ਬਾਦਸ਼ਾਹ ਬਹਾਦਰ ਸ਼ਾਹ ਦੇ ਹੁਕਮਾਂ' ਤੇ ਭਟ ਕੀਰਤ ਜੀ ਦੇ ਤਿੰਨ ਪੋਤੇ ਅਤੇ ਚਾਰ ਪੜਪੋਤੇ ਭਾਵ ਇਨ੍ਹਾਂ ਸੱਤ ਅੰਮ੍ਰਿਤਧਾਰੀ ਕਵੀਆਂ ਨੂੰ ਜਿਊਂਦੇ ਧਰਤੀ ਵਿਚ ਦਫ਼ਨ ਕਰਕੇ ਸ਼ਹੀਦ ਕਰ ਦਿੱਤਾ ਗਿਆ।

11 ਅਕਤੂਬਰ 1711

*ਬਾਦਸ਼ਾਹ ਬਹਾਦਰ ਸ਼ਾਹ ਦੇ ਹੁਕਮਾਂ' ਤੇ ਭਟ ਕੀਰਤ ਜੀ ਦੇ ਤਿੰਨ ਪੋਤੇ ਅਤੇ ਚਾਰ ਪੜਪੋਤੇ ਭਾਵ ਇਨ੍ਹਾਂ ਸੱਤ ਅੰਮ੍ਰਿਤਧਾਰੀ ਕਵੀਆਂ ਨੂੰ ਜਿਊਂਦੇ ਧਰਤੀ ਵਿਚ ਦਫ਼ਨ ਕਰਕੇ ਸ਼ਹੀਦ ਕਰ ਦਿੱਤਾ ਗਿਆ।*

ਬਾਦਸ਼ਾਹ ਬਹਾਦਰ ਸ਼ਾਹ ਵਲੋਂ ਇਹ ਹੁਕਮ, ਇਸ ਕਰਕੇ ਦਿੱਤਾ ਗਿਆ ਕਿਉਂਕਿ ਉਨ੍ਹਾਂ ਦਾ ਕਸੂਰ ਇਤਨਾ ਸੀ ਕਿ ਇਨ੍ਹਾਂ ਨੇ ਅੰਮ੍ਰਿਤ ਛਕ ਕੇ, ਮੁਗ਼ਲ ਰਾਜ ਵਿੱਚ ਸੰਗੀਤ ਗਾਇਨ ਦੀ ਜੁਰਅਤ ਕੀਤੀ ਸੀ। ਇਨ੍ਹਾਂ ਦੇ ਨਾਮ ਸਨ, ਭੱਟ ਕੇਸੋ ਸਿੰਘ ਜੀ, ਭੱਟ ਹਰੀ ਸਿੰਘ ਜੀ ਅਤੇ ਭੱਟ ਭਾਈ ਦੇਸਾ ਸਿੰਘ ਜੀ।ਇਹ ਤੀਨੋ ਭੱਟ ਕੀਰਤ ਜੀ ਦੇ ਪੋਤਰੇ ਸਨ। ਭੱਟ ਕੇਸੋ ਸਿੰਘ ਦਾ ਪੁੱਤਰ ਸੀ ਭਾਈ ਨਰਬਦ ਸਿੰਘ ਅਤੇ ਭਾਈ ਹਰੀ ਸਿੰਘ ਜੀ ਦੇ ਪੁੱਤਰ ਸਨ, ਭਾਈ ਤਾਰਾ ਸਿੰਘ, ਭਾਈ ਸੇਵਾ ਸਿੰਘ ਅਤੇ ਭਾਈ ਦੇਵਾ ਸਿੰਘ ਜੀ।

