ਪਿਛਲੇ 10 ਸਾਲਾਂ ’ਚ ਆਧਾਰ ਦੀ ਵਰਤੋਂ ਨਾ ਕਰਨ ਵਾਲੇ ਆਪਣਾ ਕੋਈ ਵੀ ਅਧਿਕਾਰਿਤ ਦਸਤਾਵੇਜ਼ ਲਾਜ਼ਮੀ ਅਪਲੋਡ ਕਰਨ-ਭਾਵਨਾ ਗਰਗ ਡਿਪਟੀ ਡਾਇਰੈਕਟਰ ਜਨਰਲ


ਨਵਜਨਮੇ ਬੱਚਿਆਂ ਦੇ ਆਧਾਰ ਕਾਰਡ ਡਾਕ ਵਿਭਾਗ ਦੀ ਮੱਦਦ ਨਾਲ ਲਾਜ਼ਮੀ ਬਣਾਏ ਜਾਣ , ਨਵਾਂਸ਼ਹਿਰ ਵਿਖੇ ਲਿਆ ਆਧਾਰ ਕਾਰਡ ਰਜਿਸਟ੍ਰੇਸ਼ਨ ਦਾ ਜਾਇਜ਼ਾ
ਨਵਾਂਸ਼ਹਿਰ, 19 ਅਕਤੂਬਰ: ਸ੍ਰੀਮਤੀ ਭਾਵਨਾ, ਗਰਗ, ਡਿਪਟੀ ਡਾਇਰੈਕਟਰ ਜਨਰਲ (ਡੀ.ਡੀ.ਜੀ.), ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ਼ ਇੰਡੀਆ (ਯੂ.ਆਈ.ਡੀ.ਏ.ਆਈ.) ਨੇ ਅੱਜ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਦੀ ਮੌਜੂਦਗੀ ਵਿੱਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਜ਼ਿਲ੍ਹੇ ਵਿੱਚ ਆਧਾਰ ਦੀ ਪ੍ਰਗਤੀ ਬਾਰੇ ਸਮੀਖਿਆ ਮੀਟਿੰਗ ਕੀਤੀ।ਉਨ੍ਹਾਂ ਇਸ ਮੌਕੇ ਆਖਿਆ ਕਿ ਜ਼ਿਲ੍ਹੇ ਦੇ ਉਹ ਵਸਨੀਕ ਜਿਨ੍ਹਾਂ ਨੇ ਪਿਛਲੇ 10 ਸਾਲਾਂ ਵਿੱਚ ਆਪਣਾ ਆਧਾਰ ਅਪਡੇਟ ਨਹੀਂ ਕੀਤਾ ਹੈ ਜਾਂ ਵਰਤੋਂ ਨਹੀਂ ਕੀਤੀ, ਉਨ੍ਹਾਂ ਲਈ ਨਜ਼ਦੀਕੀ ਆਧਾਰ ਐਨਰੋਲਮੈਂਟ ਸੈਂਟਰ 'ਤੇ ਜਾ ਕੇ ਕੋਈ ਵੀ ਅਧਿਕਾਰਿਤ ਦਸਤਾਵੇਜ਼ ਅਪਲੋਡ ਕਰਵਾ ਕੇ ਆਪਣੇ ਆਧਾਰ ਨੂੰ ਪ੍ਰਮਾਣਿਤ ਕਰਨਾ ਲਾਜ਼ਮੀ ਹੈ।