ਕੈਬਨਿਟ ਮੰਤਰੀ ਨੇ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ’ਚ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ - ਕਿਸਾਨ ਮੇਲੇ ’ਚ ਕਿਸਾਨਾਂ ਨੂੰ ਨਵੀਆਂ ਖੇਤੀ ਤਕਨੀਕਾਂ ਤੋਂ ਕਰਵਾਇਆ ਜਾਣੂ

ਹੁਸ਼ਿਆਰਪੁਰ, 13 ਅਕਤੂਬਰ: ਕੈਬਨਿਟ ਮੰਤਰੀ ਪੰਜਾਬ ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ, ਤਾਂ ਜੋ ਵਾਤਾਵਰਣ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਉਹ ਅੱਜ ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਵਲੋਂ ਆਤਮਾ ਸਕੀਮ ਤਹਿਤ ਵੱਖ-ਵੱਖ ਖੇਤੀ ਤਕਨੀਕਾਂ ਬਾਰੇ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਦੇਣ ਦੇ ਉਦੇਸ਼ ਨਾਲ ਸਥਾਨਕ ਖੇਤੀ ਭਵਨ ਵਿਖੇ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਮੇਅਰ ਸ਼੍ਰੀ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਸ਼ੀ੍ਰਮਤੀ ਪ੍ਰਵੀਨ ਸੈਣੀ ਵੀ ਮੌਜੂਦ ਸਨ। ਕੈਬਨਿਟ ਮੰਤਰੀ ਨੇ ਕਿਹਾ ਕਿ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਪੰਜਾਬ ਸਰਕਾਰ ਵਲੋਂ ਪਿੰਡਾਂ ਵਿਚ ਨੋਡਲ ਅਫ਼ਸਰ ਅਤੇ ਉਨ੍ਹਾਂ ਦੀ ਸਹਾਇਤਾ ਲਈ ਕੋਆਰਡੀਨੇਟਰ ਅਧਿਕਾਰੀ ਲਗਾਏ ਗਏ ਹਨ ਜੋ ਕਿ ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਤੋ ਹੋਣ ਵਾਲੇ ਬੁਰੇ ਪ੍ਰਭਾਵਾਂ ਬਾਰੇ ਜਾਗਰੂਕ ਕਰ ਰਹੇ ਹਨ ਅਤੇ ਇਸ ਸਬੰਧੀ ਕਿਸਾਨਾਂ ਨੂੰ ਸਾਹਿਤ, ਪਿੰਡਾਂ ਵਿਚ ਧਾਰਮਿਕ ਸਥਾਨਾਂ 'ਤੇ ਮੁਨਾਦੀ ਅਤੇ ਪਿੰਡਾਂ ਦੇ ਸਕੂਲਾਂ ਵਿਚ ਜਾਗਰੂਕਤਾ ਰੈਲੀਆਂ ਰਾਹੀਂ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਝੋਨੇ ਦੀ ਫਸਲ ਖਰੀਦਣ ਦੇ ਪੁਖਤਾ ਪ੍ਰਬੰਧ ਕੀਤੇ ਹਨ ਅਤੇ ਫ਼ਸਲ ਦੀ ਅਦਾਇਗੀ ਸਮੇਂ ਸਿਰ ਕੀਤੀ ਜਾਵੇਗੀ। ਇਸ ਕੈਂਪ ਵਿਚ ਉਨ੍ਹਾਂ ਨੇ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਦੇ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ 10 ਕਿਸਾਨਾਂ ਨੂੰ ਸਨਮਾਨਿਤ ਕੀਤਾ। ਕੈਂਪ ਨੂੰ ਸੰਬੋਧਨ ਕਰਦੇ ਹੋਏ ਮੁੱਖ ਖੇਤੀਬਾੜੀ ਅਫ਼ਸਰ ਸ਼੍ਰੀ ਗੁਰਦੇਵ ਸਿੰਘ ਨੇ ਖੇਤੀ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਫ਼ਸਲਾਂ ਦੀ ਰਹਿੰਦ-ਖੂੰਹਦ ਦਾ ਯੋਗ ਪ੍ਰਬੰਧਨ ਕਰਨ ਵਿਚ ਖੇਤੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਮੁਹੱਈਆ ਕਰਵਾਈ ਗਈ ਖੇਤੀ ਮਸ਼ੀਨਰੀ ਦਾ ਪੂਰਾ ਲਾਭ ਉਠਾਉਣ ਅਤੇ ਕਿਸਾਨ ਭੌਂ ਪਰਖ ਦੇ ਆਧਾਰ 'ਤੇ ਪ੍ਰਾਪਤ ਕੀਤੇ ਭੂਮੀ ਸਿਹਤ ਕਾਰਡ ਅਨੁਸਾਰ ਹੀ ਖਾਦਾਂ ਦੀ ਵਰਤੋਂ ਕਰਨ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਇਸ ਸਾਲ ਕਣਕ ਦਾ ਬੀਜ 1000 ਰੁਪਏ ਪ੍ਰਤੀ ਕੁਇੰਟਲ ਸਬਸਿਡੀ ਦੇ ਹਿਸਾਬ ਨਾਲ ਮੁਹੱਈਆ ਕਰਵਾਇਆ ਜਾਵੇਗਾ। ਇਸ ਲਈ ਕਿਸਾਨ ਭਰਾ 13 ਅਕਤੂਬਰ ਤੋਂ 26 ਅਕਤੂਬਰ ਤੱਕ ਬਿਨੈ ਪੱਤਰ ਸਬੰਧਤ ਬਲਾਕ ਦਫ਼ਤਰ ਵਿਚ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਖੇਤੀ ਇਨਪੁਟ ਦੀ ਕੁਆਲਟੀ ਕਿਸਾਨਾਂ ਤੱਕ ਪਹੁੰਚਾਉਣ ਲਈ ਇਨ੍ਹਾਂ ਇਨਪੁਟਸ ਦੇ ਸਮੇਂ-ਸਮੇਂ 'ਤੇ ਵਿਭਾਗ ਵਲੋਂ ਸੈਂਪਲ ਭਰੇ ਜਾਂਦੇ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅੱਜ ਦੇ ਖੇਤੀ ਯੁੱਗ ਵਿਚ ਕਿਸਾਨਾਂ ਨੂੰ ਗਰੁੱਪ, ਸੁਸਾਇਟੀਆਂ ਬਣਾ ਕੇ ਖੇਤੀ ਕਰਨੀ ਚਾਹੀਦੀ ਹੈ, ਤਾਂ ਜੋ ਫਜ਼ੂਲ ਖਰਚਿਆਂ ਦੇ ਬੋਝ ਤੋਂ ਬਚਿਆ ਜਾ ਸਕੇ। ਕੈਂਪ ਦੌਰਾਨ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸਕੱਤਰ ਸ਼੍ਰੀ ਜਸਪਾਲ ਸਿੰਘ ਚੇਚੀ ਤੋਂ ਇਲਾਵਾ ਜ਼ਿਲ੍ਹੇ ਦੇ ਸਮੂਹ ਖੇਤੀ ਅਫ਼ਸਰ ਅਤੇ ਕਰਮਚਾਰੀ, ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਡਾ. ਮਨਿੰਦਰ ਸਿੰਘ ਬੌਂਸ ਅਤੇ ਉਨ੍ਹਾਂ ਦੀ ਟੀਮ ਦੇ ਨਾਲ-ਨਾਲ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਤੋਂ ਭਾਰੀ ਗਿਣਤੀ ਵਿਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਕੈਂਪ ਵਿਚ ਵੱਖ-ਵੱਖ ਸੈਲਫ ਹੈਲਪ ਗਰੁੱਪਾਂ ਅਤੇ ਵਿਭਾਗਾਂ ਦੇ ਪ੍ਰਦਰਸ਼ਨੀ ਦੇ ਸਟਾਲ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ, ਜਿਨ੍ਹਾਂ ਦਾ ਕਿਸਾਨਾਂ ਵਲੋਂ ਭਰਪੂਰ ਲਾਹਾ ਲਿਆ ਗਿਆ।