ਭਗਵੰਤ ਮਾਨ ਸਰਕਾਰ ਖੇਤੀਬਾੜੀ ਨੂੰ ਲਾਹੇਵੰਦਾ ਧੰਦਾ ਬਣਾਉਣ ਅਤੇ ਕਿਸਾਨਾਂ ਦੀ ਖੁਸ਼ਹਾਲੀ ਲਈ ਵਚਨਬੱਧ- ਐਮ ਐਲ ਏ ਸੰਤੋਸ਼ ਕਟਾਰੀਆ

ਕਿਸਾਨਾਂ ਨੂੰ ਪਰਾਲੀ ਦਾ ਨਿਪਟਾਰਾ ਅੱਗ ਲਾਏ ਬਿਨਾਂ ਕਰਨ ਦਾ ਦਿੱਤਾ ਗਿਆ ਸੁਨੇਹਾ
ਜ਼ਿਲ੍ਹਾ ਪੱਧਰੀ ਕਿਸਾਨ ਮੇਲੇ 'ਚ ਐਮ ਐਲ ਏ ਡਾ. ਨਛੱਤਰ ਪਾਲ, ਸੀਨੀਅਰ ਆਪ ਆਗੂਆਂ ਲਲਿਤ ਮੋਹਨ ਪਾਠਕ, ਕੁਲਜੀਤ ਸਰਹਾਲ ਨੇ ਸਰਕਾਰ ਦੀਆਂ ਕਿਸਾਨ ਪੱਖੀ ਨੀਤੀਆਂ ਨੂੰ ਸਰਾਹਿਆ
ਨਵਾਂਸ਼ਹਿਰ, 4 ਅਕਤੂਬਰ : ਕਿਸਾਨਾਂ ਨੂੰ ਹਾੜ੍ਹੀ ਦੀਆਂ ਫਸਲਾਂ ਬਾਰੇ ਤਕਨੀਕੀ ਜਾਣਕਾਰੀ ਦੇਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਜ਼ਿਲ੍ਹਾ ਪੱਧਰ ਦਾ ਕਿਸਾਨ ਮੇਲਾ ਬਾਜੀਦ ਪੈਲੇਸ ਰਾਹੋਂ ਰੋਡ ਨਵਾਂਸ਼ਹਿਰ ਵਿਖੇ ਲਗਾਇਆ ਗਿਆ। ਮੇਲੇ ਦਾ ਉਦਘਾਟਨ ਮੁੱਖ ਮਹਿਮਾਨ ਸ੍ਰੀਮਤੀ ਸੰਤੋਸ਼ ਕਟਾਰੀਆ ਐਮ.ਐਲ.ਏ. ਬਲਾਚੌਰ ਨੇ ਕੀਤਾ।
ਉਨ੍ਹਾਂ ਆਪਣੇ ਸੰਬੋਧਨ 'ਚ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਖੇਤੀਬਾੜੀ ਨੂੰ ਲਾਹੇਵੰਦਾ ਧੰਦਾ ਬਣਾਉਣ ਅਤੇ ਕਿਸਾਨਾਂ ਦੀ ਖੁਸ਼ਹਾਲੀ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਲਈ ਭਗਵੰਤ ਮਾਨ ਸਰਕਾਰ ਪੂਰੀ ਤਰ੍ਹਾਂ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਹਰ ਵਰਗ ਦੇ ਨਾਲ-ਨਾਲ ਕਿਸਾਨਾਂ ਦੀ ਭਲਾਈ ਲਈ ਵੀ ਸਰਕਾਰ ਵੱਲੋਂ ਵਿਸ਼ੇਸ਼ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਲ੍ਹ ਦੇ ਸੈਸ਼ਨ 'ਚ ਗੰਨੇ ਦਾ ਭਾਅ ਵੀਹ ਰੁਪਏ ਪ੍ਰਤੀ ਕੁਇੰਟਲ ਵਧਾਇਆ ਗਿਆ। ਕੇਂਦਰ ਵੱਲੋਂ ਬਣਾਏ ਕਾਲੇ ਖੇਤੀ ਕਾਨੂੰਨਾਂ ਖਿਲਾਫ਼ ਵੀ ਸਭ ਤੋਂ ਪਹਿਲਾਂ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਹੀ ਬਤੌਰ ਐਮ ਪੀ ਅਵਾਜ਼ ਉਠਾਈ ਸੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕਿਸਾਨ ਹਿਤਾਂ ਲਈ ਸਭ ਤੋਂ ਅੱਗੇ ਹੈ। ਉਨ੍ਹਾਂ ਕਿਹਾ ਕਿ ਝੋਨੇ ਦੇ ਖ਼ਰਾਬੇ ਦੇ ਅਨੁਮਾਨ ਲਈ ਗਿਰਦਾਵਰੀਆਂ ਕਰਵਾਈਆਂ ਜਾਣਗੀਆਂ।