ਭੱਟ ਕੀਰਤ ਜੀ ਜਿੱਥੇ ਇੱਕ ਮਹਾਨ ਕਵੀ ਹੋਣ ਦੀ ਪ੍ਰਤਿਭਾ ਦੇ ਮਾਲਕ ਸਨ ਉਥੇ ਉਹ ਇਕ ਮਹਾਨ ਯੋਧੇ ਵੀ ਸਨ। ਆਪ ਜੀ ਦੀ ਕਾਵਿ ਨੂੰ ਸਾਹਿਬ ਪਾਤਸ਼ਾਹ ਸ਼ਹੀਦ ਗੁਰੂ ਅਰਜਨ ਦੇਵ ਜੀ ਨੇ ਬਾਣੀ ਦਾ ਦਰਜਾ ਦਿੱਤਾ ਸੀ।
ਇੰਝ ਸਾਹਿਬ ਪਾਤਸ਼ਾਹ ਸ਼ਹੀਦ ਗੁਰੂ ਅਰਜਨ ਦੇਵ ਜੀ ਨੇ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵੇਲੇ ਭਾਈ ਕੀਰਤ ਜੀ ਦੀ ਮੁਬਾਰਕ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਕੀਤਾ ਸੀ।
ਭੱਟ ਕੀਰਤ ਜੀ ਛੇਵੇਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੀ ਫੌਜ ਵਿੱਚ ਇੱਕ ਨਾਮੀ ਫੌਜੀ ਵੀ ਸਨ। ਆਪ ਚੋਥੇ ਸਤਿਗੁਰੂ ਗੁਰੂ ਰਾਮਦਾਸ ਅਤੇ ਸ਼ਹੀਦ ਗੁਰੂ ਅਰਜੁਨ ਦੇਵ ਜੀ ਦੇ ਦਰਬਾਰਾਂ ਵਿੱਚ ਬਤੌਰ ਕਵੀ ਦੇ ਸ਼ਾਮਲ ਰਹਿੰਦੇ ਸਨ।

ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 139 ਤੋਂ ਅੰਗ 1405 ਤੱਕ ਆਪ ਜੀ ਦੇ ਲਿਖੇ ਅੱਠ ਸਵਈਏ ਸ਼ਾਮਿਲ ਹਨ। ਇਹਨਾਂ ਵਿਚੋਂ ਚਾਰ ਸਵਈਏ ਤੀਜੇ ਸਤਿਗੁਰੂ ਗੁਰੂ ਅਮਰਦਾਸ ਜੀ ਦੀ ਅਤੇ ਚਾਰ ਚੌਥੇ ਸਤਿਗੁਰੂ ਗੁਰੂ ਰਾਮਦਾਸ ਜੀ ਦੀ ਵਡਿਆਈ ਵਿੱਚ ਲਿਖੇ ਗਏ ਹਨ।
ਅੱਜ ਵੀ ਭੱਟ ਕੀਰਤ ਦੇ ਮੁਬਾਰਕ ਸਵਈਏ "ਇੱਕ ਅਰਦਾਸਿ ਭਾਟੁ ਕੀਰਤਿ ਕੀ ਗੁਰ ਰਾਮਦਾਸ ਰਾਖਹੁ ਸਰਣਾਈ" ਦੇ ਗਾਇਣ ਦੇ ਨਾਲ ਹੀ ਸ੍ਰੀ ਹਰਿਮੰਦਰ ਸਾਹਿਬ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਪ੍ਰਕਾਸ਼ ਕੀਤਾ ਜਾਂਦਾ ਹੈ।

ਕੀਰਤ ਭੱਟ ਜੀ ਸ਼ਹੀਦ ਭਾਈ ਮਨੀ ਸਿੰਘ ਦੇ ਦਾਦਾ ਜੀ ਭਾਈ ਬੱਲੂ ਜੀ ਦੇ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਲੜਾਈ ਦੇ ਦੋਰਾਨ ਸ਼ਹੀਦ ਹੋ ਗਏ ਸਨ। ਗਿਆਨੀ ਗਰਜਾ ਸਿੰਘ 'ਸ਼ਹੀਦ ਬਿਲਾਸ ਭਾਈ ਮਨੀ ਸਿੰਘ' ਦੀ ਭੂਮਿਕਾ ਵਿੱਚ ਲਿਖਦੇ ਹਨ, "ਕੀਰਤ ਭੱਟ ਦੀ ਸ਼ਹਾਦਤ ਭਾਈ ਮਨੀ ਸਿੰਘ ਦੇ ਦਾਦਾ ਬੱਲੂ ਪਵਾਰ ਸਮੇਤ ਸ੍ਰੀ ਅੰਮ੍ਰਿਤਸਰ ਸਾਹਿਬ, ਵਿਖੇ ਮੁਖਲਸ ਖਾਨ ਫੌਜਦਾਰ ਗੋਰਖਪੁਰੀ ਦੇ ਨਾਲ ਲੜਦਿਆਂ 17 ਵੈਸਾਖ 1691 ਬਿਕਰਮੀ 15 ਅਪਰੈਲ 1634 ਵਾਲੇ ਦਿਨ ਹੋਈ ਸੀ।
ਸੋ ਇਸ ਜੰਗ ਵਿੱਚ ਭੱਟ ਕੀਰਤ ਜੀ ਨੇ ਤੁਰਕਾਂ ਨਾਲ ਲੜਦਿਆਂ ਸ਼ਹਾਦਤ ਦਾ ਜਾਮ ਪੀਤਾ ਸੀ।

