ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨੁਗਰ ਪੁਲਿਸ ਵੱਲੋਂ ਅਗਵਾ ਦਾ ਕੇਸ ਮਹਿਜ ਕੁੱਝ ਘੰਟਿਆਂ ਵਿੱਚ ਹੱਲ ਕੀਤਾ, 6 ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ

ਨਵਾਂਸ਼ਹਿਰ : 11 ਅਕਤੂਬਰ :-  ਭਾਗੀਰਥ ਸਿੰਘ ਮੀਨਾ ਐਸ.ਐਸ.ਪੀ, ਸ਼ਹੀਦ ਭਗਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਰਣਜੀਤ ਸਿੰਘ ਡੀ ਐਸ ਪੀ ਨਵਾਂਸ਼ਹਿਰ ਦੀ ਨਿਗਰਾਨੀ ਵਿੱਚ ਇੰਸਪੈਕਟਰ ਸਤੀਸ਼ ਕੁਮਾਰ ਮੁੱਖ ਅਫ਼ਸਰ ਥਾਣਾ ਸਿਟੀ ਨਵਾਂਸ਼ਹਿਰ ਦੀ ਅਗਵਾਈ ਵਿੱਚ ਥਾਣਾ ਸਿਟੀ ਨਵਾਂਸ਼ਹਿਰ ਪੁਲਿਸ ਵੱਲੋਂ ਚੰਗੀ ਕਾਰ ਗੁਜ਼ਾਰੀ ਦਿਖਾਉਂਦੇ ਹੋਏ ਬੱਸ ਅੱਡਾ ਨਵਾਂਸ਼ਹਿਰ ਤੋਂ ਅਗਵਾ ਕੀਤੇ ਇੱਕ ਵਿਅਕਤੀ ਨੂੰ ਕੁੱਝ ਹੀ ਘੰਟਿਆਂ ਵਿੱਚ ਟ੍ਰੇਸ ਕਰ ਕੇ ਅਗਵਾ ਕਰਨ ਵਾਲੇ 6 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਮਿਤੀ 10-10-2022 ਨੂੰ ਸੁਖਵਿੰਦਰ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਬੰਗਾ ਰੋਡ ਨਵਾਂਸ਼ਹਿਰ ਨੇ ਥਾਣਾ ਸਿਟੀ ਨਵਾਂਸ਼ਹਿਰ ਨੂੰ ਸੂਚਨਾ ਦਿੱਤੀ ਕਿ ਉਸ ਦਾ ਭਰਾ ਅਤੁਲ ਕੁਮਾਰ ਵਿਦੇਸ਼ ਦੁਬਈ ਤੋਂ ਆਇਆ ਹੈ। ਉਸ ਦਾ ਭਰਾ ਅਤੁਲ ਕੁਮਾਰ ਪੁੱਤਰ ਪਰਮਜੀਤ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਨਵਾਂਸ਼ਹਿਰ ਉਮਰ 28 ਸਾਲ  ਸਿਟੀ ਪੀਜ਼ਾ ਨਾਮੀ ਦੁਕਾਨ ਬੱਸ ਅੱਡਾ ਨਵਾਂਸ਼ਹਿਰ ਵਿਖੇ ਕੁੱਝ ਖਾਣ ਲਈ ਗਿਆ ਸੀ ਤਾਂ ਕੁੱਝ ਅਣਪਛਾਤੇ ਵਿਅਕਤੀਆਂ ਨੇ ਉਸ ਦੇ ਭਰਾ ਅਤੁਲ ਕੁਮਾਰ ਨੂੰ ਅਗਵਾ ਕਰ ਕੇ ਕਿਸੇ ਗੱਡੀ ਵਿੱਚ ਬਿਠਾ ਕੇ ਕਿਧਰੇ ਲੈ ਗਏ ਹਨ । ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲੀਸ ਵੱਲੋਂ ਮੁਕੱਦਮਾ ਨੰਬਰ 174 ਮਿਤੀ 10-10-2022 ਜੁਰਮ 365 ਭ:ਦ ਥਾਣਾ ਸਿਟੀ ਨਵਾਂਸ਼ਹਿਰ ਦਰਜ ਰਜਿਸਟਰ ਕਰ ਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਗਈ। ਇਸ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਵੱਖ-ਵੱਖ ਪੁਲਿਸ ਟੀਮਾਂ ਦਾ ਗਠਨ ਕੀਤਾ ਅਤੇ ਤੁਰੰਤ ਪ੍ਰਭਾਵੀ ਕਾਰਵਾਈ ਕਰਦੇ ਹੋਏ ਵੱਖ-ਵੱਖ ਥਾਵਾਂ ਤੇ ਰੇਡ ਕੀਤੇ ਗਏ. ਇਸ ਵਾਰਦਾਤ ਸਬੰਧੀ ਜ਼ਿਲ੍ਹੇ ਦੇ ਸਾਰੇ ਥਾਣਿਆਂ ਅਤੇ ਪੰਜਾਬ ਦੇ ਸਾਰੇ ਜ਼ਿਲਿਆਂ ਨੂੰ ਸੂਚਿਤ ਕੀਤਾ ਗਿਆ।  ਜਿਸ ਦੇ ਨਤੀਜੇ ਵਜੋਂ ਜ਼ਿਲ੍ਹਾ ਪੁਲਿਸ ਨੂੰ ਥਾਣਾ ਦਰੇਸੀ, ਲੁਧਿਆਣਾ ਤੋਂ' ਸੂਚਨਾ ਮਿਲੀ ਕਿ ਨਵਾਂਸ਼ਹਿਰ ਤੋਂ  ਅਗਵਾ ਕੀਤਾ ਹੋਇਆ ਵਿਅਕਤੀ ਲੁਧਿਆਣਾ ਵਿਖੇ ਹੈ, ਜਿਸ ਤੇ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਦਰੋਸੀ, ਲੁਧਿਆਣਾ ਪੁੱਜ ਕੇ ਅਗਵਾ ਕੀਤੇ ਵਿਅਕਤੀ ਅਤੁਲ ਕੁਮਾਰ ਨੂੰ ਬਰਾਮਦ ਕੀਤਾ ਗਿਆ ਅਤੇ 05 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਦੋਸ਼ੀਆਂ ਵੱਲੋਂ ਵਾਰਦਾਤ ਵਿੱਚ ਵਰਤੀ ਗੱਡੀ ਸੈਵਰਲਟ ਇੰਜਵਾਏ ਬਰਾਮਦ ਕੀਤੀ ਅਤੇ ਇੱਕ ਦੋਸ਼ੀ ਨੂੰ ਬਾਅਦ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਉਕਤ 6 ਕਥਿਤ ਦੋਸ਼ੀ ਪਾਸੋਂ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਜਿਨ੍ਹਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।
ਫੋਟੋ ਕੈਪਸ਼ਨ : ਡੀ ਐਸ ਪੀ ਨਵਾਂਸ਼ਹਿਰ ਰਣਜੀਤ ਸਿੰਘ ਬਦੇਸ਼ਾਂ  ਅਤੇ ਪੁਲੀਸ ਪਾਰਟੀ ਵੱਲੋਂ  ਅਗਵਾ ਵਾਲੇ ਕੇਸ ਦੇ ਕਾਬੂ ਕੀਤੇ ਛੇ ਕਥਿਤ ਦੋਸ਼ੀ