ਡਿਪਟੀ ਡਾਇਰੈਕਟਰ ਜਨਰਲ ਸ੍ਰੀਮਤੀ ਗਰਗ ਨੇ ਨਵਜਨਮੇ ਬੱਚਿਆਂ ਅਤੇ 0-5 ਸਾਲ ਦੀ ਉਮਰ ਸ਼੍ਰੇਣੀ ਨੂੰ ਕਵਰ ਕਰਨ ਲਈ ਆਂਗਨਵਾੜੀ ਕੇਂਦਰਾਂ ਵਿੱਚ ਵਿਸ਼ੇਸ਼ ਆਧਾਰ-ਐਨਰੋਲਮੈਂਟ ਮੁਹਿੰਮ ਚਲਾਏ ਜਾਣ ਤੋਂ ਇਲਾਵਾ, ਇੰਡੀਆ ਪੋਸਟ ਪੇਮੈਂਟ ਬੈਂਕ (ਡਾਕ ਵਿਭਾਗ) ਦੀ ਮੱਦਦ ਨਾਲ ਹਸਪਤਾਲਾਂ 'ਚ ਨਵਜਨਮੇ ਬੱਚਿਆਂ ਦੀ ਰਜਿਸਟ੍ਰੇਸ਼ਨ ਕਰਵਾਉਣ ਲਈ ਕਿਹਾ। ਸ਼੍ਰੀਮਤੀ ਗਰਗ ਨੇ 5 ਸਾਲ ਦੀ ਉਮਰ ਪੂਰੀ ਹੋਣ ਬਾਅਦ 5 ਤੋਂ 15 ਸਾਲ ਤੱਕ ਦੇ ਬੱਚਿਆਂ ਲਈ ਲਾਜ਼ਮੀ ਬਾਇਓਮੈਟਿ੍ਰਕ ਅਪਡੇਟ (ਐਮ ਬੀ ਯੂ) ਨੂੰ ਪੂਰਾ ਕਰਨ 'ਤੇ ਜ਼ੋਰ ਦਿੱਤਾ ਅਤੇ ਇਸ ਕਾਰਜ ਲਈ ਖੁਰਾਕ ਤੇ ਸਿਵਲ ਸਪਲਾਈ ਕੋਲ ਮੌਜੂਦ ਹਾਰਡਵੇਅਰ ਦੀ ਮੱਦਦ ਲੈਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਇਹ ਲਾਜ਼ਮੀ ਬਾਇਓਮੈਟਿ੍ਰਕ ਅੱਪਡੇਟ ਮੁਫ਼ਤ ਹੈ। ਉਨ੍ਹਾਂ ਕਿਹਾ ਕਿ ਜੇਕਰ ਆਧਾਰ ਕਾਰਡ ਧਾਰਕ ਦੁਆਰਾ ਬਾਇਓਮੈਟਿ੍ਰਕਸ ਨੂੰ ਅਜਿਹੀ ਉਮਰ ਪ੍ਰਾਪਤ ਕਰਨ ਦੇ 2 ਸਾਲਾਂ ਦੇ ਅੰਦਰ ਅਪਡੇਟ ਨਹੀਂ ਕੀਤਾ ਜਾਂਦਾ ਹੈ, ਤਾਂ ਆਧਾਰ ਅਯੋਗ ਹੋ ਸਕਦਾ ਹੈ। ਉਨ੍ਹਾਂ ਨੇ ਜ਼ਿਲ੍ਹੇ ਬਦੇ ਵੱਖ-ਵੱਖ ਦਫ਼ਤਰਾਂ 'ਚ ਦਫ਼ਤਰੀ ਦਸਤਾਵੇਜ਼ਾਂ ਨਾਲ ਲਾਏ ਜਾਂਦੇ ਆਧਾਰ ਕਾਰਡ ਦੀ ਪ੍ਰਮਾਣਿਕਤਾ ਨੂੰ ਜਾਂਚਣ ਲਈ ਕਿਊ ਆਰ ਕੋਰਡ ਦੀ ਸਕੈਨਿੰਗ ਕਰਕੇ ਜਾਂ ਫ਼ਿਰ ਆਧਾਰ ਪੋਰਟਲ 'ਤੇ ਜਾ ਕੇ ਇਸ ਨੂੰ ਜਾਂਚਣ ਲਈ ਆਖਿਆ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਆਧਾਰ ਜਾਅਲਸਾਜ਼ੀ ਤੋਂ ਬਚਿਆ ਜਾ ਸਕੇ। ਉਨ੍ਹਾਂ ਸਪੱਸ਼ਟ ਕੀਤਾ ਕਿ ਆਧਾਰ ਕਾਰਡ ਦੀ ਨਕਲ ਤਾਂ ਹੋ ਸਕਦੀ ਹੈ ਪਰ ਕਿਊ ਆਰ ਕੋਡ ਦੀ ਨਹੀਂ। ਉਨ੍ਹਾਂ ਨੇ ਸਰਕਾਰੀ ਅਦਾਰਿਆਂ 'ਚ ਲਾਭਪਾਤਰੀਆਂ ਜਾ ਸੇਵਾਵਾਂ ਲੈਣ ਵਾਲਿਆਂ ਦੇ ਆਧਾਰ ਕਾਰਡ ਦਸਤਾਵੇਜ਼ਾਂ/ਨੰਬਰਾਂ ਨੂੰ ਹਰ ਇੱਕ ਨੂੰ ਨਾ ਦਿਖਾਉਣ ਦੀ ਤਾਕੀਦ ਵੀ ਕੀਤੀ ਅਤੇ ਸੂਚੀਆਂ ਬਣਾਉਣ ਮੌਕੇ ਵੀ ਕੇਵਲ ਅਖੀਰਲੇ ਚਾਰ ਅੱਖਰਾਂ ਦੀ ਵਰਤੋਂ ਕਰਨ ਲਈ ਆਖਿਆ। ਉਨ੍ਹਾਂ ਦੱਸਿਆ ਕਿ ਐਨ ਆਰ ਆਈ ਵੀ ਆਪਣਾ ਆਧਾਰ ਕਾਰਡ ਬਣਵਾ ਸਕਦੇ ਹਨ, ਜਿਸ ਲਈ ਐਨਰੋਲੈਂਟ ਫ਼ਾਰਮ 'ਚ ਵੱਖਰਾ ਕਾਲਮ ਹੈ। ਕੋਈ ਵੀ ਵਿਦੇਸ਼ੀ ਪਾਸਪੋਰਟ ਧਾਰਕ ਲਗਾਤਾਰ 180 ਦਿਨ ਭਾਰਤ 'ਚ ਰਹਿਣ ਦੀ ਸ਼ਰਤ ਪੂਰੀ ਕਰਨ ਤੋਂ ਬਿਨਾਂ ਆਧਾਰ ਕਾਰਡ ਨਹੀਂ ਬਣਵਾ ਸਕਦਾ। ਉਨ੍ਹਾਂ ਕਿਹਾ ਕਿ ਆਧਾਰ ਕਾਰਡ ਵਿੱਚ ਨਾਮ ਕੇਵਲ ਦੋ ਵਾਰ ਹੀ ਅਪਡੇਟ ਹੋ ਸਕਦਾ ਹੈ। ਕਿਸੇ ਵੀ ਅਪਡੇਟ ਲਈ ਜਿਵੇਂ ਕਿ ਪਤਾ, ਨਾਮ ਵਿੱਚ ਦਰੁਸਤੀ ਜਾਂ ਅਪਡੇਟ, ਜਨਮ ਮਿਤੀ ਆਦਿ ਦੇ ਖਰਚੇ 50 ਰੁਪਏ ਹਨ ਅਤੇ ਬਾਇਓਮੈਟਿ੍ਰਕ ਅਪਡੇਟ ਲਈ, ਜਿਵੇਂ ਕਿ ਫੋਟੋ ਵਿੱਚ ਤਬਦੀਲੀ ਜਾਂ ਆਧਾਰ ਵਿੱਚ ਆਈਰਿਸ ਜਾਂ ਫਿੰਗਰਪਿ੍ਰੰਟ ਨੂੰ ਅਪਡੇਟ ਕਰਨ ਲਈ 100 ਰੁਪਏ ਹਨ। ਓਵਰਚਾਰਜ ਦੀ ਸਥਿਤੀ ਵਿੱਚ, ਲੋਕ 1947 (ਟੋਲ-ਫ੍ਰੀ) 'ਤੇ ਸ਼ਿਕਾਇਤ ਦਰਜ ਕਰਵਾ ਸਕਦੇ ਹਨ।   ਡੀਡੀਜੀ ਨੇ ਕਿਹਾ ਕਿ ਲੋਕ ਆਪਣੇ ਮੋਬਾਈਲ ਫੋਨਾਂ 'ਤੇ ਵੀ ਐਮ-ਆਧਾਰ ਨੂੰ ਡਾਊਨਲੋਡ ਕਰ ਸਕਦੇ ਹਨ ਜਿਸ ਨਾਲ ਉਹ ਨਾ ਸਿਰਫ ਆਪਣੇ ਮੋਬਾਈਲ ਫੋਨਾਂ 'ਤੇ ਆਧਾਰ ਨੰਬਰ ਰੱਖ ਸਕਦੇ ਹਨ, ਸਗੋਂ ਇਹ ਉਨ੍ਹਾਂ ਨੂੰ ਕਈ ਆਨਲਾਈਨ ਆਧਾਰ ਸੇਵਾਵਾਂ ਦਾ ਲਾਭ ਲੈਣ ਵਿੱਚ ਵੀ ਮਦਦ ਕਰਦਾ ਹੈ।  