ਥੋੜਾ ਜਿਹਾ ਜੇ ਪਿਛੋਕੜ ਵੱਲ ਝਾਤ ਮਾਰੀਏ ਤਾਂ ਜਿਹੜੇ ਇਤਿਹਾਸਕ ਤੱਥ ਸਾਡੇ ਸਾਹਮਣੇ ਆਂਓਦੇ ਹਨ ਉਨ੍ਹਾਂ ਮੁਤਾਬਿਕ 23 ਜੁਲਾਈ,1707 ਵਾਲੇ ਦਿਨ ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੀ ਮੁਲਾਕਾਤ ਬਹਾਦਰ ਸ਼ਾਹ ਦੇ ਨਾਲ ਆਗਰੇ ਦੇ ਲਾਲ ਕਿਲ੍ਹੇ ਵਿੱਚ ਹੋਈ। ਜਿਥੇ ਬਹਾਦਰ ਸ਼ਾਹ ਨੇ ਆਪਣੇ ਦਰਬਾਰ ਵਿਚ ਸਤਿਗੁਰੂ ਜੀ ਨੂੰ 'ਖਿੱਲਤ' ਦੇ ਕੇ ਸਨਮਾਨਿਤ ਕੀਤਾ।
20 ਫ਼ਰਵਰੀ 1707 ਵਾਲੇ ਦਿਨ ਬਾਦਸ਼ਾਹ ਔਰੰਗਜ਼ੇਬ ਮੌਤ ਪਿੱਛੋਂ ਦਿੱਲੀ ਦੀ ਰਾਜਗੱਦੀ ਦੇ ਵਾਰਸਾਂ ਵਲੋਂ ਹਿੰਦੁਸਤਾਨ ਦਾ ਰਾਜ ਤਖਤ ਹਾਸਲ ਕਰਨ ਦੇ ਲਈ ਲੜਾਈ ਸ਼ੁਰੂ ਹੋ ਗਈ, ਇਹ ਜੰਗ ਮੁੱਖ ਤੌਰ ਤੇ ਔਰੰਗਜ਼ੇਬ ਦੇ ਪੁੱਤਰਾਂ, ਸ਼ਹਿਜ਼ਾਦਾ ਤਾਰਾ ਆਜ਼ਮ ਅਤੇ ਸ਼ਹਿਜ਼ਾਦਾ ਮੁਅੱਜ਼ਮ, ਜਿਹੜਾ ਬਾਅਦ ਵਿੱਚ ਬਹਾਦਰ ਸ਼ਾਹ ਕਰ ਕੇ ਜਾਣਿਆ ਗਿਆ, ਵਿਚਕਾਰ ਹੋਈ।

8 ਜੂਨ,1707 ਵਾਲੇ ਦਿਨ ਬਹਾਦੁਰ ਸ਼ਾਹ ਨੇ ਆਪਣੇ ਭਰਾ ਸ਼ਹਿਜ਼ਾਦਾ ਤਾਰਾ ਆਜ਼ਮ ਦੇ ਖਿਲਾਫ ਜੰਗ ਦੇ ਵਿੱਚ ਸਾਹਿਬ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਮਦਦ ਮੰਗੀ ਅਤੇ ਸਾਹਿਬ ਪਾਤਸ਼ਾਹ ਵਲੋਂ ਦਿੱਤੀ ਗਈ ਮਦਦ ਦੇ ਕਾਰਣ ਬਹਾਦਰ ਸ਼ਾਹ ਇਸ ਜੰਗ ਨੂੰ ਜਿੱਤ ਕੇ ਦਿੱਲੀ ਦਾ ਤਖਤ ਹਾਸਲ ਕਰਣ ਵਿੱਚ ਸਫਲ ਹੋ ਗਿਆ। ਇਸ ਜੰਗ ਦਾ ਮੁਕਾਮ ਜਜ਼ਾਊ ਕਿਲ੍ਹਾ ਆਗਰਾ ਵਿਖੇ ਸੀ ਜਿੱਥੇ ਇਹ ਲੜਾਈ ਲੜੀ ਗਈ ਜਿਸ ਵਿੱਚ ਬਹਾਦਰ ਸ਼ਾਹ ਦੀ ਮਦਦ ਦੇ ਲਈ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘਾਂ ਦੀ ਫੌਜ ਭੇਜੀ।

