ਕਾਰਲਟਨ ਯੂਨੀਵਰਸਿਟੀ ਕੈਨੇਡਾ ਤੋਂ ਨਰਸਿੰਗ ਪ੍ਰੋਗਰਾਮ ਪਾਸ ਕਰਨ ਵਾਲੇ ਢਾਹਾਂ ਕਲੇਰਾਂ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਨੂੰ ਕਨੈਡੀਅਨ ਕੌਂਸਲੇਟ ਜਰਨਲ ਨੇ ਸਰਟੀਫਿਕੇਟ ਤਕਸੀਮ ਕੀਤੇ

ਕਾਰਲਟਨ ਯੂਨੀਵਰਸਿਟੀ ਕੈਨੇਡਾ ਤੋਂ ਨਰਸਿੰਗ ਪ੍ਰੋਗਰਾਮ ਪਾਸ ਕਰਨ ਵਾਲੇ ਢਾਹਾਂ ਕਲੇਰਾਂ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਨੂੰ ਕਨੈਡੀਅਨ ਕੌਂਸਲੇਟ ਜਰਨਲ ਨੇ ਸਰਟੀਫਿਕੇਟ ਤਕਸੀਮ ਕੀਤੇ

ਬੰਗਾ : 13 ਅਕਤੂਬਰ  :- ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ ਕਾਰਲਟਨ ਯੂਨੀਵਰਸਿਟੀ ਕੈਨੇਡਾ ਤੋਂ ਪ੍ਰੋਫੈਸ਼ਨਲ ਡਿਵੈਲਪਮੈਂਟ ਪ੍ਰੋਗਰਾਮ ਇਨ ਨਰਸਿੰਗ ਕੋਰਸ ਪਾਸ ਕਰਨ ਵਾਲੇ ਕਾਲਜ ਵਿਦਿਆਰਥੀਆਂ ਨੂੰ ਅੱਜ ਸ੍ਰੀ ਫ੍ਰੈਂਕੋਇਸ ਡੁਟਿਲ ਕੌਂਸਲੇਟ ਜਨਰਲ ਆਫ਼ ਕੈਨੇਡਾ (ਚੰਡੀਗੜ੍ਹ) ਨੇ ਆਪਣੇ ਕਰ ਕਮਲਾਂ ਨਾਲ ਸਰਟੀਫਿਕੇਟ ਤਕਸੀਮ ਕੀਤੇ ਅਤੇ ਕੋਰਸ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ । ਸਰਟੀਫਿਕੇਟ ਸਰਮਨੀ ਮੌਕੇ ਸ੍ਰੀ  ਫ੍ਰੈਂਕੋਇਸ ਡੁਟਿਲ  ਨੇ ਨਰਸਿੰਗ ਕਾਲਜ  ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਢਾਹਾਂ ਕਲੇਰਾਂ ਦੇ ਬਾਨੀ ਪ੍ਰਧਾਨ ਬਾਬਾ ਬੁੱਧ ਸਿੰਘ ਢਾਹਾਂ ਜੀ ਵੱਲੋਂ ਪੰਜਾਬ ਦੇ ਪੇਂਡੂ ਅਤੇ ਪੱਛੜੇ ਖੇਤਰ ਵਿਚ ਨਰਸਿੰਗ ਵਿੱਦਿਆ ਦੀ ਵੱਡੀ ਸੰਸਥਾ ਸਥਾਪਿਤ ਕਰ ਕੇ ਲੜਕੀਆਂ ਨੂੰ ਆਪਣੇ ਪੈਰਾਂ ਤੇ ਖੜ੍ਹੇ ਕਰਨ ਦੇ ਕਾਰਜ ਦੀ ਭਾਰੀ ਸ਼ਲਾਘਾ ਕੀਤੀ। ਆਪਣੇ ਸੰਬੋਧਨ ਵਿਚ ਸ੍ਰੀ  ਫ੍ਰੈਂਕੋਇਸ ਡੁਟਿਲ ਨੇ ਢਾਹਾਂ ਕਲੇਰਾਂ ਨਰਸਿੰਗ ਕਾਲਜ ਦਾ ਧੰਨਵਾਦ ਕਰਦੇ ਕਿਹਾ ਕਿ,''ਇਸ ਕਾਲਜ ਤੋਂ ਡਿਗਰੀ ਪ੍ਰਾਪਤ ਕਰਨ ਵਾਲੇ ਨਰਸਿੰਗ ਵਿਦਿਆਰਥੀ ਕੈਨੇਡਾ ਦੀਆਂ ਵੱਖ-ਵੱਖ ਸਿਹਤ ਸੇਵਾਵਾਂ ਅਤੇ ਮੈਡੀਕਲ ਲੀਡਰਸ਼ਿਪ ਦੇ ਖੇਤਰ ਵਿਚ ਸ਼ਾਨਦਾਰ ਸੇਵਾਵਾਂ ਪ੍ਰਦਾਨ ਕਰ ਰਹੇ ਹਨ''। ਉਨ੍ਹਾਂ ਨੇ ਮੌਜੂਦਾ ਸਮੇਂ ਇੰਟਰਨੈਸ਼ਨਲ ਲੈਵਲ 'ਤੇ ਨਰਸਿੰਗ ਕਿੱਤੇ ਦੀ ਲੋੜ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ, ''ਕੈਨੇਡਾ ਵਿਚ ਮੈਡੀਕਲ ਸਿਹਤ ਸੇਵਾਵਾਂ ਦੇ ਖੇਤਰ ਵਿਚ ਨਰਸਾਂ ਦੀ ਬਹੁਤ ਲੋੜ ਹੈ, ਇਸ ਲਈ ਨਰਸਿੰਗ ਵਿਦਿਆਰਥੀ ਨੂੰ ਪੂਰੀ ਮਿਹਨਤ ਨਾਲ ਆਪਣੀ ਪੜ੍ਹਾਈ ਕਰਨੀ ਚਾਹੀਦੀ ਹੈ।'' ਇਸ ਮੌਕੇ ਸ੍ਰੀ  ਫ੍ਰੈਂਕੋਇਸ ਡੁਟਿਲ ਨੇ ਸਮੂਹ ਨਰਸਿੰਗ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੁਨਹਿਰੀ ਭਵਿੱਖ ਲਈ ਸ਼ੁੱਭ ਕਾਮਨਾਵਾਂ ਵੀ ਭੇਟ ਕੀਤੀਆਂ ।
            ਬਰਜਿੰਦਰ ਸਿੰਘ ਢਾਹਾਂ ਸੀਨੀਅਰ ਮੀਤ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਨੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਢਾਹਾਂ ਕਲੇਰਾਂ ਵਿਖੇ ਸਥਾਪਿਤ ਵਿੱਦਿਅਕ ਅਦਾਰਿਆਂ ਬਾਰੇ ਜਾਣਕਾਰੀ ਦਿੰਦੇ ਦੱਸਿਆ ਬਾਨੀ ਪ੍ਰਧਾਨ ਬਾਬਾ ਬੁੱਧ ਸਿੰਘ ਢਾਹਾਂ ਦੀ ਦੂਰ ਅੰਦੇਸ਼ੀ ਸੋਚ ਸਦਕਾ ਪੰਜਾਬ ਦੀ ਲੜਕੀਆਂ ਲਈ ਸਿੱਖਿਅਤ ਕਰਨ ਅਤੇ ਉਨ੍ਹਾਂ ਨੂੰ ਰੁਜ਼ਗਾਰ ਪ੍ਰਾਪਤੀ ਦੇ ਕਾਬਲ ਬਣਾਉਣ ਲਈ ਇਹ ਨਰਸਿੰਗ ਕਾਲਜ ਸਥਾਪਿਤ ਕੀਤਾ ਗਿਆ ਸੀ। ਇਸ ਨਰਸਿੰਗ ਕਾਲਜ ਤੋਂ ਦੋ ਹਜ਼ਾਰ ਤੋਂ ਵੱਧ ਲੜਕੀਆਂ ਨਰਸਿੰਗ ਦੀ ਡਿਗਰੀ ਪ੍ਰਾਪਤ ਕਰ ਕੇ ਦੇਸ ਵਿਦੇਸ਼ ਵਿਚ ਵੱਖ ਵੱਖ ਮੈਡੀਕਲ ਅਤੇ ਸਿਹਤ ਸੰਸਥਾਵਾਂ ਵਿਚ ਆਪਣੀ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਉਨ੍ਹਾਂ ਕਿਹਾ ਕਿ,''ਆਉਣ ਵਾਲੇ ਸਮੇਂ ਵਿਚ ਢਾਹਾਂ ਕਲੇਰਾਂ ਵਿਖੇ ਨਰਸਿੰਗ ਕਾਲਜ ਅਤੇ ਹਸਪਤਾਲ ਵਿਚ ਅਨੇਕਾਂ ਵਿਭਾਗਾਂ ਦਾ ਵਾਧਾ ਕੀਤਾ ਜਾ ਰਿਹਾ। ਇਹਨਾਂ ਨਾਲ ਨਰਸਿੰਗ ਵਿਦਿਆਰਥੀਆਂ ਨੂੰ ਇੰਟਰਨੈਸ਼ਨਲ ਪੱਧਰ ਦੀ ਵਧੀਆ ਸਿੱਖਿਆ ਪ੍ਰਾਪਤ ਕਰਨ ਮੌਕਾ ਮਿਲੇਗਾ ਅਤੇ ਇਲਾਕਾ ਨਿਵਾਸੀਆਂ ਵਧੀਆ ਮੈਡੀਕਲ ਸਹੂਲਤਾਂ ਮਿਲਣਗੀਆਂ।''
            ਡਾ. ਐੱਸ ਐੱਸ ਗਿੱਲ  ਡਾਇਰੈਕਟਰ ਹੈਲਥ ਅਤੇ ਐਜ਼ੂਕੇਸ਼ਨ (ਸਾਬਕਾ ਵਾਈਸ ਚਾਂਸਲਰ ਬਾਬਾ ਫਰੀਦ ਯੂਨੀਵਰਸਿਟੀ)  ਨੇ ਦੱਸਿਆ ਕਿ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਪੇਂਡੂ ਖੇਤਰ ਦਾ ਪਹਿਲਾ ਨਰਸਿੰਗ ਕਾਲਜ ਸੀ।ਡਾ. ਗਿੱਲ ਨੇ ਕਿਹਾ ਕਿ,''ਇਸ ਨਰਸਿੰਗ ਕਾਲਜ ਕਰਕੇ ਹੀ ਆਮ ਲੋਕਾਂ ਵਿਚ ਆਪਣੇ ਬੱਚਿਆਂ ਨੂੰ ਨਰਸਿੰਗ ਸਿੱਖਿਆ ਪ੍ਰਦਾਨ ਕਰਨ ਦਾ ਉਤਸ਼ਾਹ ਪ੍ਰਾਪਤ ਹੋਇਆ ਸੀ ਅਤੇ ਢਾਹਾਂ ਕਲੇਰਾਂ ਤੋਂ ਪ੍ਰੇਰਣਾ ਲੈ ਕੇ ਪੰਜਾਬ ਵਿਚ ਇੱਕ ਸੌ ਤੋਂ ਵੱਧ ਨਰਸਿੰਗ ਕਾਲਜ ਸਥਾਪਿਤ ਹੋ ਚੁੱਕੇ ਹਨ।''
