਲਹਿਣਾ ਸਿੰਘ ਮਜੀਠੀਆ ਇਸ ਸਾਜਸ਼ ਨੂੰ ਸਮਝ ਗਿਆ ਅਤੇ ਉਸ ਨੇ ਜਦੋਂ ਪਾਲਕੀ ਦੇ ਨਾਲ ਜਾਣਾ ਚਾਹਿਆ ਤਾਂ ਉਸ ਨੂੰ ਜਬਰੀ ਉਥੇ ਹੀ ਰੋਕ ਦਿੱਤਾ ਗਿਆ। ਇਥੋਂ ਤਕ ਕਿ ਕੁੰਵਰ ਨੌਨਿਹਾਲ ਸਿੰਘ ਦੀ ਮਾਂ ਮਹਾਰਾਣੀ ਚੰਦ ਕੌਰ ਵੀ ਪਾਲਕੀ ਦੇ ਨੇੜੇ ਜਾਣ ਦੀ ਇਜਾਜ਼ਤ ਨਾ ਦਿਤੀ ਗਈ।

ਆਖਰ ਕਿਲ੍ਹੇ ਤਕ ਪੁੱਜੀ ਮਹਾਰਾਣੀ ਦਰਵਾਜ਼ਾ ਖੁਲਵਾਉਣ ਵਾਸਤੇ ਕਿੰਨਾ ਚਿਰ ਹੀ ਦਰਵਾਜ਼ੇ ਉੱਤੇ ਹੱਥ ਮਾਰ-ਮਾਰ ਕੇ ਪਿਟਦੀ ਰਹੀ | ਸ਼ਾਹ ਮੁਹੰਮਦ ਦੇ ਕਹੇ ਮੁਤਾਬਿਕ ਗੱਦਾਰ ਰਾਜਾ ਧਿਆਨ ਸਿੰਘ ਨੇ ਕੁੰਵਰ ਨੌਨਿਹਾਲ ਸਿੰਘ ਨੂੰ ਮੌਤ ਦੇ ਘਾਟ ਉਤਾਰਨ ਦੇ ਲਈ ਵਡੇ ਪੱਥਰ ਉਸ ਦੇ ਸਿਰ ਉਪਰ ਮਰਵਾਏ।

ਹੁਣ ਇਥੇ ਇਕ ਪ੍ਰਸ਼ਨ ਇਹ ਹੈ ਕੇ ਕੁੰਵਰ ਨੌਨਿਹਾਲ ਸਿੰਘ ਨੇ ਗੱਦਾਰ ਗੁਲਾਬ ਸਿੰਘ ਡੋਗਰਾ ਦੇ ਪੁੱਤ ਮੀਆਂ ਊਧਮ ਸਿੰਘ ਦਾ ਹੱਥ ਕਿਉਂ ਫ਼ੜਿਆ ਹੋਇਆ ਸੀ ਅਤੇ ਉਹ ਉਸ ਦਾ ਹੱਥ ਛਡ ਕਿਉਂ ਨਹੀਂ ਸੀ ਰਿਹਾ?
ਅਸਲ ਦੇ ਵਿੱਚ ਕੁੰਵਰ ਨੌਨਿਹਾਲ ਸਿੰਘ ਬਹੁਤ ਜੀ ਸੂਝਵਾਨ ਸੀ ਉਸ ਨੂੰ ਸਾਰੀ ਤਿਆਰੀ ਵੇਖ ਕੇ ਸ਼ਕ ਹੋ ਗਿਆ ਸੀ ਕਿ ਗੱਦਾਰ ਰਾਜਾ ਧਿਆਨ ਸਿੰਘ ਡੋਗਰਾ ਉਸ ਨੂੰ ਮਾਰਨ ਦੀ ਕੋਈ ਸਾਜਸ਼ ਘੜੀ ਬੈਠਾ ਹੈ ਪਰ ਕੁੰਵਰ ਨੂੰ ਇਹ ਇਲਮ ਕਦੇ ਵੀ ਨਹੀਂ ਹੋ ਸਕਦਾ ਸੀ ਕਿ ਉਸ ਨੂੰ ਮਾਰਣ ਦੇ ਲਈ ਉਹ ਆਪਣੇ ਭਤੀਜੇ ਤਕ ਦੀ ਕੁਰਬਾਨੀ ਵੀ ਦੇ ਸਕਦਾ ਹੈ।
ਉਸ ਵਕਤ ਮਿਸਟਰ ਗਾਰਡਨਰ ਜਿਹੜਾ ਸਿੱਖ ਰਾਜ ਦੇ ਤੋਪਖਾਨੇ ਦਾ ਅਫ਼ਸਰ ਸੀ, ਉਹ ਗੱਦਾਰ ਰਾਜਾ ਧਿਆਨ ਸਿੰਘ ਡੋਗਰੇ ਦਾ ਗੂੜ੍ਹਾ ਮਿੱਤਰ ਵੀ ਸੀ। ਸਸਕਾਰ ਵਾਲੀ ਜਗ੍ਹਾ ਹਜ਼ਾਰੀ ਬਾਗ਼ ਦੇ ਕੋਲ ਗੱਦਾਰ ਰਾਜਾ ਧਿਆਨ ਸਿੰਘ ਡੋਗਰੇ ਨੇ ਮਿਸਟਰ ਗਾਰਡਨਰ ਨੂੰ ਤੋਪਖਾਨੇ ਦੇ 40 ਸਿਪਾਹੀਆਂ ਨੂੰ ਬਿਨਾਂ ਵਰਦੀ ਭਾਵ ਸਾਦੇ ਕਪੜਿਆਂ ਵਿੱਚ ਉਥੇ ਲਿਆਉਣ ਦੇ ਲਈ ਪਹਿਲਾਂ ਹੀ ਕਹਿ ਦਿੱਤਾ ਸੀ।

ਕੰਵਰ ਨੌਨਿਹਾਲ ਸਿੰਘ ਨੇ ਆਪਣੀਆਂ ਤੀਖਣ ਨਜ਼ਰਾਂ ਨਾਲ ਅਤੇ ਚੌਕਨੀ ਨਾਲ ਰਾਜਾ ਧਿਆਨ ਸਿੰਘ ਗੱਦਾਰ ਡੋਗਰਾ ਨੂੰ ਮਿਸਟਰ ਗਾਰਡਨਰ ਦੇ ਨਾਲ ਕਾਨਾਫੂਸੀ ਕਰਦਿਆਂ ਅਤੇ ਕੁਝ ਸਾਜਸ਼ੀ ਰਾਇ ਮਸ਼ਵਰਾ ਕਰਦਿਆਂ ਦੇਖ ਲਿਆ।ਇੰਝ ਕੰਵਰ ਨੌਨਿਹਾਲ ਸਿੰਘ ਨੂੰ ਸ਼ੱਕ ਹੋ ਗਿਆ ਸੀ ਅਤੇ ਉਸ ਨੇ ਝੱਟ ਹੀ ਨਾਲ ਚੱਲ ਰਹੇ ਗੱਦਾਰ ਰਾਜਾ ਗੁਲਾਬ ਸਿੰਘ ਡੋਗਰੇ ਦਾ ਪੁੱਤਰ ਮੀਆਂ ਊਧਮ ਸਿੰਘ ਦਾ ਹੱਥ ਘੁੱਟ ਕੇ ਫੜ ਲਿਆ ਸੀ।