ਸ਼ਹਿਜ਼ਾਦਾ ਤਾਰਾ ਆਜ਼ਮ ਇਸ ਲੜਾਈ ਵਿੱਚ ਈਸਾ ਖਾਂ ਦੇ ਤੀਰ ਦੇ ਨਾਲ ਮਾਰਿਆ ਗਿਆ, ਇਹ ਤੀਰ ਈਸਾ ਖਾਂ ਨੂੰ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਨੇ ਇਨਾਇਤ ਕੀਤਾ ਸੀ।

ਜਿਸ ਵਕਤ ਮੁਗਲ ਸ਼ਹਿਜਾਦੇ ਬਹਾਦਰ ਸ਼ਾਹ ਨੇ ਸਾਹਿਬ ਪਾਤਸ਼ਾਹ ਜੀ ਪਾਸ ਮਦਦ ਦੇ ਲਈ ਪਹੁੰਚ ਕੀਤੀ ਸੀ ਤਾਂ ਸਤਿਗੁਰੂ ਜੀ ਨੇ ਕੁਝ ਸ਼ਰਤਾਂ' ਤੇ ਇਸਨੂੰ ਮਦਦ ਦੇਣ ਦੇ ਲਈ ਪ੍ਰਵਾਨਗੀ ਦਿੱਤੀ ਸੀ।
*ਉਸ ਵਕਤ ਉਸਨੇ ਗੁਰੂ ਜੀ ਵਲੋਂ ਕਹੀਆਂ ਸਾਰੀਆਂ ਗਲਾਂ ਨੂੰ ਝੱਟ ਪ੍ਰਵਾਨ ਕਰ ਲਿਆ ਸੀ ਅਤੇ ਜੰਗ ਜਿੱਤਣ ਤੋਂ ਬਾਅਦ ਸਾਰੇ ਵਾਅਦੇ ਨਿਭਾਉਣ ਦਾ ਵਾਅਦਾ ਕੀਤਾ ਸੀ। ਇਨ੍ਹਾਂ ਵਾਦਿਆਂ ਵਿਚ ਉਨ੍ਹਾਂ ਜ਼ਾਲਮਾਂ ਨੂੰ ਸਿੰਘਾਂ ਦੇ ਹਵਾਲੇ ਕਰਣਾ ਸ਼ਾਮਲ ਸੀ ਜਿਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਸਿੱਖਾਂ ਅਤੇ ਆਮ ਲੋਕਾਂ ਉਤੇ ਅੱਤਿਆਚਾਰ ਕੀਤੇ ਸਨ ।
*ਬਹਾਦਰ ਸ਼ਾਹ ਦੀ ਜਿੱਤ ਤੋਂ ਬਾਅਦ ਜਦੋਂ ਉਹ ਦਿੱਲੀ ਦੇ ਤਖਤ ਤੇ ਬੈਠਾ ਤਾਂ ਸਾਹਿਬ ਪਾਤਸ਼ਾਹ ਨੇ ਉਸ ਨੂੰ ਉਨ੍ਹਾਂ ਦਸ ਅਪਰਾਧੀਆਂ ਦੀ ਲਿਸਟ ਭੇਜੀ ਜਿਨ੍ਹਾਂ ਵਿੱਚ ਵਜ਼ੀਰ ਖਾਨ (ਸਰਹਿੰਦ) ਸੁੱਚਾ ਨੰਦ (ਸਰਹਿੰਦ) ਗੰਗੂ ਬ੍ਰਾਹਮਣ (ਖੇੜੀ) ਜਾਨੀ (ਮੋਰਿੰਡਾ) ਮਾਨੀ (ਮੋਰਿੰਡਾ) ਸ਼ਮਸ ਖਾਨ (ਬਜਵਾੜਾ) ਮੁਕਰਮ ਖਾਨ (ਜਲੰਧਰ) ਅਤੇ ਸ਼ਾਹ ਦਿਲਾਵਰ ਖਾਨ (ਲਾਹੌਰ) ਦੇ ਨਾਂ ਸ਼ਾਮਲ ਸਨ।*
ਗੁਰੂ ਜੀ ਦੇ ਸਹਿਯੋਗ ਸਦਕਾ ਜੰਗ ਜਿੱਤਣ ਅਤੇ ਰਾਜ ਤੱਖਤ ਤੇ ਬੈਠਣ ਮਗਰੋਂ ਬਹਾਦੁਰ ਸ਼ਾਹ ਨੇ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਨਾਲ 23 ਜੁਲਾਈ,1707 ਵਾਲੇ ਦਿਨ ਮੁਲਾਕਾਤ ਕੀਤੀ।ਇਹ ਮੁਲਾਕਾਤ ਆਗਰੇ ਦੇ ਲਾਲ ਕਿਲ੍ਹੇ ਵਿੱਚ ਹੋਈ। ਜਿਥੇ ਬਹਾਦਰ ਸ਼ਾਹ ਨੇ ਗੁਰੂ ਸਾਹਿਬ ਦਾ ਆਪਣੇ ਦਰਬਾਰ ਵਿਚ ਖਿੱਲਤ ਦੇ ਕੇ ਸਨਮਾਨ ਕੀਤਾ।ਇਸ ਖਿੱਲਤ ਵਿੱਚ ਇੱਕ ਤਲਵਾਰ ਅਤੇ ਕੁਝ ਹੋਰ ਤੋਹਫ਼ੇ, ਜੋ ਖਿਲਤ ਦੇ ਰੂਪ ਵਿੱਚ ਭੇਟ ਕੀਤੇ, ਉਨ੍ਹਾਂ ਦੀ ਉਸ ਵਕਤ ਕੀਮਤ, ਇਕ ਅੰਦਾਜ਼ੇ ਦੇ ਮੁਤਾਬਿਕ 60,000 ਮੁਗਲਈ ਸਿੱਕੇ ਸੀ। ਇਸ ਖਿੱਲਤ ਦੇ ਵਿੱਚ ਇੱਕ ਪੁਸ਼ਾਕ ਵੀ ਸੀ। ਸਤਿਗੁਰੂ ਜੀ ਨੇ ਇਹ ਸਾਰੀਆਂ ਵਸਤੂਆਂ ਸੇਵਾਦਾਰ ਨੂੰ ਪਕੜਾ ਦਿੱਤੀਆਂ ਤਾਂ ਮੌਲਵੀਆਂ ਨੇ ਬਾਦਸ਼ਾਹ ਨੂੰ ਕਿਹਾ ਕਿ ਸਤਿਗੁਰੂ ਦਰਬਾਰ ਦੇ ਅਸੂਲਾਂ ਦੀ ੳਲੰਘਣਾ ਕਰ ਰਹੇ ਹਨ ਕਿਉਂਕਿ ਖਿਲਤ ਵਿੱਚ ਪ੍ਰਾਪਤ ਹੋਈ ਪੁਸ਼ਾਕ ਨੂੰ ਬਾਦਸ਼ਾਹ ਦੇ ਸਾਹਮਣੇ ਹੀ ਪਹਿਨਣਾ ਹੁੰਦਾ ਹੈ,ਤਾਂ ਬਾਦਸ਼ਾਹ ਨੇ ਕਿਹਾ ਕਿ ਇਹ ਕਨੂੰਨ ਸਾਡੀ ਸਲਤਨਤ ਦੀ ਪਰਜਾ ਵਾਸਤੇ ਹੈ ਅਤੇ ਸਤਿਗੁਰੂ ਜੀ ਕਿਸੇ ਦੀ ਵੀ ਪਰਜਾ ਨਹੀਂ ਹਨ।

