ਦੀਵਾਲੀ 'ਤੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਤੋਹਫ਼ੇ ਕੀਤੇ ਭੇਂਟ
ਹੁਸ਼ਿਆਰਪੁਰ, 24 ਅਕਤੂਬਰ: ਕੈਬਨਿਟ ਮੰਤਰੀ ਪੰਜਾਬ ਸ਼੍ਰੀ ਬ੍ਰਮ ਸ਼ੰਕਰ ਜ਼ਿੰਪਾ ਨੇ ਅੱਜ ਰਾਮ ਕਲੋਨੀ ਕੈਂਪ ਵਿਖੇ ਚਿਲਡਰਨ ਹੋਮ ਅਤੇ ਓਲਡ ਏਜ ਹੋਮ ਦਾ ਦੌਰਾ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਨਾਲ ਦੀਵਾਲੀ ਮਨਾਈ। ਇਸ ਦੌਰਾਨ ਉਨ੍ਹਾਂ ਬੱਚਿਆਂ ਅਤੇ ਬਜ਼ੁਰਗਾਂ ਨੂੰ ਦੀਵਾਲੀ ਮੌਕੇ ਤੋਹਫੇ ਵੀ ਭੇਟ ਕੀਤੇ। ਇਸ ਮੌਕੇ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਵਿਭਾ ਸ਼ਰਮਾ ਵੀ ਮੌਜੂਦ ਸਨ। ਕੈਬਨਿਟ ਮੰਤਰੀ ਨੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਦੀਵਾਲੀ ਦੀ ਵਧਾਈ ਦਿੱਤੀ ਅਤੇ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਇੱਥੇ ਕਿਸੇ ਵੀ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਜਿੱਥੇ ਬੱਚਿਆਂ ਨੂੰ ਖਾਣ-ਪੀਣ ਦੀਆਂ ਵਸਤੂਆਂ ਅਤੇ ਗ੍ਰੀਨ ਪਟਾਕੇ ਦਿੰਦਿਆਂ ਕਿਹਾ ਕਿ ਉਹ ਇਸ ਤਿਉਹਾਰ ਨੂੰ ਖੁਸ਼ੀ-ਖੁਸ਼ੀ ਮਨਾਉਣ ਅਤੇ ਪਟਾਕੇ ਚਲਾਉਣ ਸਮੇਂ ਸਾਵਧਾਨ ਰਹਿਣ, ਉਥੇ ਹੀ ਉਨ੍ਹਾਂ ਬਜ਼ੁਰਗਾਂ ਨੂੰ ਵੀ ਤੋਹਫੇ ਭੇਟ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਿਲਡਰਨ ਹੋਮ ਅਤੇ ਓਲਡ ਏਜ ਹੋਮ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਪੰਜਾਬ ਸਰਕਾਰ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਪਣੇ ਪਰਿਵਾਰਕ ਮੈਂਬਰ ਸਮਝਣ ਅਤੇ ਆਪਣੀਆਂ ਲੋੜਾਂ ਅਤੇ ਸਮੱਸਿਆਵਾਂ ਉਨ੍ਹਾਂ ਨਾਲ ਬਿਨਾਂ ਝਿਜਕ ਸਾਂਝੀਆਂ ਕਰਨ। ਇਸ ਦੌਰਾਨ ਚਿਲਡਰਨ ਹੋਮ ਅਤੇ ਓਲਡ ਏਡ ਹੋਮ ਵਿੱਚ ਦੀਵਾਲੀ ਮੌਕੇ ਰੰਗੋਲੀ ਅਤੇ ਦੀਪ ਮਾਲਾ ਵੀ ਸਜਾਈ ਗਈ। ਚਿਲਡਰਨ ਹੋਮ ਦੇ ਬੱਚਿਆਂ ਨੇ ਵੀ ਦੀਵਾਲੀ ਦੀ ਖੁਸ਼ੀ ਵਿੱਚ ਗੀਤ ਗਾਏ ਅਤੇ ਪੰਜਾਬ ਸਰਕਾਰ ਦਾ ਉਨ੍ਹਾਂ ਨਾਲ ਦੀਵਾਲੀ ਮਨਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ਸੁਪਰਡੈਂਟ ਪੁਨੀਤ ਕੁਮਾਰ ਅਤੇ ਐਡਵੋਕੇਟ ਅਮਰਜੋਤ ਸਿੰਘ ਸੈਣੀ ਵੀ ਹਾਜ਼ਰ ਸਨ।