ਕਿ੍ਰਸ਼ੀ ਵਿਗਿਆਨ ਕੇਂਦਰ ਲੰਗੜੋਆ ਵੱਲੋਂ ਪਰਾਲੀ ਦੀ ਸਾਂਭ-ਸੰਭਾਲ ਲਈ ਪਿੰਡ ਰਾਮ ਰਾਏਪੁਰ ਵਿਖੇ 5 ਦਿਨਾਂ ਸਿਖਲਾਈ ਕੋਰਸ ਲਾਇਆ ਗਿਆ

ਪਰਾਲੀ ਦੀ ਸੰਭਾਲ ਦੇ ਵੱਖ-ਵੱਖ ਢੰਗਾਂ ਤੋਂ ਕਰਵਾਇਆ ਜਾਣੂ
ਨਵਾਂਸ਼ਹਿਰ, 7 ਅਕਤੂਬਰ : - ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਸਥਿਤ ਕਿ੍ਰਸ਼ੀ ਵਿਗਿਆਨ ਕੇਂਦਰ ਲੰਗੜੋਆ  ਵੱਲੋਂ ਪਰਾਲੀ ਦੀ ਸਾਂਭ-ਸੰਭਾਲ ਲਈ ਪਿੰਡ ਰਾਮਰਾਏਪੁਰ ਵਿਖੇ 5 ਦਿਨਾਂ ਸਿਖਲਾਈ ਕੋਰਸ ਲਗਾਇਆ ਗਿਆ। ਕਿਸਾਨ ਵੀਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਿ੍ਰਸ਼ੀ ਵਿਗਿਆਨ ਕੇਂਦਰ ਲੰਗੜੋਆ ਦੇ ਡਿਪਟੀ ਡਾਇਰੈਕਟਰ ਡਾ.ਅਮਨਦੀਪ ਬਰਾੜ ਨੇ ਕਿਸਾਨਾਂ ਨੂੰ ਪਰਾਲੀ ਨੂੰ ਖੇਤਾਂ ਵਿੱਚ ਅੱਗ ਲਗਾਉਣ ਨਾਲ ਵਾਤਾਵਰਣ ਨੂੰ ਹੋ ਰਹੇ ਨੁਕਸਾਨ ਬਾਰੇ ਦੱਸਿਆ ਅਤੇ ਨਾਲ ਹੀ ਪਰਾਲੀ ਦੀ ਸਾਂਭ ਸੰਭਾਲ ਲਈ ਵੱਖ-ਵੱਖ ਮਸ਼ੀਨਾਂ ਜੋ ਕਿ੍ਰਸ਼ੀ ਵਿਗਿਆਨ ਕੇਂਦਰ ਵਿਖੇ ਉਪਲੱਬਧ ਹਨ, ਬਾਰੇ ਜਾਣਕਾਰੀ ਦਿੱਤੀ।ਖੇਤੀਬਾੜੀ ਇੰਜੀਨੀਅਰ ਡਾ. ਕਿਰਨਦੀਪ ਨੇ ਦੱਸਿਆ ਕਿ ਪਰਾਲੀ ਦੇ ਨਿਪਟਾਰੇ ਦੀਆਂ ਤਿੰਨ ਵਿਧੀਆਂ ਹਨ। ਪਹਿਲੀ ਵਿਧੀ ਵਿੱਚ ਝੋਨੇ ਦੀ ਫ਼ਸਲ ਸੁਪਰ ਐਸ ਐਮ ਐਸ ਪ੍ਰਣਾਲੀ ਨਾਲ ਲੈਸ ਕੰਬਾਈਨ ਨਾਲ ਕੱਟ ਲਈ ਜਾਂਦੀ ਹੈ ਅਤੇ ਪਰਾਲੀ ਨੂੰ ਖੇਤ ਵਿੱਚ ਹੀ ਰਹਿਣ ਦਿੱਤਾ ਜਾਂਦਾ ਹੈ। ਅਗਲੀ ਫ਼ਸਲ ਜੋ ਕਿ ਪੰਜਾਬ ਵਿੱਚ ਮੁੱਖ ਤੌਰ 'ਤੇ ਕਣਕ ਹੀ ਹੈ, ਦੀ ਬਿਜਾਈ ਹੈਪੀ ਸੀਡਰ, ਸੁਪਰ ਸੀਡਰ ਜਾਂ ਸਮਾਰਟ ਸੀਡਰ ਆਦਿ ਦੀ ਵਰਤੋਂ ਕਰਕੇ ਕਰ ਦਿੱਤੀ ਜਾਂਦੀ ਹੈ। ਦੂਜੀ ਵਿਧੀ ਵਿੱਚ ਪਰਾਲੀ ਨੂੰ ਖੇਤ ਵਿੱਚ ਵਾਹ ਦਿੱਤਾ ਜਾਂਦਾ ਹੈ। ਇਸ ਮੰਤਵ ਲਈ ਉਲਟਾਵੇਂ ਹਲ, ਮਲਚਰ, ਰੋਟਾਵੇਟਰ, ਤਵੀਆਂ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ। ਤੀਜੀ ਵਿਧੀ ਵਿੱਚ ਪਰਾਲੀ ਨੂੰ ਖੇਤ ਵਿਚੋਂ ਬਾਹਰ ਕੱਢਿਆ ਜਾਂਦਾ ਹੈ, ਜਿਸ ਲਈ ਬੇਲਰ ਮਸ਼ੀਨ ਦੀ ਵਰਤੋਂ ਕੀਤੀ ਜਾਂਦੀ ਹੈ।ਇਸ ਮੌਕੇ ਪਸ਼ੂ ਪਾਲਣ ਮਾਹਰ ਡਾ. ਤੇਜਬੀਰ ਸਿੰਘ ਨੇ ਪਸ਼ੂਆਂ ਦੇ ਚਾਰੇ ਵਿੱਚ ਅਤੇ ਹੋਰ ਪਸ਼ੂ ਪਾਲਣ ਕੰਮਾਂ, ਜਿਨ੍ਹਾਂ ਵਿੱਚ ਫ਼ਸਲੀ ਰਹਿੰਦ-ਖੂਹੰਦ ਦੀ ਵਰਤੋਂ ਹੋ ਸਕਦੀ ਹੈ, ਬਾਰੇ ਵੀ ਚਾਨਣਾ ਪਾਇਆ ਅਤੇ ਪਸ਼ੂਆਂ ਦੀ ਸਿਹਤ ਸੰਭਾਲ ਸਬੰਧੀ ਨੁਕਤੇ ਦੱਸੇ। ਸਬਜ਼ੀ ਵਿਗਿਆਨ ਮਾਹਰ ਡਾ. ਆਰਤੀ ਵਰਮਾ ਨੇ ਫ਼ਸਲੀ ਚੱਕਰ ਵਿੱਚ ਸਬਜ਼ੀਆਂ ਦੀ ਕਾਸ਼ਤ 'ਤੇ ਜ਼ੋਰ ਦੇਣ ਦੇ ਨਾਲ ਨਾਲ ਖੁੰਬਾਂ ਦੀ ਕਾਸ਼ਤ ਵਿੱਚ ਪਰਾਲੀ ਦੀ ਵਰਤੋਂ ਬਾਰੇ ਵੀ ਜਾਣਕਾਰੀ ਦਿੱਤੀ।ਪੌਦਾ ਰੋਗ ਮਾਹਰ ਡਾ. ਬਲਜੀਤ ਸਿੰਘ ਨੇ ਪਰਾਲੀ ਵਾਲੇ ਖੇਤਾਂ ਵਿੱਚ ਕੀਟ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ। ਭੋਜਨ ਵਿਗਿਆਨ ਮਾਹਰ ਡਾ ਸ਼ਿਖਾ ਬਠਲਾ ਨੇ ਚੰਗੀ ਖੁਰਾਕ ਦੀ ਮਹਤਤਾ ਬਾਰੇ ਜਾਣਕਾਰੀ ਦਿੱਤੀ। ਮਿ. ਰੇਨੂ ਬਾਲਾ ਨੇ ਕੇ.ਵੀ.ਕੇ. ਦੀਆਂ ਗਤੀਵਿਧਿਆਂ ਬਾਰੇ ਜਾਣਕਾਰੀ ਦਿੱਤੀ। ਇਸ 5 ਦਿਨਾਂ ਸਿਖਲਾਈ ਕੋਰਸ ਦੌਰਾਨ ਕਿਸਾਨ ਵੀਰਾਂ ਨੂੰ ਪਰਾਲੀ ਦੀ ਸਾਂਭ-ਸੰਭਾਲ ਅਤੇ ਹਾੜ੍ਹੀ ਦੀਆਂ ਫਸਲਾਂ ਦੀਆਂ ਪੁਸਤਕਾਂ ਵੀ ਦਿੱਤੀਆਂ ਗਈਆਂ। ਅਖੀਰ ਵਿੱਚ ਡਿਪਟੀ ਡਾਇਰੈਕਟਰ ਡਾ. ਅਮਨਦੀਪ ਬਰਾੜ ਨੇ ਆਏ ਹੋਏ ਕਿਸਾਨ ਵੀਰਾਂ ਦਾ ਅਤੇ ਪਿੰਡ ਦੇ ਸਰਪੰਚ ਦਾ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ।