ਟੌਂਸਾ, ਕਾਠਗੜ੍ਹ, ਸਾਹਿਬਾ, ਸੜੋਆ, ਬਕਾਪੁਰ ਤੇ ਕਰਾਵਰ ਦੀਆਂ ਮੰਡੀਆਂ ’ਚ 2150 ਮੀਟਿ੍ਰਨ ਟਨ ਝੋਨੇ ਦੀ ਖਰੀਦ ਹੋਈ

ਐਮ ਐਲ ਏ ਸੰਤੋਸ਼ ਕਟਾਰੀਆ ਵੱਲੋਂ ਖਰੀਦ ਦੀ ਰਸਮੀ ਸ਼ੁਰੂਆਤ ਦੇ ਨਾਲ-ਨਾਲ ਮੰਡੀਆਂ ਦਾ ਜਾਇਜ਼ਾ
ਕਾਠਗੜ੍ਹ/ਸੜੋਆ/ਬਲਾਚੌਰ, 6 ਅਕਤੂਬਰ : ਐਮ ਐਲ ਏ ਬਲਾਚੌਰ ਸ੍ਰੀਮਤੀ ਸੰਤੋਸ਼ ਕਟਾਰੀਆ ਨੇ ਅੱਜ ਇੱਥੇ ਦੱਸਿਆ ਕਿ ਟੌਂਸਾ, ਕਾਠਗੜ੍ਹ, ਸੜੋਆ, ਸਾਹਿਬਾ, ਬਕਾਪੁਰ ਤੇ ਕਰਾਵਰ ਮੰਡੀਆਂ 'ਚ 2150 ਮੀਟਿ੍ਰਕ ਟਨ ਝੋਨੇ ਦੀ ਖਰੀਦ ਹੋੋ ਚੁੱਕੀ ਹੈ।  ਅੱਜ ਹਲਕੇ ਦੀਆਂ ਵੱਖ-ਵੱਖ ਮੰਡੀਆਂ 'ਚ ਖਰੀਦ ਦੀ ਰਸਮੀ ਸ਼ੁਰੂਆਤ ਕਰਵਾਉਣ ਦੇ ਨਾਲ-ਨਾਲ ਮੰਡੀਆਂ ਦਾ ਜਾਇਜ਼ਾ ਲੈਣ ਮੌਕੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ। ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਹਮੇਸ਼ਾਂ ਕਿਸਾਨ ਹਿੱਤਾਂ ਲਈ ਖੜ੍ਹੇ ਹਨ। ਕੇਂਦਰ ਦੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਆਵਾਜ਼ ਉਠਾਉਣ ਦਾ ਮੌਕਾ ਸੀ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਬਤੌਰ ਸੰਸਦ ਮੈਂਬਰ ਪਾਰਲੀਮੈਂਟ 'ਚ ਇਸ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਤਿੰਨ ਦਿਨ ਪਹਿਲੋਂ ਹੋਏ ਵਿਧਾਨ ਸਭਾ ਸੈਸ਼ਨ 'ਚ ਗੰਨਾ ਕਿਸਾਨਾਂ ਦੀ ਮੱਦਦ 'ਤੇ ਆਏ ਮੁੱਖ ਮੰਤਰੀ ਪੰਜਾਬ ਨੇ ਗੰਨੇ ਦਾ ਭਾਅ 20 ਰੁਪਏ ਦੇ ਵਾਧੇ ਨਾਲ 360 ਤੋਂ ਵਧਾ ਕੇ 380 ਰੁਪਏ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਕੱਲੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ 2000 ਦੇ ਕਰੀਬ ਗੰਨਾ ਬੀਜਣ ਵਾਲੇ ਕਿਸਾਨਾਂ ਨੂੰ ਇਸ ਵਾਧੇ ਨਾਲ 6 ਕਰੋੜ ਰੁਪਏ ਤੋਂ ਵਧੇਰੇ ਦਾ ਵਿੱਤੀ ਲਾਭ ਹੋਵੇਗਾ। ਵਿਧਾਇਕਾ ਕਟਾਰੀਆ ਨੇ ਆਖਿਆ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਬੜੇ ਸਾਲਾਂ ਬਾਅਦ ਲੋਕਾਂ ਨੂੰ ਮਹਿਸੂਸ ਹੋਣਾ ਸ਼ੁਰੂ ਹੋਇਆ ਹੈ ਕਿ ਕੋਈ ਸਰਕਾਰ ਉਨ੍ਹਾਂ ਦੇ ਹੱਕਾਂ ਦੀ ਆਈ ਹੈ। ਉਨ੍ਹਾਂ ਲੋੜਵੰਦ ਲੋਕਾਂ ਨੂੰ ਸਰਕਾਰ ਦੇ 600 ਯੂਨਿਟ ਮੁਆਫ਼ੀ ਦੇ ਫ਼ੈਸਲੇ ਨਾਲ ਪੁੱਜੇ ਲਾਭ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਸ਼ਾਇਦ ਅੱਜ ਤੱਕ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਦੇ ਬਿੱਲ ਜ਼ੀਰੋ ਆ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਅਸੰਭਵ ਨੂੰ ਸੰਭਵ ਕਰ ਵਿਖਾਇਆ ਹੈ। ਉਨ੍ਹਾਂ ਮੰਡੀਆਂ ਦੇ ਦੌਰੇ ਮੌਕੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਆਖਿਆ ਕਿ ਮੰਡੀ 'ਚ ਫ਼ਸਲ ਲੈ ਕੇ ਆਏ ਕਿਸੇ ਵੀ ਕਿਸਾਨ ਨੂੰ ਆਪਣੀ ਫ਼ਸਲ ਦਾ ਭਾਅ ਲੈਣ ਲਈ ਰੁਲਣਾ ਨਾ ਪਵੇ। ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਮੰਡੀਆਂ 'ਚ ਫ਼ਸਲ ਸੁਕਾ ਤੇ ਪੱਕੀ ਹੋਈ ਹੀ ਲੈ ਕੇ ਆਉਣ ਤਾਂ ਜੋ ਝੋਨੇ ਦੀ ਖਰੀਦ ਲਈ ਕੇਂਦਰ ਅਤੇ ਐਫ ਸੀ ਆਈ ਵੱਲੋਂ ਮਿੱਥੇ ਮਿਆਰਾਂ ਕਾਰਨ, ਉਨ੍ਹਾਂ ਨੂੰ ਫ਼ਸਲ ਵੇਚਣ 'ਚ ਮੁਸ਼ਕਿਲ ਨਾ ਆਵੇ।
ਐਮ ਐਲ ਏ ਕਟਾਰੀਆ ਨੇ ਟੌਂਸਾ, ਕਾਠਗੜ੍ਹ, ਸਾਹਿਬਾ, ਸੜੋਆ, ਬਕਾਪੁਰ ਤੇ ਕਾਰਵਰ ਸਮੇਤ ਅੱਧੀ ਦਰਜਨ ਦੇ ਕਰੀਬ ਮੰਡੀਆਂ ਦਾ ਦੌਰਾ ਕੀਤਾ। ਇਸ ਮੌਕੇ ਖਰੀਦ ਏਜੰਸੀਆਂ ਦੇ ਨੁਮਾਇੰਦਿਆਂ 'ਚ ਮਾਰਕੀਟ ਕਮੇਟੀ ਬਲਾਚੌਰ ਦੇ ਸਕੱਤਰ ਸੁਰਿੰਦਰ ਕੁਮਾਰ ਤੋਂ ਇਲਾਵਾ ਏ ਐਫ ਐਸ ਓ ਬਲਾਚੌਰ ਮਨਜੀਤ ਸਿੰਘ, ਮਾਰਕਫ਼ੈਡ ਬਲਾਚੌਰ ਦੇ ਮੈਨੇਜਰ ਪਰਮਿੰਦਰ ਗੁੱਜਰ, ਪਨਸਪ ਦੇ ਇੰਸਪੈਕਟਰ ਸਤਿੰਦਰ ਭੁੰਬਲਾ, ਫੂਡ ਸਪਲਾਈ ਦੇ ਇੰਸਪੈਕਟਰ ਦਵਿੰਦਰ ਕੁਮਾਰ ਤੇ ਹਰੀਸ਼ ਕੁਮਾਰ ਵੀ ਮੌਜੂਦ ਸਨ।