ਵਿਜੀਲੈਂਸ ਬਿਊਰੋ ਵਲੋਂ ਜਾਗਰੂਕਤਾ ਸਪਤਾਹ - ਸੋਮਵਾਰ ਤੋਂ ਜ਼ਿਲ੍ਹੇ ’ਚ ਪੂਰਾ ਹਫ਼ਤਾ ਵੱਖ-ਵੱਖ ਥਾਂਈਂ ਹੋਣਗੇ ਸਮਾਗਮ

ਨਵਾਂਸ਼ਹਿਰ, 30 ਅਕਤੂਬਰ : ਸੂਬੇ ਭਰ 'ਚ ਵਿਜੀਲੈਂਸ ਬਿਊਰੋ ਵਲੋਂ ਭਿ੍ਰਸ਼ਟਾਚਾਰ ਨੂੰ
ਰੋਕਣ ਲਈ ਲੋਕਾਂ ਨੂੰ ਜਾਗਰੂਕ ਕਰਨ ਹਿੱਤ 31 ਅਕਤੂਬਰ ਤੋਂ 5 ਨਵੰਬਰ ਤੱਕ ਮਨਾਏ ਜਾ
ਰਹੇ 'ਜਾਗਰੂਕਤਾ ਸਪਤਾਹ' ਤਹਿਤ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਵੱਖ-ਵੱਖ ਥਾਂਵਾਂ
'ਤੇ ਜਾਗਰੂਕਤਾ ਸਮਾਗਮ ਕਰਵਾਏ ਜਾਣਗੇ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡੀ ਐਸ
ਪੀ ਵਿਜੀਲੈਂਸ ਬਿਊਰੋ, ਯੂਨਿਟ ਸ਼ਹੀਦ ਭਗਤ ਸਿੰਘ ਨਗਰ ਦੇ ਉੱਪ ਪੁਲਿਸ ਕਪਤਾਨ ਅਰਮਿੰਦਰ
ਸਿੰਘ ਨੇ ਦੱਸਿਆ ਕਿ ਸ. ਰਾਜੇਸ਼ਵਰ ਸਿੰਘ ਸਿੱਧੂ, ਐਸ ਐਸ ਪੀ ਵਿਜੀਲੈਂਸ ਰੇਂਜ, ਜਲੰਧਰ,
ਦੀ ਅਗਵਾਈ ਹੇਠ ਮਨਾਏ ਜਾ ਰਹੇ ਇਸ ਸਪਤਾਹ ਤਹਿਤ ਪਹਿਲਾ ਜਾਗਰੂਕਤਾ ਸਮਾਗਮ ਸੋਮਵਾਰ 31
ਅਕਤੂਬਰ ਨੂੰ ਭਿ੍ਰਸ਼ਟਾਚਾਰ ਖ਼ਿਲਾਫ਼ ਜ਼ਿਲ੍ਹੇ ਦੇ ਸਾਰੇ ਦਫ਼ਤਰਾਂ 'ਚ ਪ੍ਰਣ ਲਏ ਜਾਣਗੇ। ਉਸ
ਤੋਂ ਬਾਅਦ ਦੂਸਰਾ ਸਮਾਗਮ ਪਹਿਲੀ ਨਵੰਬਰ ਨੂੰ ਸ੍ਰੀ ਗੁਰੂ ਰਵਿਦਾਸ ਮੰਦਰ ਪਿੰਡ ਮੱਦੀ
ਮੱਟਵਾਲੀ ਵਿਖੇ ਸਵੇਰੇ 11 ਵਜੇ ਸਮਾਗਮ ਕੀਤਾ ਜਾਵੇਗਾ। 2 ਨਵੰਬਰ ਨੂੰ ਰੇਂਜ ਪੱਧਰ ਦਾ
ਸਮਾਗਮ ਜਲੰਧਰ ਵਿਖੇ ਆਯੋਜਿਤ ਕੀਤਾ ਜਾਵੇਗਾ, ਜਿਸ ਵਿੱਚ ਕਮਿਸ਼ਨਰ, ਜਲੰਧਰ ਡਵੀਜ਼ਨ ਮੁੱਖ
ਮਹਿਮਾਨ ਵਜੋਂ ਪੁੱਜਣਗੇ। ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਐਸ ਡੀ ਐਮ ਬੰਗਾ ਦੀ
ਪ੍ਰਧਾਨਗੀ ਹੇਠ 3 ਨਵੰਬਰ ਨੂੰ ਸਵੇਰੇ 11 ਵਜੇ ਸਮਾਗਮ ਕਰਵਾਇਆ ਜਾਵੇਗਾ ਜਦਕਿ 4 ਨਵੰਬਰ
ਨੂੰ ਡੀ ਏ ਐਨ ਕਾਲਜ ਆਫ਼ ਐਜੂਕੇਸ਼ਨ ਨਵਾਂਸ਼ਹਿਰ ਜ਼ਿਲ੍ਹਾ ਪੱਧਰ ਦਾ ਸਮਾਗਮ ਕਰਵਾਇਆ
ਜਾਵੇਗਾ। ਉੁਨ੍ਹਾਂ ਅੱਗੇ ਦੱਸਿਆ ਕਿ ਸਪਤਾਹ ਦੀ ਸੰਪੂਰਨਤਾ 5 ਨਵੰਬਰ ਨੂੰ ਨਵਾਂਸ਼ਹਿਰ
ਵਿਖੇ ਜਾਗਰੂਕਤਾ ਮਾਰਚ ਰਾਹੀਂ ਕੀਤੀ ਜਾਵੇਗੀ। ਉਨ੍ਹਾਂ ਜ਼ਿਲ੍ਹੇ ਦੇ ਸਮੂਹ
ਅਧਿਕਾਰੀਆਂ/ਕਰਮਚਾਰੀਆਂ ਨੂੰ ਵਿਜੀਲੈਂਸ ਜਾਗਰੂਕ ਸਪਤਾਹ ਦੌਰਾਨ ਹੋਣ ਵਾਲੇ ਸਮਾਗਮਾਂ
'ਚ ਆਪਣੀ ਸ਼ਮੂਲੀਅਤ ਯਕੀਨੀ ਬਣਾਉਣ ਦੀ ਅਪੀਲ ਵੀ ਕੀਤੀ।