ਇਸ ਮੁਲਾਕਾਤ ਵਿਚ ਬਹਾਦਰ ਸ਼ਾਹ ਨੇ ਵਾਅਦਾ ਕੀਤਾ ਕਿ ਉਹ 1705 ਵਿਚ ਗੁਰੂ ਸਾਹਿਬ ਦਾ ਪਰਿਵਾਰ ਅਤੇ ਬੇਗੁਨਾਹੇ ਲੋਕਾਂ ਨੂੰ ਸ਼ਹੀਦ ਕਰਨ ਵਾਲਿਆਂ ਅਤੇ ਅਨੰਦਪੁਰ ਸਾਹਿਬ 'ਤੇ ਹਮਲਾ ਕਰਨ ਵਾਲਿਆਂ ਨੂੰ ਸਜ਼ਾ ਦੇਵੇਗਾ।
ਪਰ ਵਕਤ ਪੈਣ ਤੇ ਉਹ ਆਪਣੇ ਕੀਤੇ ਵਾਦਿਆਂ ਨੂੰ ਨਿਭਾਉਣ ਵਿੱਚ ਟਾਲਮਟੋਲ ਕਰਣ ਲੱਗਾ ਤਾਂ ਸਾਹਿਬ ਪਾਤਸ਼ਾਹ ਜੀ, ਉਸਦੀ ਦੀ ਨੀਅਤ ਵਿੱਚ ਆਈ ਖੋਟ ਨੂੰ ਸਮਝ ਗਏ।

