ਪਰਜਾ ਮੰਡਲ ਲਹਿਰ ਦੇ ਮੋਹਰੀ ਆਗੂ, ਪੰਜਾਬ ਦੇ ਸਿਆਸਤਦਾਨ ਜੰਗੀਰ ਸਿੰਘ ਜੋਗਾ

1️⃣1️⃣ ਅਕਤੂਬਰ,1908 ਦਾ ਜਨਮ

ਸਰਦਾਰ ਜੰਗੀਰ ਸਿੰਘ ਜੋਗਾ (11 ਅਕਤੂਬਰ 1908-23 ਅਗਸਤ 2002) ਪਰਜਾ ਮੰਡਲ ਲਹਿਰ ਦੇ ਮੋਹਰੀ ਆਗੂਆਂ ਵਿੱਚੋਂ ਇੱਕ,ਪੰਜਾਬ ਦੇ ਸਿਆਸਤਦਾਨ ਸਨ ਜਿਹਨਾਂ ਨੇ ਚੜ੍ਹਦੀ ਜਵਾਨੀ ਤੋਂ ਆਖਰੀ ਸਾਹਾਂ ਤੱਕ ਲੋਕਾਂ ਦੇ ਹਿੱਤਾਂ ਲਈ ਕੰਮ ਕਰਦਿਆ ਬਤੀਤ ਕੀਤੇ। ਉਹ ਚਾਰ ਵਾਰ ਪੰਜਾਬ ਵਿਧਾਨ ਸਭਾ ਦੇ ਵਿਧਾਇਕ ਵੀ ਰਹੇ।

ਸਰਦਾਰ ਜੰਗੀਰ ਸਿੰਘ ਜੋਗਾ ਦੇ ਜਨਮ ਅਸਥਾਨ ਬਾਰੇ ਵੱਖ-ਵੱਖ ਲਿਖਤਾਂ ਮਿਲਦੀਆਂ ਹਨ ਪਰ ਜੋਗਾ ਜੀ ਦਾ ਆਪਣਾ ਜਨਮ ਸਥਾਨ ਕੁਆਲਾਲਮਪਰ (ਮਲਾਇਆ) ਦਸਿਆ ਜਾਂਦਾ ਹੈ।
ਉਹਨਾਂ ਦਾ ਜਨਮ 11 ਅਕਤੂਬਰ,1908 ਵਿੱਚ ਨੰਬਰਦਾਰ ਉੱਤਮ ਸਿੰਘ ਅਤੇ ਮਾਤਾ ਨਿਹਾਲ ਕੌਰ ਦੇ ਘਰ ਹੋਇਆ। ਉਹ ਅੱਠ ਭੈਣ ਭਰਾਵਾਂ ਵਿਚੋਂ, ਭੈਣ ਧਨ ਕੌਰ ਤੋਂ ਬਾਅਦ ਬਾਕੀਆਂ ਵਿਚੋਂ ਸਭ ਤੋਂ ਵੱਡੇ ਸਨ। ਬਲਵੀਰ ਕੌਰ ਨਾਲ ਸ਼ਾਦੀ ਹੋਈ ਅਤੇ ਦੋ ਬੱਚੇ, ਬੇਟਾ ਗੁਰਦਰਸ਼ਨ ਸਿੰਘ ਅਤੇ ਬੇਟੀ ਅੰਮ੍ਰਿਤਪਾਲ ਕੌਰ ਉਹਨਾਂ ਦੇ ਘਰ ਜਨਮੇ।