ਐਮ-ਅਧਾਰ ਐਪ ਕਾਰਡ ਧਾਰਕ ਨੂੰ ਆਪਣੇ ਬਾਇਓਮੈਟਿ੍ਰਕਸ ਨੂੰ ਆਧਾਰ ਡਾਟਾਬੇਸ ਵਿੱਚ ਲਾਕ ਕਰਨ ਦੀ ਵੀ ਸਹੂਲਤ ਦਿੰਦਾ ਹੈ। ਉਨ੍ਹਾਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਕਿਸੇ ਵੀ ਵਿਅਕਤੀ ਨੂੰ ਆਧਾਰ ਲਈ ਨਾਮਾਂਕਣ/ਅਪਡੇਟ ਕਰਦੇ ਸਮੇਂ ਆਪਣੇ ਵੇਰਵਿਆਂ ਦੀ ਧਿਆਨ ਨਾਲ ਜਾਂਚ ਕਰਨੀ ਚਾਹੀਦੀ ਹੈ ਕਿਉਂਕਿ ਆਧਾਰ ਵਿੱਚ ਨਾਮ, ਜਨਮ ਮਿਤੀ ਅਤੇ ਲਿੰਗ ਵਰਗੇ ਵੇਰਵਿਆਂ ਨੂੰ ਅਪਡੇਟ ਕਰਨ ਦੀ ਇੱਕ ਸੀਮਾ ਹੈ। ਜਦੋਂ ਕਿ ਆਧਾਰ ਵਿੱਚ ਨਾਮ ਦੋ ਵਾਰ ਅਪਡੇਟ ਕੀਤਾ ਜਾ ਸਕਦਾ ਹੈ, ਜਨਮ ਮਿਤੀ ਅਤੇ ਲਿੰਗ (ਪੁਰਸ਼/ਔਰਤ/ਹੋਰ) ਇੱਕ ਵਾਰ ਠੀਕ ਕੀਤਾ ਜਾ ਸਕਦਾ ਹੈ।       ਡਿਪਟੀ ਕਮਿਸ਼ਨਰ ਐਨ ਪੀ ਐਸ ਰੰਧਾਵਾ ਨੇ ਭਰੋਸਾ ਦਿੱਤਾ ਕਿ ਆਧਾਰ ਪ੍ਰਗਤੀ ਨਾਲ ਸਬੰਧਤ ਮੁਹਿੰਮ ਨੂੰ ਉਹ ਆਪਣੀ ਦੇਖ-ਰੇਖ ਵਿੱਚ ਚਲਵਾਉਣਗੇ ਅਤੇ 0 ਤੋਂ 5 ਸਾਲ ਉਮਰ ਵਰਗ 'ਚ ਰਜਿਸਟ੍ਰੇਸ਼ਨ, 5 ਤੋਂ 15 ਸਾਲ ਉਮਰ ਵਰਗ 'ਚ ਬਾਇਓਮੈਟਿ੍ਰਕ ਅਪਡੇਟ ਅਤੇ 10 ਸਾਲ ਤੱਕ ਆਧਾਰ ਕਾਰਡ ਨਾ ਵਰਤਣ ਵਾਲਿਆਂ ਲਈ ਅਧਿਕਾਰਿਤ ਦਸਤਾਵੇਜ਼ ਦੀ ਅਪਲੋਡ ਲਈ ਪੂਰਣ ਯਤਨ ਕੀਤੇ ਜਾਣਗੇ। ਮੀਟਿੰਗ 'ਚ ਡੀ ਐਫ ਐਸ ਸੀ ਰੇਨੂੰ ਬਾਲਾ ਵਰਮਾ (ਜ਼ਿਲ੍ਹਾ ਨੋਡਲ ਅਫ਼ਸਰ), ਸਿਵਲ ਸਰਜਨ ਡਾ. ਦਵਿੰਦਰ ਢਾਂਡਾ, ਉੱਪ ਜ਼ਿਲ੍ਹਾ ਸਿਖਿਆ ਅਫ਼ਸਰ ਵਰਿੰਦਰ ਕੁਮਾਰ ਤੇ ਰਾਜੇਸ਼ ਕੁਮਾਰ, ਲੀਡ ਬੈਂਕ ਮੈਨਜੇਰ ਹਰਮੇਸ਼ ਸਹਿਜਲ ਤੇ ਹੋਰ ਅਧਿਕਾਰੀ ਮੌਜੂਦ ਸਨ।