ਪਰ ਜਦੋਂ ਦੋਵੇਂ ਕਿਲ੍ਹੇ ਵੱਲ ਨੂੰ ਵੱਧ ਰਹੇ ਸਨ ਤਾਂ ਬਾਕੀ ਦੇ ਦਰਬਾਰੀ ਅਤੇ ਮਿਸਟਰ ਗਾਰਡਨਰ ਦੇ ਸਾਦੀ ਵਰਦੀ ਸਿਪਾਹੀ ਉਨ੍ਹਾਂ ਦੇ ਪਿੱਛੇ-ਪਿੱਛੇ ਤੁਰ ਰਹੇ ਸਨ। ਕੰਵਰ ਨੌਨਿਹਾਲ ਸਿੰਘ ਦੇ ਮਨ ਵਿਚ ਇਹ ਸ਼ਕ ਬੈਠ ਚੁੱਕਾ ਸੀ ਇਸ ਕਰਕੇ ਹੀ ਉਹ ਮੀਆ ਊਧਮ ਸਿੰਘ ਦੇ ਛਡਾਉਣ ਤੇ ਵੀ ਉਸ ਦਾ ਹੱਥ ਨਹੀ ਛੱਡ ਰਿਹਾ ਸੀ। ਰੇਸ਼ਮੀ ਦਰਵਾਜ਼ੇ ਕੋਲ ਪੁੱਜਣ ਤੇ ਸੁਰੱਖਿਆ ਦਾ ਭੁਲੇਖਾ ਪਾਉਣ ਲਈ ਰੇਸ਼ਮੀ ਦਰਵਾਜ਼ੇ ਦੇ ਉਪਰ ਬਿਠਾਏ ਗਏ ਕਰਨਲ ਬਿਜੈ ਸਿੰਘ ਨੂੰ ਗੱਦਾਰ ਰਾਜਾ ਧਿਆਨ ਸਿੰਘ ਡੋਗਰੇ ਨੇ ਇਸ਼ਾਰਾ ਕੀਤਾ। ਉਸ ਨੂੰ ਇਹ ਪਹਿਲਾਂ ਹੀ ਕਿਹਾ ਜਾ ਚੁੱਕਿਆ ਸੀ ਕਿ ਜਦੋਂ ਕੰਵਰ ਨੌਨਿਹਾਲ ਸਿੰਘ ਦਰਵਾਜ਼ੇ ਹੇਠੋਂ ਦੀ ਲੰਘੇ ਤਾਂ ਉਸ ਉੱਪਰ ਇੱਟਾਂ ਦਾ ਛੱਜਾ ਸੁੱਟ ਦਿੱਤਾ ਜਾਵੇ। ਕਰਨਲ ਬਿਜੈ ਸਿੰਘ ਨੂੰ ਇਹ ਇਸ਼ਾਰਾ ਗੱਦਾਰ ਰਾਜਾ ਧਿਆਨ ਸਿੰਘ ਦੇ ਪੁੱਤ ਗੱਦਾਰ ਹੀਰਾ ਸਿੰਘ ਨੇ ਕਰਨਾ ਸੀ ਜੋ ਲਾਗੇ ਹੀ ਖੜ੍ਹਾ ਸੀ ਹੁਣ ਕਿਉਂਕਿ ਕੰਵਰ ਨੌਨਿਹਾਲ ਸਿੰਘ ਨੇ ਮੀਆਂ ਊਧਮ ਸਿੰਘ ਦਾ ਘੁੱਟ ਕੇ ਹਾਥ ਪਕੜਿਆ ਹੋਇਆ ਸੀ ਅਤੇ ਇਨ੍ਹਾਂ ਦੋਨਾਂ ਵਲੋਂ ਦਰਵਾਜ਼ੇ ਦੇ ਲਾਗੇ ਪਹੁੰਚਣ ਤੇ ਹੀਰਾ ਸਿੰਘ ਨੇ ਪਿੱਛੇ ਆ ਰਹੇ ਰਾਜਾ ਧਿਆਨ ਸਿੰਘ ਵੱਲ ਵੇਖ ਕੇ ਇਸ਼ਾਰੇ ਨਾਲ ਪੁੱਛਿਆ ਕੀ ਹੁਣ ਕੀਤਾ ਜਾਵੇ ? ਪਰ ਰਾਜਾ ਧਿਆਨ ਸਿੰਘ ਡੋਗਰਾ ਇਸ ਗਲ ਦੇ ਲਈ ਬਾਜ਼ਿਦ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੀ ਵੰਸ਼ ਨੂੰ ਖ਼ਤਮ ਕਰਨਾ ਹੈ ਤਾਂ ਜੋ ਉਸ ਦੇ ਪੁੱਤਰ ਗੱਦਾਰ ਹੀਰਾ ਸਿੰਘ ਨੂੰ ਤਖ਼ਤ ਤੇ ਬਿਠਿਆ ਜਾ ਸਕੇ ਅਤੇ ਉਨ੍ਹਾਂ ਦਾ ਵੰਸ਼ ਪੰਜਾਬ ਤੇ ਰਾਜ ਕਰੇ।

