ਸਫ਼ਾਈ ਤੇ ਸ਼ੁੱਧਤਾ ਨੂੰ ਯਕੀਨੀ ਬਣਾਉਣ ਲਈ ਮਿਡ ਡੇ ਮੀਲ ਰਸੋਈਆਂ ਨੂੰ ਫੂਡ ਸੇਫਟੀ ਸਟੈਂਡਰਡਜ਼ ਤਹਿਤ ਰਜਿਸਟਰਡ ਕੀਤਾ ਜਾਵੇਗਾ-ਡੀ ਸੀ ਰੰਧਾਵਾ

ਜ਼ਿਲ੍ਹਾ ਸਲਾਹਕਾਰ ਕਮੇਟੀ ਨੇ ਮਾਡਲ 'ਈਟ ਰਾਈਟ ਕੈਂਪਸ', 'ਸਵੱਛ ਸਬਜ਼ੀ ਅਤੇ ਫਲ ਮੰਡੀ' ਅਤੇ 'ਕਲੀਨ ਸਟ੍ਰੀਟ ਫੂਡ ਹੱਬ' ਸਥਾਪਤ ਕਰਨ ਦਾ ਫੈਸਲਾ ਲਿਆ
ਨਵਾਂਸ਼ਹਿਰ, 12 ਅਕਤੂਬਰ : ਮਿਡ ਡੇ ਮੀਲ ਰਸੋਈਆਂ ਵਿੱਚ ਸਫ਼ਾਈ ਅਤੇ ਸ਼ੁੱਧਤਾ ਨੂੰ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲ੍ਹਾ ਪੱਧਰੀ ਸਲਾਹਕਾਰ ਕਮੇਟੀ 'ਫੂਡ ਸੇਫਟੀ ਐਂਡ ਹੈਲਦੀ ਡਾਇਟਸ', ਨਵਜੋਤ ਪਾਲ ਸਿੰਘ ਰੰਧਾਵਾ ਨੇ ਬੁੱਧਵਾਰ ਨੂੰ ਫੂਡ ਸੇਫਟੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਦੇ ਸਕੂਲਾਂ ਵਿੱਚ ਚੱਲ ਰਹੀਆਂ ਸਾਰੀਆਂ ਮਿਡ ਡੇ ਮੀਲ ਰਸੋਈਆਂ ਨੂੰ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਅਧੀਨ ਰਜਿਸਟਰਡ ਕੀਤਾ ਜਾਵੇ।  
ਕਮੇਟੀ ਦੀ ਪਲੇਠੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਰੇਕ ਖਾਣ-ਪੀਣ ਵਾਲੇ ਅਦਾਰੇ, ਚਾਹੇ ਉਹ ਸਰਕਾਰੀ ਹੋਵੇ ਜਾਂ ਪ੍ਰਾਈਵੇਟ ਜਾਂ ਸਟ੍ਰੀਟ ਵਿਕਰੇਤਾ ਜਾਂ ਦੁਕਾਨਾਂ 'ਤੇ ਪਰੋਸੇ ਜਾ ਰਹੇ ਭੋਜਨ ਪਦਾਰਥ, ਉਨ੍ਹਾਂ ਦੀ ਗੁਣਵੱਤਾ ਦੀ ਜਾਂਚ ਕਰਨਾ ਅਤੇ ਸਾਫ਼-ਸੁੱਥਰਾ ਰੱਖਣਾ ਯਕੀਨੀ ਬਣਾਉਣਾ ਸਾਡਾ ਮੁੱਖ ਫਰਜ਼ ਹੈ।ਉਨ੍ਹਾਂ ਮੀਟਿੰਗ 'ਚ ਸ਼ਾਮਿਲ ਸੰਯੁਕਤ ਕਮਿਸ਼ਨਰ ਫੂਡ ਸੇਫਟੀ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਮਨੋਜ ਖੋਸਲਾ ਨੂੰ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਮਿਠਾਈ ਦੀਆਂ ਦੁਕਾਨਾਂ ਵੱਲੋਂ ਮਠਿਆਈਆਂ ਬਣਾਉਣ ਲਈ ਵਰਤੀ ਜਾਂਦੀ ਸਮੱਗਰੀ ਦੀ ਵਿਸ਼ੇਸ਼ ਤੌਰ 'ਤੇ ਜਾਂਚ ਕੀਤੀ ਜਾਵੇ।  ਡੀ ਸੀ ਰੰਧਾਵਾ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਖਾਣ-ਪਣਿ ਦੇ ਸਾਫ਼-ਸੁੱਥਰੇ ਸਟਾਲਾਂ ਦੇ ਮਾਡਲ ਕਾਇਮ ਕੀਤੇ ਜਾਣ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਸਾਫ-ਸੁਥਰੀ ਫਲ ਅਤੇ ਸਬਜ਼ੀਆਂ ਦੀ ਮੰਡੀ, ਈਟ ਰਾਈਟ ਕੈਂਪਸ (ਸਕੂਲ/ਹਸਪਤਾਲ/ਸਰਕਾਰੀ ਕੰਪਲੈਕਸ ਹੋ ਸਕਦਾ ਹੈ), 'ਕਲੀਨ ਸਟਰੀਟ ਫੂਡ ਹੱਬ' ਬਣਾ ਕੇ, ਅਸੀਂ ਦੂਜਿਆਂ ਨੂੰ ਇਨ੍ਹਾਂ ਅਨੁਸਾਰ ਅੱਗੇ ਵਧਣ ਲਈ ਪ੍ਰੇਰ ਸਕਦੇ ਹਾਂ।ਕਮੇਟੀ ਨੇ ਫੂਡ ਸੇਫਟੀ ਟੀਮ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ ਅਤੇ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਅਧੀਨ ਸਾਰੇ ਵਿਕਰੇਤਾਵਾਂ ਅਤੇ ਦੁਕਾਨਾਂ ਨੂੰ ਰਜਿਸਟਰ ਕਰਨ ਅਤੇ ਖਾਣ-ਪੀਣ ਦੀਆਂ ਵਸਤੂਆਂ ਨੂੰ ਤਿਆਰ ਕਰਨ ਅਤੇ ਪਰੋਸਣ ਵਿੱਚ ਸਫ਼ਾਈ ਅਤੇ ਸ਼ੁਧਤਾ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਇੱਕ ਵਿਸ਼ਾਲ ਮੁਹਿੰਮ ਚਲਾਉਣ ਦਾ ਸੰਕਲਪ ਲਿਆ। ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਅਤੇ ਅਧਿਕਾਰੀਆਂ ਵਿੱਚ ਸਿਵਲ ਸਰਜਨ ਡਾ: ਦਵਿੰਦਰ ਢਾਂਡਾ, ਡੀ.ਐਸ.ਪੀ. ਮਾਧਵੀ ਸ਼ਰਮਾ, ਡੀ.ਡੀ.ਪੀ.ਓ. ਦਵਿੰਦਰ ਸ਼ਰਮਾ, ਜ਼ਿਲ੍ਹਾ ਮੰਡੀ ਅਫ਼ਸਰ ਰੁਪਿੰਦਰ ਮਿਨਹਾਸ, ਮੁੱਖ ਖੇਤੀਬਾੜੀ ਅਫ਼ਸਰ ਡਾ: ਹਰਵਿੰਦਰ ਲਾਲ, ਡਿਪਟੀ ਡੀਈਓ (ਐਲੀਮੈਂਟਰੀ) ਵਰਿੰਦਰ ਕੁਮਾਰ, ਡਾ: ਵਿਜੇ ਆਯੂਰਵੈਦਾ ਮੈਡੀਕਲ ਅਫ਼ਸਰ, ਫੂਡ ਸੇਫਟੀ ਅਫਸਰ ਸ਼੍ਰੀਮਤੀ ਸੰਗੀਤਾ ਸਹਿਦੇਵ ਅਤੇ ਦਿਨੇਸ਼ਜੋਤ ਸਿੰਘ, ਬੰਗਾ ਅਤੇ ਬਲਾਚੌਰ ਦੀਆਂ ਮਾਰਕੀਟ ਕਮੇਟੀਆਂ ਦੇ ਸਕੱਤਰ ਵਰਿੰਦਰ ਕੁਮਾਰ ਅਤੇ ਸੁਰਿੰਦਰ ਪਾਲ, ਗੈਰ-ਸਰਕਾਰੀ ਮੈਂਬਰ ਗੁਰਚਰਨ ਅਰੋੜਾ ਅਤੇ ਯਸ਼ਪਾਲ ਸਿੰਘ ਹਾਫਿਜ਼ਾਬਾਦੀ ਸ਼ਾਮਲ ਸਨ।