ਸਰਕਾਰ ਵੱਲੋਂ ਨਾਲੋ-ਨਾਲ ਅਦਾਇਗੀ ਤੇ ਲਿਫ਼ਟਿੰਗ ਨੇ ਕਿਸਾਨਾਂ ਤੇ ਆੜ੍ਹਤੀਆਂ ਦੇ ਚਿਹਰਿਆਂ ’ਤੇ ਰੌਣਕਾਂ ਲਿਆਂਦੀਆਂ

ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀਆਂ ਮੰਡੀਆਂ 'ਚ 113 ਫ਼ੀਸਦੀ ਲਿਫ਼ਟਿੰਗ ਤੇ 110 ਫ਼ੀਸਦੀ ਅਦਾਇਗੀ
10007 ਕਿਸਾਨਾਂ ਨੂੰ ਹੋਈ ਉਨ੍ਹਾਂ ਦੇ ਖਾਤਿਆਂ 'ਚ ਸਿੱਧੀ ਅਦਾਇਗੀ
ਨਵਾਂਸ਼ਹਿਰ, 21 ਅਕਤੂਬਰ :- ਭਗਵੰਤ ਮਾਨ ਸਰਕਾਰ ਵੱਲੋਂ ਮੰਡੀਆਂ 'ਚ ਝੋਨੇ ਦੀ ਫ਼ਸਲ ਦੀ ਨਾਲੋ-ਨਾਲ ਅਦਾਇਗੀ ਅਤੇ ਲਿਫ਼ਟਿੰਗ ਨੇ ਕਿਸਾਨਾਂ ਅਤੇ ਆੜ੍ਹਤੀਆਂ ਦੇ ਚਿਹਰੇ ਬਾਗ਼ੋ-ਬਾਗ਼ ਕਰ ਦਿੱਤੇ ਹਨ। ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ 'ਚ ਹੁਣ ਤੱਕ ਖਰੀਦੇ ਮਾਲ ਦੀ 72 ਘੰਟਿਆਂ ਦੇ ਹਿਸਾਬ ਨਾਲ 113 ਫ਼ੀਸਦੀ ਲਿਫ਼ਟਿੰਗ ਅਤੇ 48 ਘੰਟਿਆਂ ਦੇ ਹਿਸਾਬ ਨਾਲ 110 ਫ਼ੀਸਦੀ ਅਦਾਇਗੀ ਹੋ ਚੁੱਕੀ ਹੈ। ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਅਨੁਸਾਰ ਜ਼ਿਲ੍ਹੇ ਦੀ ਮੰਡੀਆਂ ਵਿੱਚ 3.81 ਲੱਖ ਮੀਟਿ੍ਰਕ ਟਨ ਝੋਨੇ ਦੀ ਆਮਦ ਅਤੇ ਖਰੀਦ ਦਾ ਟੀਚਾ ਮਿੱਥਿਆ ਗਿਆ ਹੈ ਅਤੇ ਅੱਜ ਸ਼ਾਮ ਤੱਕ 120398 ਮੀਟਿ੍ਰਕ ਟਨ ਦੀ ਖਰੀਦ ਹੋ ਵੀ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਸ ਖਰੀਦ ਕੀਤੀ ਜਿਣਸ 'ਚੋਂ 92837 ਮੀਟਿ੍ਰਕ ਟਨ ਦੀ ਲਿਫ਼ਟਿੰਗ ਕਰ ਲਈ ਗਈ ਹੈ ਜਦਕਿ 211 ਕਰੋੜ ਤੋਂ ਵਧੇਰੇ ਦੀ ਅਦਾਇਗੀ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਅਗਲੇ ਦਿਨਾਂ 'ਚ ਤਿਉਹਾਰ ਨੂੰ ਮੁੱਖ ਰੱਖਦਿਆਂ ਖਰੀਦੀ ਗਈ ਜਿਣਸ ਦੀ ਅਦਾਇਗੀ ਨਾਲ ਦੀ ਨਾਲ ਕਰਨ ਦੀਆਂ ਹਦਾਇਤਾਂ ਨੂੰ ਜ਼ਮੀਨੀ ਪੱਧਰ ਤੱਕ ਖਰੀਦ ਏਜੰਸੀਆਂ ਵੱਲੋਂ ਲਾਗੂ ਕੀਤਾ ਜਾ ਰਿਹਾ ਹੈ।