ਸੋ ਇਸ ਕੋਝੀ ਨੀਤੀ ਦੇ ਤਹਿਤ ਗੱਦਾਰ ਰਾਜਾ ਧਿਆਨ ਸਿੰਘ ਡੋਗਰੇ ਨੇ ਗੱਦਾਰ ਹੀਰਾ ਸਿੰਘ ਨੂੰ ਅੱਖ ਦੇ ਇਸ਼ਾਰੇ ਨਾਲ ਅਤੇ ਹਾਂ ਪੱਖੀ ਗਰਦਨ ਹਿਲਾ ਕੇ ਘੜੀ ਸਾਜਿਸ਼ ਮੁਤਾਬਕ ਹੀ ਕੰਮ ਕਰਣ ਦਾ ਇਸ਼ਾਰਾ ਕੀਤਾ, ਮੇਰਾ ਭਤੀਜਾ ਮੀਆਂ ਊਧਮ ਸਿੰਘ ਇਸ ਮੌਕੇ 'ਤੇ ਮਰਦਾ ਹੈ ਤਾਂ ਮਰ ਜਾਣ ਦਿਉ।
ਸੋ ਗੱਦਾਰ ਹੀਰਾ ਸਿੰਘ ਨੇ ਉਸ ਵੇਲੇ ਕਰਨਲ ਬਿਜੈ ਸਿੰਘ ਨੂੰ ਇਸ਼ਾਰਾ ਕੀਤਾ ਅਤੇ ਕਰਨਲ ਬਿਜੈ ਸਿੰਘ ਦੇ ਸਿਪਾਹੀਆਂ ਨੇ ਉਸੇ ਵੇਲੇ ਕੁੰਵਰ ਸਾਹਿਬ ਦੇ ਉੱਤੇ, ਉੱਪਰ ਤੋਂ ਛੱਜਾ ਸੁੱਟ ਦਿੱਤਾ। ਊਧਮ ਸਿੰਘ ਤਾਂ ਮੌਕੇ 'ਤੇ ਭਾਵ ਥਾਏ ਮਰ ਗਿਆ ਜਦੋਂਕਿ ਕੰਵਰ ਨੌਨਿਹਾਲ ਸਿੰਘ ਦੇ ਕੰਨ ਪਿੱਛੇ ਥੋੜੀ ਜੇਹੀ ਸੱਟ ਵਜੀ ਅਤੇ ਕੁਝ ਝਰੀਟਾਂ ਆਈਆਂ ,ਪਰ ਕੰਵਰ ਨੌਨਿਹਾਲ ਸਿੰਘ
ਬੇਹੋਸ਼ ਹੋ ਕੇ ਡਿੱਗ ਪਿਆ।
ਮਿੱਥੀ ਸਾਜਿਸ਼ ਦੇ ਮੁਤਾਬਿਕ ਬਿਨਾਂ ਵਰਦੀ ਸਿਪਾਹੀ ਉਸੇ ਵੇਲੇ ਫਟਾਫਟ ਬਿਨਾ ਕਿਸੇ ਦੇਰ ਦੇ ਦਰਵਾਜ਼ੇ ਦੀ ਨਾਲ ਵਾਲੀ ਕੋਠੜੀ ਵਿੱਚੋਂ ਪਾਲਕੀ ਲੈ ਆਏ ਅਤੇ ਕੁੰਵਰ ਸਾਹਿਬ ਨੂੰ ਪਾਲਕੀ ਵਿੱਚ ਪਾ ਕੇ ਕਿਲ੍ਹੇ ਅੰਦਰ ਲੈ ਗਏ।ਇਸ ਮਚੀ ਹਫੜਾ ਦਫੜੀ ਵਿੱਚ ਸਰਦਾਰ ਲਹਿਣਾ ਸਿੰਘ ਮਜੀਠੀਆ ਤੇਜ਼ੀ ਨਾਲ ਮਗਰ ਭੱਜਿਆ ਪਰ ਧਿਆਨ ਸਿੰਘ ਨੇ ਉਸ ਨੂੰ ਰੋਕ ਕੇ ਜਬਰੀ ਧੱਕੇ ਮਾਰ ਕੇ ਪਿੱਛੇ ਮੋੜ ਦਿੱਤਾ।
