ਜ਼ੀਰੋ ਡਾਊਨ ਪੇਮੈਂਟ ਤੇ ਪੁਰਾਣਾ ਡੀਜ਼ਲ ਆਟੋ ਦੇਕੇ ਲਿਤਾ ਜਾ ਸਕੇਗਾ ਨਵਾਂ ਈ-ਆਟੋ
ਅੰਮ੍ਰਿਤਸਰ, 08 ਅਕਤੂਬਰ : ਸ਼ਹਿਰ ਦੀ ਜਨਤਕ ਆਵਾਜਾਈ ਨੂੰ ਬਿਹਤਰ ਬਣਾਉਣ ਅਤੇ ਪ੍ਰਦੂਸ਼ਣ ਘਟਾਉਣ ਲਈ ਪੁਰਾਣੇ ਡੀਜਲ ਆਟੋ ਨੂੰ ਈ-ਆਟੋ ਨਾਲ ਬਦਲਣ ਵਾਸਤੇ ਅੰਮ੍ਰਿਤਸਰ ਸਮਾਰਟ ਸਿਟੀ ਦੇ "ਰਾਹੀ"(ਰੀਜੁਵੀਨੇਸ਼ਨ ਆਫ਼ ਆਟੋ ਰਿਕਸ਼ਾ ਇਨ ਅੰਮ੍ਰਿਤਸਰ ਥਰੂ ਹੋਲਿਸਟਿਕ ਇੰਟਰਵੈਂਸ਼ਨ ) ਪ੍ਰੋਜੈਕਟ ਤਹਿਤ ਹੁਣ 75 ਹਜਾਰ ਰੁਪਏ ਦੀ ਥਾਂ 1.25 ਲੱਖ ਰੁਪਏ ਦੀ ਕੈਸ਼ ਸਬਸਿਡੀ ਮਿਲੇਗੀ । ਦੱਸਣਯੋਗ ਹੈ ਕਿ ਸਮਾਰਟ ਸਿਟੀ ਮਿਸ਼ਨ ਤਹਿਤ ਸ਼ਹਿਰ ਵਿੱਚ ਪੁਰਾਣੇ ਡੀਜ਼ਲ ਆਟੋ ਨੂੰ ਈ-ਆਟੋ ਦੇ ਨਾਲ ਬਦਲਣ ਲਈ ਸਰਕਾਰ ਦੁਆਰਾ ਰਾਹੀ ਸਕੀਮ ਦੀ ਸ਼ੁਰੂਆਤ ਕੀਤੀ ਗਈ ਸੀ । ਜਿਸਦੇ ਤਹਿਤ ਆਟੋ ਰਿਕਸ਼ਾ ਡਰਾਇਵਰਾਂ ਨੂੰ ਪਹਿਲਾਂ 75 ਹਜ਼ਾਰ ਰੁਪਏ ਦੀ ਸਬਸਿਡੀ ਅਤੇ ਆਸਾਨ ਦਰ ਤੇ ਕਰਜ਼ਾ ਦਿਤਾ ਜਾ ਰਿਹਾ ਸੀ। ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਸਮਾਰਟ ਸਿਟੀ ਦੇ ਸੀ.ਈ.ਓ ਅਤੇ ਨਗਰ ਨਿਗਮ ਕੰਮਿਸ਼ਨਰ ਕੁਮਾਰ ਸੌਰਭ ਰਾਜ ਨੇ ਦਸਿਆ ਕਿ ਆਟੋ ਰਿਕਸ਼ਾ ਯੂਨੀਅਨਾਂ ਅਤੇ ਡਰਾਇਵਰਾਂ ਨਾਲ ਗੱਲ ਕਰਕੇ ਇਹ ਪਤਾ ਲੱਗਾ ਸੀ ਕਿ ਪਹਿਲਾਂ ਆਟੋ ਰਿਕਸ਼ਾ ਡਰਾਇਵਰਾਂ ਨੂੰ ਈ-ਆਟੋ ਲੈਣ ਲਈ ਲੱਗ-ਭਗ 50 ਹਜ਼ਾਰ ਰੁਪਏ ਦੀ ਡਾਊਨ ਪੇਮੈਂਟ ਕਰਨੀ ਹੁੰਦੀ ਸੀ, ਪਰ ਉਨ੍ਹਾਂ ਦੀ ਆਰਥਿਕ ਹਾਲਤ ਇਸ ਤਰ੍ਹਾਂ ਦੀ ਨਹੀਂ ਹੈ ਕਿ ਉਹ ਡਾਊਨ ਪੇਮੈਂਟ ਕਰ ਸਕਣ। ਇਸਦੇ ਇਲਾਵਾ ਆਟੋ ਡਰਾਇਵਰਾਂ ਦੁਆਰਾ ਸਬਸਿਡੀ ਵਧਾਉਣ ਦੀ ਵੀ ਮੰਗ ਕੀਤੀ ਗਈ ਸੀ। ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਵਲੋਂ ਹੁਣ ਸਬਸਿਡੀ ਨੂੰ ਵਧਾਇਆ ਗਿਆ ਹੈ ਅਤੇ ਹੁਣ ਇਸ ਨੂੰ ਅਪਫਰੰਟ ਮੋਡ ਤੇ ਦਿਤਾ ਜਾਏਗਾ, ਤਾਕਿ ਆਟੋ ਰਿਕਸ਼ਾ ਡਰਾਇਵਰਾਂ ਤੋਂ ਬੋਝ ਨੂੰ ਘੱਟ ਕੀਤਾ ਜਾ ਸਕੇ। ਉਹਨਾਂ ਦਸਿਆ ਕਿ ਸਰਕਾਰ ਵਲੋਂ ਰਾਹੀ ਸਕੀਮ ਤਹਿਤ ਸਟੇਟ ਬੈਂਕ ਤੋਂ ਇਲਾਵਾ ਹੋਰ ਬੈਂਕਾਂ ਨੂੰ ਵੀ ਇੰਪੈਨੇਲਡ ਕੀਤਾ ਜਾ ਰਿਹਾ ਹੈ। ਜਿਸਦੇ ਤਹਿਤ ਕੇਨਰਾ ਬੈਂਕ, ਇੰਡੀਅਨ ਬੈਂਕ, ਯੂਨੀਅਨ ਬੈਂਕ, ਐਚ.ਡੀ.ਐਫ.ਸੀ ਬੈਂਕ ਅਤੇ ਪੰਜਾਬ ਗ੍ਰਾਮੀਣ ਬੈਂਕ ਤੋਂ ਪ੍ਰਸਤਾਵ ਮਿਲੇ ਚੁਕੇ ਹਨ। ਉਨ੍ਹਾਂ ਦਸਿਆ ਕਿ ਰਾਹੀ ਸਕੀਮ ਦਾ ਲਾਭ ਲੈਣ ਲਈ ਚਾਹਵਾਨ ਡਰਾਈਵਰ ਦਾ ਅੰਮ੍ਰਿਤਸਰ ਆਟੋ ਰਿਕਸ਼ਾ ਕਾਰਪੋਰੇਟਿਵ ਸੋਸਾਇਟੀ ਦਾ ਮੈਂਬਰ ਹੋਣਾ ਜਰੂਰੀ ਹੈ । ਇਸੇ ਤਰ੍ਹਾਂ ਈ-ਆਟੋ ਲੈਣ ਦੇ ਲਈ ਚਾਹਵਾਨ ਡਰਾਈਵਰ ਕੋਲ ਅਧਾਰ ਕਾਰਡ ਜਾਂ ਵੋਟਰ ਕਾਰਡ, ਆਟੋ ਦੀ ਆਰ.ਸੀ, ਡਰਾਈਵਿੰਗ ਲਾਇਸੈਂਸ ਅਤੇ ਅੰਮ੍ਰਿਤਸਰ ਆਟੋ ਰਿਕਸ਼ਾ ਕਾਰਪੋਰੇਟਿਵ ਸੋਸਾਇਟੀ ਦੀ ਮੈਂਬਰ ਸਲਿੱਪ ਹੋਣੀ ਜਰੂਰੀ ਹੈ । ਇਨਾ ਦਸਤਾਵੇਜ਼ਾਂ ਨੂੰ ਲੈਕੇ ਡਰਾਈਵਰ ਇੰਪੈਨੇਲਡ ਕੰਪਨੀਆਂ ਮਹਿੰਦਰਾ ਅਤੇ ਪਿਆਜਿਓ ਦੀ ਡੀਲਰਸ਼ਿਪ ਤੇ ਜਾਕੇ ਆਪਣੀ ਅਰਜੀ ਦੇ ਸਕਦਾ ਹੈ ।
ਉਹਨਾਂ ਦਸਿਆ ਕਿ ਪ੍ਰੋਜੈਕਟ ਤੋਂ ਸ਼ਹਿਰ ਦਾ ਵਾਤਾਵਰਨ ਸਾਫ ਹੋਣ ਦੇ ਨਾਲ-ਨਾਲ ਆਟੋ ਰਿਕਸ਼ਾ ਡਰਾਇਵਰਾਂ ਦੀ ਕਮਾਈ ਵਿੱਚ ਵੀ ਵਾਧਾ ਹੋਵੇਗਾ। ਕਿਉਕਿ ਇਸ ਸਮੇਂ ਡੀਜ਼ਲ ਦੇ ਰੇਟ ਤੇ ਆਟੋ ਨੂੰ ਚਲਾਉਣ ਦੀ ਕੀਮਤ ਪ੍ਰਤੀ ਕਿ.ਮੀ 4 ਤੋਂ 5 ਰੁਪਏ ਹੈ ਅਤੇ ਈ-ਆਟੋ ਵਿੱਚ ਲੱਗਭਗ 0.68 ਪੈਸੇ ਪ੍ਰਤੀ ਕਿ.ਮੀ. ਹੈ । ਰਾਹੀ ਪ੍ਰੋਜੈਕਟ ਦੇ ਤਹਿਤ ਆਟੋ ਰਿਕਸ਼ਾ ਡਰਾਇਵਰਾਂ ਦੇ ਪਰਿਵਾਰ ਦੀਆਂ ਔਰਤਾਂ ਦੇ ਲਈ ਮੁਫ਼ਤ ਵਿੱਚ ਸਕਿਲ ਡਿਵੈਲਪਮੈਂਟ ਕੋਰਸ ਵੀ ਕਰਵਾਏ ਜਾ ਰਹੇ ਹਨ । ਜਿਸਦੇ ਤਹਿਤ ਕਟਿੰਗ ਐਂਡ ਟੇਲਰਿੰਗ, ਬਿਊਟੀ ਪਾਰਲਰ, ਕੰਪਿਊਟਰ ਓਪਰੇਟਰ ਅਤੇ ਫ਼ੂਡ ਐਂਡ ਫਰੂਟ ਪ੍ਰੇਜਰਵੇਸ਼ਨ ਦੇ ਕੋਰਸ ਆਲ ਇੰਡੀਆ ਵੂਮੈਨ ਕਾਨਫਰੰਸ ਦੀ ਬੱਸ ਸਟੈਂਡ ਦੇ ਨੇੜੇ ਦੀ ਸ਼ਾਖਾ ਤੋਂ ਕੀਤੇ ਜਾ ਸਕਦੇ ਹਨ।