ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣ ’ਚ ਨਹੀਂ ਛੱਡੀ ਜਾਵੇਗੀ ਕੋਈ ਕਮੀ - ਬ੍ਰਮ ਸ਼ੰਕਰ ਜਿੰਪਾ

ਕੈਬਨਿਟ ਮੰਤਰੀ ਨੇ 12.50 ਲੱਖ ਰੁਪਏ ਦੀ ਲਾਗਤ ਨਾਲ ਵਾਰਡ ਨੰਬਰ 31 ਦੇ ਸੰਤ ਨਗਰ ਵਿਚ ਸੁਤੈਹਿਰੀ ਨਾਲੇ 'ਚ ਪਾਈਪ ਪਾਉਣ ਦੇ ਕੰਮ ਦੀ ਕਰਵਾਈ ਸ਼ੁਰੂਆਤ
ਹੁਸ਼ਿਆਰਪੁਰ, 8 ਅਕਤੂਬਰ:ਕੈਬਨਿਟ ਮੰਤਰੀ ਸ਼੍ਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣ ਵਿਚ ਕੋਈ ਕਮੀ ਨਹੀਂ ਛੱਡੀ ਜਾਵੇਗੀ ਅਤੇ ਸਾਰੇ ਪੈਂਡਿੰਗ ਕੰਮਾਂ ਨੂੰ ਜਲਦ ਪੂਰਾ ਕਰ ਲਿਆ ਜਾਵੇਗਾ। ਉਹ ਵਾਰਡ ਨੰਬਰ 31 ਦੇ ਸੰਤ ਨਗਰ ਵਿਚ ਸੁਤੈਹਿਰੀ ਰੋਡ ਨਾਲੇ ਵਿਚ ਪਾਈਪ ਪਾਉਣ ਦੇ ਕੰਮ ਦੀ ਸ਼ੁਰੂਆਤ ਦੌਰਾਨ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਮੇਅਰ ਸ਼੍ਰੀ ਸੁਰਿੰਦਰ ਕੁਮਾਰ ਤੇ ਸੀਨੀਅਰ ਡਿਪਟੀ ਮੇਅਰ ਸ਼੍ਰੀਮਤੀ ਪ੍ਰਵੀਨ ਸੈਣੀ ਵੀ ਮੌਜੂਦ ਸਨ। ਕੈਬਨਿਟ ਮੰਤਰੀ ਨੇ ਕਿਹਾ ਕਿ ਵਾਰਡ ਨੰਬਰ 31 ਵਿਚ ਨਾਲੇ ਵਿਚ ਪਾਈਪ ਪਾਉਣ ਦਾ ਕੰਮ ਵਾਰਡ ਕੌਂਸਲਰ ਸ਼ੀ੍ਰਮਤੀ ਮੋਨਿਕਾ ਕਤਨਾ ਦੇ ਯਤਨਾਂ ਨਾਲ ਸ਼ੁਰੂ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 12.50 ਲੱਖ ਰੁਪਏ ਦੀ ਲਾਗਤ ਨਾਲ ਇਸ ਨਾਲੇ ਵਿਚ ਪਾਈਪ ਪਾਉਣ ਦਾ ਕੰਮ ਕਰਵਾਇਆ ਜਾ ਰਿਹਾ ਹੈ ਜੋ ਕਿ ਜਲਦ ਪੂਰਾ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਸੁਤੈਹਿਰੀ ਰੋਡ ਤੋਂ ਨਾਲੇ ਰਾਹੀਂ ਪਾਣੀ ਰੇਲਵੇ ਰੋਡ ਨੂੰ ਨਿਕਲਦਾ ਸੀ ਅਤੇ ਸਹੀ ਨਿਕਾਸੀ ਨਾ ਹੋਣ ਕਾਰਨ ਵਾਰਡ ਵਿਚ ਕਾਫ਼ੀ ਪਾਣੀ ਇਕੱਠ ਹੋ ਜਾਂਦਾ ਸੀ। ਹੁਣ ਪਾਣੀ ਦੀ ਸਹੀ ਨਿਕਾਸੀ ਹੋਵੇਗੀ ਅਤੇ ਲੋਕਾਂ ਨੂੰ ਗੰਦਗੀ ਤੋਂ ਵੀ ਰਾਹਤ ਮਿਲੇਗੀ।  
ਇਸ ਮੌਕੇ ਕੌਂਸਲਰ ਮੋਨਿਕਾ ਕਤਨਾ, ਪ੍ਰਦੀਪ ਕੁਮਾਰ ਬਿੱਟੂ, ਮਨਜੀਤ ਕੌਰ, ਖਰੈਤੀ ਲਾਲ ਕਤਨਾ, ਐਕਸੀਅਨ ਕੁਲਦੀਪ ਸਿੰਘ, ਤੀਰਥ ਰਾਮ, ਸਤਵੰਤ ਸਿੰਘ ਸਿਆਣ, ਗੰਗਾ ਪ੍ਰਸਾਦ ਤੋਂ ਇਲਾਵਾ ਹੋਰ ਪਤਵੰਤੇ ਮੌਜੂਦ ਸਨ।