ਕਿਲ੍ਹੇ ਅੰਦਰ ਵੜਦੇ ਹੀ ਕਿਲ੍ਹੇ ਦਾ ਵਡਾ ਪ੍ਰਵੇਸ਼ ਦੁਆਰ ਬੰਦ ਕਰ ਦਿੱਤਾ ਗਿਆ।
ਮਿਸਟਰ ਗਾਰਡਨਰ ਆਪਣੇ 40 ਸਾਦੀ ਵਰਦੀ ਸਿਪਾਹੀ ਲੈ ਕੇ ਉਥੋਂ ਚਲਾ ਗਿਆ। ਇੱਥੇ ਮਿਸਟਰ ਗਾਰਡਨਰ ਲਿੱਖਦਾ ਹੈ ਕਿ ਰਾਜਾ ਧਿਆਨ ਸਿੰਘ ਨੇ ਮੈਨੂੰ ਕਿਹਾ ਕਿ ਹੁਣ ਇਨ੍ਹਾਂ ਸਾਦੀ ਵਰਦੀ ਸਿਪਾਹੀਆਂ ਦੀ ਲੋੜ ਨਹੀਂ ਤੁਸੀਂ ਇਨ੍ਹਾਂ ਨੂੰ ਵਾਪਸ ਬੈਰਕਾਂ ਵਿਚ ਲੈ ਜਾਉ। ਉਹ ਕਹਿੰਦਾ ਹੈ ਕਿ ਇਹ ਗੱਲ ਮੇਰੇ ਅੰਦਰ ਬੁਝਾਰਤ ਬਣ ਕੇ ਮੇਰੀ ਜ਼ਮੀਰ ਤੋਂ ਪੁੱਛਦੀ ਰਹੀ ਕਿ ਇਨ੍ਹਾਂ ਸਿਪਾਹੀਆਂ ਤੋਂ ਧਿਆਨ ਸਿੰਘ ਨੇ ਕੀ ਕਰਾਉਣਾ ਸੀ ਅਤੇ ਹੁਣ ਉਨ੍ਹਾਂ ਦੀ ਲੋੜ ਕਿਉਂ ਨਹੀਂ ਸੀ ?
ਹੁਣ ਕਮਰੇ ਦੇ ਬਾਹਰ ਉਸ ਦੇ ਆਪਣੇ ਇਲਾਕੇ ਦੀ ਪਹਾੜੀ ਡੋਗਰਾ ਫ਼ੌਜ ਦੇ ਸਿਪਾਹੀ ਪਹਿਰੇ ਤੇ ਬਿਠਾ ਦਿੱਤੇ ਗਏ ਅਤੇ ਇਸ ਗਲ ਦੇ ਸਖਤ ਹਿਦਾਇਤੀ ਹੁਕਮ ਦੇ ਦਿੱਤੇ ਗਏ ਕੇ ਕਮਰੇ ਦੇ ਲਾਗੇ ਚਿੜੀ ਵੀ ਨਹੀਂ ਫੜਕਣੀ ਚਾਹੀਦੀ।

ਮਹਾਰਾਣੀ ਚੰਦ ਕੌਰ ਦੀ ਤਰਸ ਦਸ਼ਾ ਉਸ ਵਕਤ ਕੀ ਹੋ ਸਕਦੀ ਹੈ ਜਦੋਂ ਇਕ ਪਾਸੇ ਅਜੇ ਪਤੀ ਦੀ ਚਿਖਾ ਪੂਰੀ ਸੜ ਵੀ ਨਾ ਹੋਈ ਹੋਵੇ ਅਤੇ ਵਿਧਵਾ ਹੋਣ ਤੇ ਵਿਧਵਾਪੁਣੇ ਦੇ ਬਲਦੇ ਭਾਂਬੜ ਮਨ ਵਿੱਚ ਵੇਖ ਰਹੀ ਹੋਵੇ ਅਤੇ ਖ਼ਬਰ ਮਿਲੇ ਕਿ ਤੇਰੇ ਪੁੱਤ ਕੁੰਵਰ ਨੌਨਿਹਾਲ ਸਿੰਘ ਨੂੰ ਜਾਨ ਤੋ ਮਾਰਣ ਦੀ ਕੋਝੀ ਸਾਜਸ਼ ਦੇ ਨਾਲ ਡੋਗਰੇ ਉਸਨੂੰ ਕਿਲ੍ਹੇ ਵੱਲ ਲਈ ਜਾਂਦੇ ਹਨ।