ਉਹਨਾਂ ਨੇ ਮੁਢਲੀ ਸਿੱਖਿਆ ਪਿੰਡ ਜੋਗਾ ਦੇ ਪ੍ਰਾਈਵੇਟ ਪ੍ਰਾਇਮਰੀ ਸਕੂਲ ਤੋਂ ਅਤੇ ਅਗਲੀ ਪੜ੍ਹਾਈ ਰਾਜਿੰਦਰਾ ਸਕੂਲ ਬਠਿੰਡਾ ਤੋਂ ਕੀਤੀ। ਦਸਵੀਂ ਜਮਾਤ ਵਿੱਚ ਪੜਦਿਆਂ ਆਪਣੇ ਅਧਿਆਪਕਾਂ ਕਰਮਚੰਦ ਅਤੇ ਬਰਮਾਨੰਦ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਉਹ 14 ਸਾਲ ਦੀ ਛੋਟੀ ਉਮਰ ਵਿੱਚ ਹੀ ਆਜ਼ਾਦੀ ਦੇ ਸੰਘਰਸ਼ ਵਿੱਚ ਕੁੱਦ ਪਏ। ਆਪਣੇ ਅਧਿਆਪਕਾ ਦੇ ਪ੍ਰਭਾਵ ਹੇਠ ਦਸਵੀਂ ਜਮਾਤ ਦੇ ਪੇਪਰ ਦੇਣ ਪਿਛੋਂ ਉਹ ਆਪਣੇ 14 ਹੋਰ ਸਾਥੀਆਂ ਨਾਲ ਲਾਹੋਰ ਮੋਰੀਗੇਟ ਵਿੱਖੇ ਹੋ ਰਹੇ ਜਲਸੇ ਵਿੱਚ ਜਾ ਸ਼ਾਮਲ ਹੋਏ। ਇਹ ਉਹਨਾਂ ਦੀ ਪਹਿਲੀ ਸਿਆਸੀ ਸਰਗਰਮੀ ਸੀ। ਉੱਥੇ ਉਹਨਾਂ ਬਾਬਾ ਖੜਕ ਸਿੰਘ,ਲਾਲਾ ਲਾਜਪਤ ਰਾਏ,ਅਬਦੁਲ ਕਦਰ ਕਸੂਰੀ ਤੇ ਸਰਦੂਲ ਸਿੰਘ ਕਵੀਸ਼ਰ ਵਰਗੇ ਵੱਡੇ ਆਗੂਆਂ ਦੇ ਵਿਚਾਰ ਸੁਣੇ।

