ਹੁਸ਼ਿਆਰਪੁਰ, 3 ਅਕਤੂਬਰ: ਪੰਜਾਬੀ ਸਾਹਿਤ ਸਭਾ ਹੁਸ਼ਿਆਰਪੁਰ (ਰਜਿ.) ਨੇ ਭਾਸ਼ਾ ਵਿਭਾਗ ਦਫ਼ਤਰ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਜ਼ਿਲ੍ਹਾ ਲਾਇਬ੍ਰੇਰੀ ਵਿਖੇ ਮਹਾਂਕਵੀ ਭਾਈ ਸੰਤੋਖ ਸਿੰਘ ਦੇ ਜੀਵਨ ਤੇ ਰਚਨਾ ਨੂੰ ਲੈ ਕੇ ਸਮਾਗਮ ਕਰਵਾਇਆ। ਸਮਾਗਮ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਮਦਨ ਵੀਰਾ ਨੇ ਕੀਤੀ। ਸਭਾ ਦੇ ਸਕੱਤਰ ਡਾ. ਜਸਵੰਤ ਰਾਏ ਨੇ ਆਏ ਹੋਏ ਸਾਹਿਤਕਾਰਾਂ ਨੂੰ ਜੀ ਆਇਆਂ ਆਖ਼ਦਿਆਂ ਪ੍ਰੋਗਰਾਮ ਦੀ ਰੂਪ-ਰੇਖਾ ਸਾਂਝੀ ਕੀਤੀ। ਮਹਾਂਕਵੀ ਭਾਈ ਸੰਤੋਖ ਸਿੰਘ ਦੇ ਜੀਵਨ ਤੇ ਸਾਹਿਤ ਬਾਰੇ ਮੁਖ ਭਾਸ਼ਣ ਪੇਸ਼ ਕਰਦਿਆਂ ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਭਾਈ ਸਾਹਿਬ ਬ੍ਰਿਜ ਭਾਸ਼ਾ ਦੇ ਬਹੁਤ ਵੱਡੇ ਵਿਦਵਾਨ ਸਨ। ਆਪਣਾ ਲੰਬਾ ਸਮਾਂ ਉਨ੍ਹਾਂ ਕੈਥਲ ਹਰਿਆਣਾ 'ਚ ਗੁਜ਼ਾਰਿਆ ਤੇ ਇਥੇ ਹੀ ਮਹਾਰਾਜਾ ਉਦੈ ਸਿੰਘ ਦੇ ਕਹਿਣ ਤੇ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੇ 14 ਵੱਡੇ ਭਾਗ ਤਿਆਰ ਕੀਤੇ। ਇਨ੍ਹਾਂ ਗ੍ਰੰਥਾਂ ਵਿੱਚ ਉਨ੍ਹਾਂ ਲਗਭਗ ਸੱਤ ਹਜ਼ਾਰ ਛੰਦਾਂ ਵਿੱਚ ਗੁਰੂ ਸਾਹਿਬਾਨ ਦੇ ਜੀਵਨ ਬਿਰਤਾਂਤ ਨੂੰ ਕਵਿਤਾ ਵਿਚ ਬਹੁਤ ਅਲੋਕਾਰ ਢੰਗ ਨਾਲ ਪੇਸ਼ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਬਾਲਮੀਕ ਰਮਾਇਣ ਨੂੰ ਵੀ ਇਹੋ ਰੰਗ ਦਿੱਤਾ ਹੈ। ਹੋਰ ਵੀ ਬਹੁਤ ਸਾਰੀਆਂ ਸਾਹਿਤਕ ਕਿਰਤਾਂ ਨੂੰ ਉਨ੍ਹਾਂ ਆਪਣੇ ਅਧਿਐਨ ਦਾ ਕੇਂਦਰ ਬਿੰਦੂ ਬਣਾਇਆ ਹੈ। ਡਾ. ਸਾਹਿਬ ਨੇ ਕਿਹਾ ਕਿ ਭਾਈ ਵੀਰ ਸਿੰਘ ਨੇ ਬਹੁਤ ਮਿਹਨਤ ਨਾਲ ਆਲੋਚਨਾਤਮਕ ਨਜ਼ਰੀਏ ਤੋਂ ਮਹਾਂਕਵੀ ਦੇ ਕੀਤੇ ਕੰਮ ਨੂੰ ਸਾਹਮਣੇ ਲਿਆ ਕੇ ਇਕ ਮਾਰਮਿਕ ਕੰਮ ਕੀਤਾ ਹੈ। ਭਾਸ਼ਣ ਤੋਂ ਬਾਅਦ ਸੰਵਾਦ ਵਿਚ ਹਿੱਸਾ ਲੈ ਕੇ ਡਾ. ਹਰਪ੍ਰੀਤ ਸਿੰਘ, ਜਸਵੀਰ ਸਿੰਘ ਧੀਮਾਨ ਤੇ ਰਾਜ ਕੁਮਾਰ ਵਲੋਂ ਕੀਤੇ ਸਵਾਲਾਂ ਦੇ ਡਾ. ਕਰਮਜੀਤ ਸਿੰਘ ਨੇ ਜਵਾਬ ਵੀ ਦਿੱਤੇ। ਇਸ ਉਪਰੰਤ ਚੱਲੇ ਕਵੀ ਦਰਬਾਰ ਵਿੱਚ ਮਹਿੰਦਰ ਦੀਵਾਨਾ, ਡਾ. ਸ਼ਮਸ਼ੇਰ ਮੋਹੀ, ਧੀਮਾਨ ਸਾਹਿਬ, ਤ੍ਰਿਪਤਾ ਕੇ ਸਿੰਘ, ਹਰਦਿਆਲ ਹੁਸ਼ਿਆਰਪੁਰੀ, ਬਲਜੀਤ ਝੂਟੀ, ਪ੍ਰਭਜੋਤ ਕੌਰ, ਰਾਜ ਕੁਮਾਰ, ਹਰਦਿਆਲ ਸਿੰਘ, ਬਬੀਤਾ ਰਾਣੀ, ਮਨਜੀਤ ਕੌਰ, ਰਕੇਸ਼ ਫੁੱਲ, ਤੀਰਥ ਚੰਦ ਸਰੋਆ, ਪਵਨ ਕੁਮਾਰ, ਪੁਸ਼ਪਾ ਰਾਣੀ, ਅੰਕੁਸ਼ ਰਾਏ, ਹੁਰਾਂ ਆਪਣੀਆਂ ਸੱਜਰੀਆਂ ਰਚਨਾਵਾਂ ਨਾਲ ਹਾਜ਼ਰੀ ਲਵਾਈ। ਪ੍ਰਧਾਨਗੀ ਭਾਸ਼ਣ ਵਿੱਚ ਮਦਨ ਵੀਰਾ ਨੇ ਡਾ. ਕਰਮਜੀਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਹਿਤ ਸਭਾ ਨੇ ਜ਼ਿਲ੍ਹੇ ਤੋਂ ਬਾਹਰੀ ਵੱਡੇ ਕਵੀ ਦੀਆਂ ਸਾਹਿਤਕ ਰਚਨਾਵਾਂ ਨਾਲ ਸੰਵਾਦ ਰਚਾ ਕੇ ਨਵੇਂ ਸਿਖਾਂਦਰੂਆਂ ਲਈ ਸਕੂਲਿੰਗ ਦਾ ਪਿੜ ਤਿਆਰ ਕਰਨ ਵਿਚ ਮਾਰਮਿਕ ਭੂਮਿਕਾ ਨਿਭਾਈ। ਪੇਸ਼ ਰਚਨਾਵਾਂ ਤੇ ਉਨ੍ਹਾਂ ਭਾਵਪੂਰਤ ਟਿਪਣੀਆਂ ਵੀ ਕੀਤੀਆਂ। ਸਮਾਗਮ ਦੌਰਾਨ ਸਟੇਜ ਦੀ ਕਾਰਵਾਈ ਡਾ. ਜਸਵੰਤ ਰਾਏ ਨੇ ਸੰਭਾਲੀ।