ਸਤਿਗੁਰੂ ਸਾਹਿਬ ਅਤੇ ਨਵੇਂ ਬਣੇ ਬਾਦਸ਼ਾਹ ਵਿਚਾਲੇ ਵਿਚਾਰ-ਵਟਾਂਦਰੇ ਦਾ ਦੌਰ ਕੁਝ ਸਮੇਂ ਦੇ ਲਈ ਤਾਂ ਜਾਰੀ ਰਿਹਾ ਪਰ ਜਦੋਂ ਸਤਿਗੁਰੂ ਜੀ ਨੇ ਮਹਿਸੂਸ ਕੀਤਾ ਕਿ ਇਹ ਮੁਗਲ ਰਾਜਾ ਹੁਣ ਚੋਪੜੀਆਂ ਚੋਪੜੀਆਂ ਚਾਲਾਂ ਵਰਤ ਰਿਹਾ ਹੈ ਅਤੇ ਚਲਾਕ ਲੂੰਬੜ ਚਾਲਾਂ ਰਾਹੀਂ ਆਪਣੇ ਵਾਅਦਿਆਂ ਨੂੰ ਨਿਭਾਉਣ ਤੋਂ ਦੌੜ ਰਿਹਾ ਹੈ ਤਾਂ ਸਤਿਗੁਰੂ ਜੀ ਨੇ ਉਸ ਦੇ ਨਾਲ ਦੋਸਤੀ ਖਤਮ ਕਰਨ ਦਾ ਫ਼ੈਸਲਾ ਕੀਤਾ।
ਸਤਿਗੁਰੂ ਪਾਤਸ਼ਾਹ ਜੀ ਦੇ ਇਸ ਸੰਸਾਰ ਤੋਂ ਪ੍ਰਸਥਾਨ ਕਰਣ ਤੋਂ ਬਾਅਦ ਬਹਾਦੁਰ ਸ਼ਾਹ ਸਤਿਗੁਰੂ ਜੀ ਅਤੇ ਸਿੱਖਾਂ ਵੱਲੋਂ ਕੀਤੇ ਸਾਰੇ ਅਹਿਸਾਨਾਂ ਨੂੰ ਉੱਕਾ ਹੀ ਭੁੱਲ ਗਿਆ।ਅਸਲ ਵਿੱਚ ਇਹ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਲਗਾਤਾਰ ਹੋ ਰਹੀ ਚੜ੍ਹਤ ਤੋਂ ਬਹੁਤ ਦੁਖੀ ਹੋ ਗਿਆ ਸੀ।
20 ਮਈ,1710 ਵਾਲੇ ਦਿਨ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਨੂੰ ਖਬਰ ਮਿਲੀ ਕਿ ਬਾਬਾ ਸਾਹਿਬ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਸਰਹੰਦ ਦੀ ਇਟ ਨਾਲ ਇਟ ਖੜਕਾ ਕੇ ਸ਼ਹਿਰ ਉੱਤੇ ਮੁਕਮਲ ਕਬਜ਼ਾ ਕਰ ਲਿਆ ਹੈ।ਇਸ ਗਲ ਨੂੰ ਸੁਣ ਕੇ ਇਹ ਹੋਰ ਚਿੜ ਗਿਆ।
25 ਜੁਲਾਈ,1710 ਵਾਲੇ ਦਿਨ ਬਹਾਦੁਰ ਸ਼ਾਹ ਨੇ ਫਿਰੋਜ਼ ਖਾਨ, ਮੁਯਾਰਿਫ਼ ਖ਼ਾਨ ਅਤੇ ਸ਼ਿਕਾਰ ਖ਼ਾਨ ਨੂੰ ਬਾਬਾ ਸਾਹਿਬ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਗ੍ਰਿਫ਼ਤਾਰ ਕਰਨ ਦਾ ਹੁਕਮ ਦਿੱਤਾ। ਇਹ ਬਹਾਦੁਰ ਸ਼ਾਹ ਉਹੀ ਜਿਹੜਾ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੀ ਮਦਦ ਸਦਕਾ ਦਿੱਲੀ ਦੇ ਤਖਤ ਤੇ ਬੈਠਾ ਸੀ ਅਤੇ ਬਾਅਦ ਦੇ ਵਿੱਚ ਸਤਿਗੁਰੂ ਜੀ ਦੇ ਨਾਲ ਕੀਤੇ ਸਾਰਿਆਂ ਵਾਦਿਆਂ ਤੋਂ ਮੁਕਰ ਗਿਆ ਸੀ। ਸਾਹਿਬ ਪਾਤਸ਼ਾਹ ਜੀ ਦੇ ਇਸ ਸੰਸਾਰ ਤੋਂ ਪ੍ਰਸਥਾਨ ਤੋਂ ਮਗਰੋਂ ਇਹ ਸਿੱਖਾਂ ਦੇ ਪੇਸ਼ ਪੈ ਗਿਆ ਸੀ। ਅਸਲ ਵਿੱਚ ਇਹ ਬਾਬਾ ਬੰਦਾ ਸਿੰਘ ਬਹਾਦਰ ਹੁਣਾਂ ਦੀ ਚੜ੍ਹਤ ਬਰਦਾਸ਼ਤ ਨਹੀਂ ਸੀ ਕਰ ਸਕਿਆ।