ਮਹਾਰਾਣੀ ਚੰਦ ਕੌਰ ਦੇ ਨਾਲ ਹੀ ਕੰਵਰ ਨੌਨਿਹਾਲ ਸਿੰਘ ਦੀ ਪਤਨੀ ਬੀਬੀ ਨਾਨਕੀ ਵੀ ਕਿਲ੍ਹੇ ਵੱਲ ਨੂੰ ਉਠ ਦੌੜੀਆਂ।ਇਕ ਆਪਣੇ ਪਤੀ ਨੂੰ ਰੋ ਰਹੀ ਸੀ ਅਤੇ ਦੂਜੀ ਆਪਣੇ ਪੁੱਤ ਨੂੰ ਪਰ ਇਨ੍ਹਾਂ ਦੀਆਂ ਅੱਖਾਂ ਚੋਂ ਨਿਕਲਦੇ ਹੰਝੂ ਨਾ ਤਾਂ ਪੱਥਰ ਦਿਲ ਬੇਰਹਿਮ,ਬੇਸ਼ਰਮ ਗੱਦਾਰ ਡੋਗਰਿਆਂ ਦੇ ਦਿਲਾਂ ਨੂੰ ਪਿਘਲਾ ਸਕੇ ਅਤੇ ਨਾ ਹੀ ਪਿਘਲਿਆ ਉਹ ਬੇਜਾਨ ਪੱਥਰ ਜਿਸ ਦੇ ਨਾਲ ਕੰਵਰ ਨੌਨਿਹਾਲ ਸਿੰਘ ਦਾ ਸਿਰ ਹੀ ਇਨ੍ਹਾਂ ਨੇ ਫੇਹ ਦਿੱਤਾ।
ਕੁੰਵਰ ਨੌਨਿਹਾਲ ਸਿੰਘ ਮਹਿਜ਼ 28 ਦਿਨ ਹੀ ਰਾਜ ਕਰ ਸਕਿਆ ਅਤੇ 19 ਸਾਲ 7 ਮਹੀਨੇ 27 ਦਿਨ ਦੀ ਉਮਰ ਭੋਗ ਕੇ 5 ਨਵੰਬਰ 1840 ਨੂੰ ਆਪਦੇ ਪਿਤਾ ਮਹਾਰਾਜਾ ਖੜਕ ਸਿੰਘ ਦੀ ਚਿਖਾ ਠੰਢੀ ਹੋਣ ਤੋਂ ਪਹਿਲਾਂ ਹੀ ਸਿੱਖ ਰਾਜ ਨੂੰ ਅਤੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ।

ਮਹਾਰਾਜਾ ਕੰਵਲ ਨੌਨਿਹਾਲ ਸਿੰਘ ਦੀ ਇਸ ਅਚਾਨਕ ਮੌਤ ਕਾਰਨ ਖਾਲਸੇ ਵਿੱਚ ਭੜਕਾਹਟ ਪੈਦਾ ਹੋ ਸਕਦੀ ਸੀ, ਸੋ ਇਸ ਗਲ ਨੂੰ ਭਾਂਪਦਿਆਂ ਹੋਇਆਂ, ਕੁੰਵਰ ਨੌਨਿਹਾਲ ਸਿੰਘ ਦੀ ਮੌਤ ਨੂੰ ਉਨੀ ਦੇਰ ਤਕ ਗੁਪਤ ਰੱਖਣ ਦਾ ਫੈਸਲਾ ਕੀਤਾ ਗਿਆ ਜਿਤਨੀ ਦੇਰ ਤਕ ਅਗਲੇ ਮਹਾਰਾਜੇ ਦਾ ਐਲਾਨ ਨਾ ਹੋ ਜਾਵੇ।
ਭੁੱਲਾਂ ਦੀ ਖਿਮਾ ਬਖਸ਼ੋ ਜੀ।

*ਮਿਤੀਆਂ ਚ ਫਰਕ ਹੋ ਸਕਦਾ ਹੈ, ਮਕਸਦ ਸਿਰਫ ਕੌਮੀ ਜਾਣਕਾਰੀ ਦੇਣ ਤਕ ਸੀਮਿਤ ਹੈ,ਇਤਿਹਾਸ ਚ ਵੀ 19-21 ਦਾ ਫਰਕ ਹੋ ਸਕਦਾ,ਪਰ ਜਾਣ ਬੁੱਝ ਕੇ ਜਾਂ ਗਲਤ ਇਰਾਦਾ ਬਿਲਕੁਲ ਨਹੀਂ।*