ਡੀ ਐਫ ਐਸ ਸੀ ਰੇਨੂੰ ਬਾਲਾ ਵਰਮਾ ਅਨੁਸਾਰ ਹੁਣ ਤੱਕ 10007 ਕਿਸਾਨਾਂ ਨੂੰ ਅਦਾਇਗੀ ਸਿੱਧੀ ਉੁਨ੍ਹਾਂ ਦੇ ਖਾਤਿਆਂ 'ਚ ਪਾਈ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਔਸਤਨ ਖਰੀਦ ਤੋਂ ਬਾਅਦ 24 ਤੋਂ 48 ਘੰਟੇ 'ਚ ਅਦਾਇਗੀ ਹੋ ਰਹੀ ਹੈ, ਜਿਸ ਤੋਂ ਕਿਸਾਨ ਦੇ ਨਾਲ-ਨਾਲ ਆੜ੍ਹਤੀ ਵੀ ਖੁਸ਼ ਹਨ। ਉਨ੍ਹਾਂ ਕਿਹਾ ਕਿ ਆੜ੍ਹਤੀ ਇਸ ਗੱਲ ਤੋਂ ਵੀ ਖੁਸ਼ ਹਨ ਕਿ ਲਿਫ਼ਟਿੰਗ ਨਾਲੋ-ਨਾਲ ਚੱਲਣ ਕਾਰਨ ਮੰਡੀਆਂ 'ਚ ਹੋਰ ਫ਼ਸਲ ਆਉਣ 'ਚ ਥਾਂ ਦੀ ਕੋਈ ਮੁਸ਼ਕਿਲ ਨਹੀਂ। ਹੋਰ ਤਾਂ ਹੋਰ ਬਾਰਦਾਨੇ ਦੀ ਵੀ ਕੋਈ ਘਾਟ ਨਹੀਂ ਆਉੁਣ ਦਿੱਤੀ ਜਾ ਰਹੀ।
ਦਾਣਾ ਮੰਡੀ ਨਵਾਂਸ਼ਹਿਰ 'ਚ ਪੁਨੂੰ ਮਜਾਰਾ ਤੋਂ ਆਏ ਕਿਸਾਨ ਸਿਮਰਤਪਾਲ ਸਿੰਘ, ਚਾਹਲਪੁਰ ਤੋਂ ਆਏ ਜਸਬੀਰ ਸਿੰਘ ਤੇ ਸਜਾਵਲਪੁਰ ਤੋਂ ਆਏ ਬਚਿੱਤਰ ਸਿੰਘ ਦਾ ਕਹਿਣਾ ਸੀ ਕਿ ਇਸ ਵਾਰ ਝੋਨੇ ਦਾ ਖਰੀਦ ਸੀਜ਼ਨ ਬਹੁਤ ਹੀ ਵਧੀਆ ਚੱਲ ਰਿਹਾ ਹੈ। ਉਨ੍ਹਾਂ ਦੀ ਫ਼ਸਲ ਵੀ ਨਾਲੋ-ਨਾਲ ਖਰੀਦੀ ਜਾ ਰਹੀ ਹੈ ਅਤੇ ਅਤੇ ਅਦਾਇਗੀ ਵੀ ਬਿਨਾਂ ਦੇਰੀ ਹੋ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਖਰੀਦ ਸੀਜ਼ਨ ਲਈ ਕੀਤੇ ਇਨ੍ਹਾਂ ਪ੍ਰਬੰਧਾਂ ਦਾ ਧੰਨਵਾਦ ਕੀਤਾ। ਉੜਾਪੜ ਤੋਂ ਦਾਣਾ ਮੰਡੀ ਨਵਾਂਸ਼ਹਿਰ ਝੋਨਾ ਲੈ ਕੇ ਆਉਂਦੇ ਅੱਛੀ ਬਹਾਦਰ ਸਿੰਘ ਹੁਣ ਤੱਕ 15 ਖੇਤਾਂ ਦੀ ਫ਼ਸਲ ਨਵਾਂਸ਼ਹਿਰ ਮੰਡੀ 'ਚ ਲਿਆ ਚੁੱਕਾ ਹੈ ਅਤੇ ਜਿਸ ਦਿਨ ਲਿਆਉਂਦਾ ਹੈ, ਉਸੇ ਦਿਨ ਵਿਕ ਜਾਂਦਾ ਹੈ। ਨਵਾਂਸ਼ਹਿਰ ਦੇ ਹੀ ਰਹਿਣ ਵਾਲੇ ਨਿੰਮਾ ਸਿੰਘ ਦਿਆਲ ਹੁਣ ਤੱਕ ਕਰੀਬ 6 ਲੱਖ ਰੁਪਏ ਦੀ ਅਦਾਇਗੀ ਆਪਣੇ ਖਾਤੇ 'ਚ ਪੁਆ ਚੁੱਕੇ ਹਨ। ਨਵਾਂਸ਼ਹਿਰ ਦੇ ਆੜ੍ਹਤੀ ਜਸਤਰਨ ਸਿੰਘ ਵੀ ਸਰਕਾਰ ਵੱਲੋਂ ਕੀਤੇ ਖਰੀਦ ਪ੍ਰਬੰਧਾਂ ਦੀ ਸ਼ਲਾਘਾ ਕਰਦੇ ਹੋਏ ਕਹਿੰਦੇ ਹਨ ਕਿ ਇਸ ਵਾਰ ਕੋਈ ਮੁਸ਼ਕਿਲ ਨਹੀਂ ਆ ਰਹੀ।