ਘਬਰਾਹਟ ਵਿੱਚ ਆਏ,ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਨੇ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾਣ ਦੀ ਨੀਅਤ ਦੇ ਨਾਲ ਉਤਰੀ ਭਾਰਤ ਦੇ ਸਾਰੇ ਪਹਾੜੀ ਹਿੰਦੂ ਰਾਜਿਆਂ ਅਤੇ ਮੁਗਲ ਜਰਨੈਲਾਂ ਨੂੰ ਨਾਲ ਲੈਕੇ ਖਾਲਸਾਈ ਫੌਜਾਂ ਨਾਲ ਜੰਗ ਕਰਨ ਲਈ ਜਹਾਦ ਦਾ ਸੱਦਾ ਦੇ ਦਿਤਾ।
ਜਹਾਦ ਦੇ ਨਾਮ 'ਤੇ ਜਜ਼ਬਾਤੀ ਹੋਏ ਲੱਖਾਂ ਮੁਸਲਮਾਨਾਂ ਨੇ ਸ਼ਾਹੀ ਫੌਜ ਨਾਲ ਮਿਲ ਕੇ ਖਾਲਸਾਈ ਫੌਜਾਂ ਵੱਲੋਂ ਜਿੱਤੇ ਇਲਾਕਿਆਂ ਨੂੰ ਮੁੜ ਹਾਸਿਲ ਕਰਨ ਲਈ ਕੂਚ ਕਰ ਦਿੱਤਾ।

ਇਸੇ ਹੀ ਕੜੀ ਵਿੱਚ ਜਦੋਂ ਇਹ ਧਾਰਮਿਕ ਪੱਖੋਂ ਵੀ ਕਟੜਵਾਦੀ ਹੁੰਦਾ ਚਲਾ ਗਿਆ ਤਾਂ ਇਸ ਨੇ ਉਨ੍ਹਾਂ ਦੇ ਨਾਲ ਵੀ ਨਜਿਠਣ ਦਾ ਫੈਸਲਾ ਕਰ ਲਿਆ ਜਿਨ੍ਹਾਂ ਦਾ ਸਿਆਸਤ ਦੇ ਨਾਲ ਕੋਈ ਦੂਰੋਂ ਨੇੜਿਉਂ ਵੀ ਬਾ-ਵਾਸਤਾ ਨਹੀਂ ਸੀ ਪਰ ਉਹ ਧਰਮ ਦੇ ਪੱਖੋਂ ਗੈਰ ਮੁਸਲਮਾਨ ਸਨ ਅਤੇ ਗੁਰੂ ਜੀ ਦੀ ਬਾਣੀ ਪੜ੍ਹਦੇ ਸਨ।