ਉਸੇ ਸ਼ਾਮ ਬਰੈਡਲੇ ਹਾਲ ਲਾਹੋਰ ਵਿੱਚ ਇੱਕ ਸੈਮੀਨਾਰ ਹੋ ਰਿਹਾ ਸੀ,ਇਹ ਸਾਰੇ ਸਾਥੀ ਉਥੇ ਜਾ ਪਹੁੰਚੇ। ਨੈਸ਼ਨਲ ਕਾਲਜ ਦੇ ਮੁੱਖੀ ਸ਼ਬੀਲ ਦਾਸ ਤੇ ਭਾਸ਼ਣ ਤੋਂ ਐਨੇ ਪਰਭਾਵਤ ਹੋਏ ਕਿ ਸਵਦੇਸ਼ੀ ਅੰਦੋਲਨ ਵਿੱਚ ਸ਼ਾਮਲ ਹੋ ਕੇ ਆਪਣੇ ਸਾਥੀਆਂ ਸਮੇਤ ਇੱਕ ਸ਼ਰਾਬ ਦੇ ਠੇਕੇ ਅੱਗੇ ਧਰਨਾ ਲਗਾ ਦਿੱਤਾ ਜਿਸ ਕਰ ਕੇ ਉਹਨਾਂ ਨੂੰ ਇੱਕ ਸਾਲ ਦੀ ਕੈਦ ਹੋ ਗਈ ਸੀ।
ਲਾਹੋਰ ਜੇਲ ਵਿਚੋਂ ਰਿਹਾ ਹੋਣ ਤੋਂ ਬਾਅਦ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਤੇ ਭਾਈ ਫੇਰੂ ਮੋਰਚੇ ਵਿੱਚ ਸ਼ਾਮਲ ਹੋ ਗਏ ਇੱਥੇ ਵੀ ਉਹਨਾਂ ਨੂੰ ਇੱਕ ਸਾਲ ਦੀ ਕੈਦ ਹੋ ਗਈ।
ਉਹ ਅਕਾਲੀ ਦਲ ਦੀ ਪਟਿਆਲਾ ਰਿਆਸਤੀ ਕਮੇਟੀ ਦੇ ਜਨਰਲ/ਸਕਤਰ ਵੀ ਰਹੇ ਤੇ ਉਪਰਲੀ ਵਰਕਿੰਗ ਕਮੇਟੀ ਦੇ ਮੈਂਬਰ ਵੀ ਰਹੇ।
ਕੁੱਲ ਮਿਲਾ ਕੇ ਜੰਗੀਰ ਸਿੰਘ ਜੋਗਾ ਨੇ ਆਪਣੀ ਜ਼ਿੰਦਗੀ ਦੇ ਲਗਪਗ 14 ਸਾਲ (ਲਾਹੌਰ,ਸ੍ਰੀ ਅੰਮ੍ਰਿਤਸਰ ਸਾਹਿਬ,ਕੈਮਲਪੁਰ, ਦੀ ਅਗਵਾਈ ਪਟਿਆਲਾ ਰਿਆਸਤ ਅਤੇ ਨਾਭਾ ਦੀਆਂ)ਜੇਲਾਂ ਵਿੱਚ ਬਿਤਾਏ।
ਉਹਨਾਂ ਨੇ ਅਕਾਲੀ ਮੋਰਚਿਆਂ, ਪਰਜਾ ਮੰਡਲ ਲਹਿਰ, ਮੁਜਾਰਾ ਲਹਿਰ, ਲਾਲ ਪਾਰਟੀ ਅਤੇ ਕਮਿਊਨਿਸਟ ਪਾਰਟੀ ਦੇ ਸੰਘਰਸ਼ਾਂ ਵਿੱਚ ਸਰਗਰਮ ਹਿੱਸਾ ਲਿਆ।
1954 ਵਿੱਚ ਜਗੀਰ ਸਿੰਘ ਮੁਜਾਰਾ ਲਹਿਰ ਦੇ ਧੜੱਲੇਦਾਰ ਆਗੂ ਹੋਣ ਕਰ ਕੇ ਜੇਹਲ ਵਿੱਚ ਬੰਦ ਸਨ ਕਿ 1954 ਦੀਆਂ ਵਿਧਾਨਸਭਾ ਚੋਣਾ ਦਾ ਐਲਾਨ ਹੋ ਗਿਆ।ਕਾਮਰੇਡ ਤੇਜਾ ਸਿੰਘ ਸੁਤੰਤਰ ਦੀ ਅਗਵਾਈ ਵਾਲੀ ਲਾਲ ਪਾਰਟੀ(ਕਮਿਊਨਿਸੱਟ)ਨੇ ਉਹਨਾਂ ਨੂੰ ਮਾਨਸਾ ਹਲਕੇ ਤੋਂ ਵਿਧਾਨ ਸਭਾ ਲਈ ਉਮੀਦਵਾਰ ਬਣਾ ਲਿਆ। ਲੋਕਾਂ ਨੇ ਜੇਹਲ ਵਿੱਚ ਬੈਠੇ ਕਾਮਰੇਡ ਜੋਗਾ ਜੀ ਨੂੰ ਜਿੱਤਾ ਕੇ ਵਿਧਾਨ ਸਭਾ ਵਿੱਚ ਭੇਜ ਦਿੱਤਾ। ਇਸ ਤੋਂ ਬਾਅਦ ਉਹ ਤਿੰਨ ਵਾਰ ਫੇਰ (1962, 1967 ਅਤੇ 1972) ਵਿੱਚ ਮਾਨਸਾ ਹਲਕੇ ਤੋਂ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ ਸਨ।