           ਡਾ. ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਨੇ ਮੁੱਖ ਮਹਿਮਾਨ ਅਤੇ ਪਤਵੰਤੇ ਸੱਜਣਾਂ ਨੂੰ ਜੀ ਆਇਆਂ ਕਿਹਾ ਅਤੇ ਕਾਲਜ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ । ਇਸ ਤੋਂ ਪਹਿਲਾਂ ਟਰੱਸਟ ਦਫਤਰ ਵਿਖੇ ਸ੍ਰੀ ਫ੍ਰੈਕੋਇਸ ਡੁਟਿਲ ਕੌਂਸਲੇਟ ਜਨਰਲ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ  ਉਹਨਾਂ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦਾ ਦੌਰਾ ਵੀ ਕੀਤਾ।
        ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਵਿਖੇ ਸਰਟੀਫਿਕੇਟ ਸਰਮਨੀ ਸਮਾਗਮ ਵਿਚ ਸ.ਮਲਕੀਅਤ ਸਿੰਘ ਬਾਹੜੋਵਾਲ ਮੀਤ ਪ੍ਰਧਾਨ, ਸ. ਕੁਲਵਿੰਦਰ ਸਿੰਘ ਢਾਹਾਂ ਜਨਰਲ ਸਕੱਤਰ, ਅਮਰਜੀਤ ਸਿੰਘ ਕਲੇਰਾਂ ਚੇਅਰਮੈਨ ਫਾਈਨਾਂਸ, ਮੈਡਮ ਰਮਨਦੀਪ ਕੌਰ ਵਾਈਸ ਪ੍ਰਿੰਸੀਪਲ, ਮਹਿੰਦਰਪਾਲ ਸਿੰਘ ਸੁਪਰਡੈਂਟ, ਮੈਡਮ ਸੁਖਮਿੰਦਰ ਕੌਰ, ਮੈਡਮ ਜੋਤਸਨਾ ਕੁਮਾਰੀ, ਮੈਡਮ ਰਾਬੀਆ ਹਾਟਾ, ਮੈਡਮ ਸਰੋਜ ਬਾਲਾ,  ਮੈਡਮ ਗਗਨਦੀਪ ਕੌਰ ਤੋਂ ਇਲਾਵਾ ਸਮੂਹ ਨਰਸਿੰਗ ਅਧਿਆਪਕ ਅਤੇ ਵਿਦਿਆਰਥੀ ਸਰਟੀਫਿਕੇਟ ਸਰਮਨੀ ਵਿਚ ਹਾਜ਼ਰ ਸਨ।

ਫ਼ੋਟੋ ਕੈਪਸ਼ਨ : ਕਾਰਲਟਨ ਯੂਨੀਵਰਸਿਟੀ ਕੈਨੇਡਾ ਤੋਂ ਨਰਸਿੰਗ ਪ੍ਰੋਗਰਾਮ ਪਾਸ ਕਰਨ ਵਾਲੀ  ਵਿਦਿਆਰਥਣ ਪ੍ਰਭਜੋਤ ਕੌਰ ਨੂੰ ਸਰਟੀਫਿਕੇਟ ਭੇਟ ਕਰ ਕੇ ਸਨਮਾਨਿਤ ਕਰਦੇ ਹੋਏ ਸ੍ਰੀ ਫ੍ਰੈਂਕੋਇਸ ਡੁਟਿਲ ਕੌਂਸਲੇਟ ਜਨਰਲ ਆਫ਼ ਕੈਨੇਡਾ (ਚੰਡੀਗੜ੍ਹ) ਨਾਲ ਸਹਿਯੋਗ ਦੇ ਰਹੇ ਹਨ ਸ. ਬਰਜਿੰਦਰ ਸਿੰਘ ਢਾਹਾਂ, ਡਾ. ਸੁਰਿੰਦਰ ਜਸਪਾਲ ਪ੍ਰਿੰਸੀਪਲ, ਰਮਨਦੀਪ ਕੌਰ ਵਾਈਸ ਪ੍ਰਿੰਸੀਪਲ