ਇੰਝ ਉਹ ਇਨ੍ਹਾਂ ਬਾਣੀ ਗਾਇਨ ਕਰਣ ਵਾਲਿਆਂ ਨੂੰ ਵੀ ਧਰਮ ਦੇ ਤੁਅਸਬੀ ਪੁਣੇ ਦੇ ਮੁਤਾਬਕ ਇਸਲਾਮ ਦੇ ਉਲਟ ਸਮਝਦਾ ਸੀ। ਇਸ ਤੋਂ ਇਲਾਵਾ ਉਹ ਬਾਬਾ ਸਾਹਿਬ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਚੜ੍ਹਤ ਦੇ ਪਿੱਛੇ ਗੁਰਬਾਣੀ ਦੀ ਸ਼ਕਤੀ ਨੂੰ ਸੋਮਾ ਸਮਝਦਾ ਸੀ ਸੋ ਬਹਾਦਰ ਸ਼ਾਹ ਨੇ ਗੁਰੂ ਬਾਣੀ ਨਾਲ ਗੂੰਜ ਰਹੇ ਇਸ ਪੰਜਾਬ ਪਾਸੋਂ ਗੁਰਬਾਣੀ ਨੂੰ ਖੋਹਣ ਦੇ ਲਈ 17 ਅਕਤੂਬਰ,1711 ਵਾਲੇ ਦਿਨ ਇੱਕ ਸ਼ਾਹੀ ਫੁਰਮਾਨ ਜਾਰੀ ਕੀਤਾ ਸੀ,ਜਿਸ ਦੀ ਸ਼ਬਦਾਵਲੀ ਕੁਝ ਇੰਝ ਸੀ:-
 *"ਨਾਨਕ ਪ੍ਰਸਤਾਂ ਹਰ ਜਾ ਕਿ ਵ ਬੰਦ ਵ ਕਤਲ ਰਸਾਨਦ' ਭਾਵ ਕਿਤੇ ਵੀ ਕੋਈ ਨਾਨਕ ਦਾ ਨਾਮ ਲੈਣ ਵਾਲਾ ਮਿਲੇ ਉਸ ਨੂੰ ਤੁਰੰਤ ਕਤਲ ਕਰ ਦਿੱਤਾ ਜਾਵੇ।* 

ਇਸ ਫੁਰਮਾਨ ਅਧੀਨ ਸੰਨਿਆਸੀਆਂ ਅਤੇ ਉਦਾਸੀਆਂ ਦੇ ਡੇਰੇ ਤੱਕ ਉਜਾੜ ਦਿੱਤੇ ਗਏ ਅਤੇ ਹਿੰਦੂਆਂ ਵਿਰੁੱਧ ਦਾੜ੍ਹੀ ਅਤੇ ਵਾਲ ਨਾ ਰੱਖਣ ਦੀ ਮਨਾਹੀ ਦਾ ਫੁਰਮਾਨ ਵੀ ਜਾਰੀ ਕਰ ਦਿੱਤਾ ਗਿਆ।ਇਸ ਜਬਰ ਦੇ ਦੌਰ ਵਿੱਚ ਹੀ ਭੱਟ ਕੀਰਤ ਜੀ ਦੇ ਤਿੰਨ ਪੋਤੇ ਅਤੇ ਚਾਰ ਪੜਪੋਤੇ ਭਾਵ ਸੱਤ ਅੰਮ੍ਰਿਤਧਾਰੀ ਸਿੰਘ ਧਰਤੀ ਵਿਚ ਜਿਊਂਦੇ ਦਫ਼ਨ ਕਰਕੇ ਸ਼ਹੀਦ ਕਰ ਦਿੱਤੇ ਗਏ ਸਨ। ਇਹ ਸਾਰੇ ਖੰਡੇ ਦੀ ਪਾਹੁਲ ਲੈ ਕੇ ਅੰਮ੍ਰਿਤਧਾਰੀ ਹੋ ਚੁੱਕੇ ਸਨ।
ਇੰਝ ਭੱਟ ਕੀਰਤ ਜੀ ਦੇ ਸਿੰਘ ਸਜੇ ਤਿੰਨ ਪੋਤਿਆਂ ਦੇ ਨਾਮ ਹਨ
ਭਾਈ ਕੇਸੋ ਸਿੰਘ ਜੀ, ਭਾਈ ਹਰੀ ਸਿੰਘ ਜੀ ਤੇ ਭਾਈ ਦੇਸਾ ਸਿੰਘ ਜੀ।
ਭਾਈ ਕੇਸੋ ਸਿੰਘ ਜੀ ਦੇ ਪੁੱਤਰ ਸਨ
ਭਾਈ ਨਰਬਦ ਸਿੰਘ ਅਤੇ
ਭਾਈ ਹਰੀ ਸਿੰਘ ਦੇ ਪੁੱਤਰ ਭਾਈ ਤਾਰਾ ਸਿੰਘ, ਭਾਈ ਸੇਵਾ ਸਿੰਘ ਤੇ ਭਾਈ ਦੇਵਾ ਸਿੰਘ ਸਮੇਤ ਕੁੱਲ 7 ਸਿੰਘ ਭਾਵ ਦੋ ਬਾਪ, ਅਤੇ ਚਾਰ ਪੁੱਤਰ ਇਕੱਠੇ ਦਫ਼ਨ ਕਰਕੇ ਸ਼ਹੀਦ ਕਰ ਦਿੱਤੇ ਗਏ।

ਭੁੱਲਾਂ ਦੀ ਖਿਮਾ ਬਖਸ਼ੋ ਜੀ।