ਉਨ੍ਹਾਂ ਨੇ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਵਿਭਾਗ ਰਾਹੀਂ ਚਲਾਈਆ ਜਾ ਰਹੀਆਂ ਸਕੀਮਾਂ ਜਿਵੇਂ ਕਿ ਖੇਤੀ  ਮਸ਼ੀਨਰੀ ਉਪਦਾਨ 'ਤੇ ਲੈਣਾ, ਕਣਕ ਬੀਜ, ਮੱਕੀ ਬੀਜ, ਸਰੋਂ, ਜੰਤਰ ਅਤੇ ਜਿਪਸਮ ਆਦਿ ਲੈਣ ਲਈ ਬਲਾਕ ਪੱਧਰ ਅਤੇ ਜ਼ਿਲ੍ਹਾ ਪੱਧਰ 'ਤੇ ਤਾਇਨਾਤ ਖੇਤੀਬਾੜੀ ਮਾਹਿਰਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਝੋਨੇ ਦੀ ਫਸਲ ਦਾ ਦਾਣਾ-ਦਾਣਾ ਚੱੁਕਣ ਲਈ ਵਚਨਬੱਧ ਹੈ ਅਤੇ ਸੀਜ਼ਨ ਦੌਰਾਨ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।
ਮੇਲੇ ਵਿੱਚ ਪੁੱਜੇ ਨਵਾਂਸ਼ਹਿਰ ਦੇ ਐਮ ਐਲ ਏ ਡਾ. ਨਛੱਤਰ ਪਾਲ ਨੇ ਕਿਸਾਨ ਮੇਲੇ ਨੂੰ ਖੇਤੀਬਾੜੀ ਤਕਨੀਕਾਂ ਲਈ ਬੇਹਤਰ ਜਾਣਕਾਰੀ ਦਾ ਮੰਚ ਕਰਾਰ ਦਿੰਦਿਆਂ, ਪੰਜਾਬ ਸਰਕਾਰ ਵੱਲੋਂ ਕਿਸਾਨਾਂ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨ ਦੀ ਖੁਸ਼ਹਾਲੀ ਖੇਤੀਬਾੜੀ ਦੇ ਲਾਹੇਵੰਦਾ ਹੋਣ 'ਤੇ ਹੀ ਨਿਰਭਰ ਕਰਦੀ ਹੈ।
ਨਵਾਂਸ਼ਹਿਰ ਦੇ ਆਪ ਆਗੂ ਲਲਿਤ ਮੋਹਨ ਪਾਠਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਇਹ ਪਹਿਲੀ ਸਰਕਾਰ ਹੈ ਜਿਸਨੇ ਗੰਨੇ ਦਾ ਰੇਟ 360 ਤੋਂ 380 ਕਰਨ ਦੇ ਨਾਲ-ਨਾਲ ਬਕਾਇਆ ਨਿੱਲ ਕੀਤਾ। ਉਨ੍ਹਾਂ ਕਿਹਾ ਕਿ ਮੂੰਗੀ ਦੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ ਐਲਾਨੀ ਗਈ ਐਮ ਐਸ ਪੀ ਦਾ ਕੀਮਤ ਅੰਤਰ ਵੀ ਜਲਦ ਖਾਤਿਆਂ ਚ ਤਬਦੀਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਤੇ ਮਾਨਵਤਾ ਹਿਤ ਵਿੱਚ ਪਰਾਲੀ ਨਾ ਜਲਾਈ ਜਾਵੇ। ਉਨ੍ਹਾਂ ਐਲਾਨ ਕੀਤਾ ਕਿ ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਦੇ ਬੋਰਡ ਆਫ਼ ਡਾਇਰੈਟਰਜ਼ ਦਾ ਜਲਦ ਗਠਨ ਹੋਵੇਗਾ। ਬੰਗਾ ਦੇ ਆਪ ਆਗੂ ਕੁਲਜੀਤ ਸਿੰਘ ਸਰਹਾਲ ਨੇ ਕਿਸਾਨ ਮੇਲੇ ਦੇ ਸੁੱਚਜੇ ਪ੍ਰਬੰਧਾਂ ਲਈ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਹਮੇਸ਼ਾਂ ਕਿਸਾਨਾਂ ਨਾਲ ਖੜ੍ਹੀ ਹੈ। ਚਾਹੇ ਫ਼ਸਲਾਂ ਦੇ ਖ਼ਰਾਬੇ ਦੀ ਗਲ ਸੀ ਜਾਂ ਕੋਈ ਹੋਰ ਕਿਸਾਨੀ ਮਸਲੇ, ਸਰਕਾਰ ਅਤੇ ਪਾਰਟੀ ਦੀ ਪਹਿਲ ਹਮੇਸ਼ਾਂ ਕਿਸਾਨ ਰਹੇ। ਉਨ੍ਹਾਂ ਸੱਦਾ ਦਿੱਤਾ ਕਿ ਪਰਾਲੀ ਨੂੰ ਅੱਗ ਨਾ ਲਾ ਕੇ ਆਪਣੇ ਵਾਤਾਵਰਣ ਨੂੰ ਬਚਾਈਏ।   ਸੰਯੂਕਤ ਡਾਇਰੈਕਟਰ, ਖੇਤੀਬਾੜੀ ਵਿਭਾਗ ਪੰਜਾਬ, ਡਾ. ਦਲਜੀਤ ਸਿੰਘ ਨੇ ਦੱਸਿਆ ਕਿ ਹਾੜ੍ਹੀ 2022-23 ਦੌਰਾਨ ਪੰਜਾਬ ਅੰਦਰ 35 ਲੱਖ ਹੈਕਟੇਅਰ ਰਕਬੇ ਵਿੱਚ ਕਣਕ, 7000 ਹੈਕਟੇਅਰ ਰਕਬੇ ਵਿੱਚ ਜੌਂਅ, 70000 ਹੈਕਟੇਅਰ ਰਕਬੇ ਵਿੱਚ ਸਰੋਂ ਬੀਜਣ ਤੋਂ ਇਲਾਵਾ 4000 ਹੈਕਟੇਅਰ ਰਕਬਾ ਸੂਰਜ ਮੁੱਖੀ ਦੀ ਫਸਲ ਹੇਠ ਲਿਆਂਦਾ ਜਾਵੇਗਾ। ਇਸ ਤੋਂ 170.45 ਲੱਖ ਮੀ.ਟਨ ਕਣਕ, 27000 ਮੀ. ਟਨ ਜੋਂ, 1.15 ਲੱਖ ਮੀ. ਟਨ ਸਰੋਂ ਅਤੇ 7000 ਮੀ.ਟਨ ਸੂਰਜਮੁੱਖੀ ਦੇ ਪੈਦਾਵਾਰ ਹੋਣ ਦਾ ਅਨੁਸਾਨ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਹਾੜ੍ਹੀ ਸੀਜ਼ਨ ਲਈ ਖਾਦਾਂ ਦੇ ਮੁਕੰਮਲ ਪ੍ਰਬੰਧ ਕਰ ਲਏ ਹਨ। ਕਿਸਾਨਾਂ ਨੂੰ ਮਿਆਰੀ ਕਿਸਮ ਦੇ ਬੀਜ਼, ਖਾਦ ਅਤੇ ਕੀਟਨਾਸ਼ਕ ਮੁੱਹਇਆ ਕਰਵਾਉਣ ਤਹਿਤ ਜ਼ਿਲਾ ਪੱਧਰ ਅਤੇ ਬਲਾਕ ਪੱਧਰ 'ਤੇ ਪ੍ਰਇਵੇਟ ਡੀਲਰਾਂ ਦੀ ਚੈਕਿੰਗ ਲਈ ਫਲਾਇੰਗ ਸਕੁਐਡ ਬਣਾਏ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਪਰਾਲੀ ਦੀ ਸਾਂਭ-ਸੰਭਾਲ ਲਈ ਪੰਜਾਬ ਸਰਕਾਰ  ਵਲੋਂ ਇੰਨ-ਸੀਟੂ ਸਕੀਮ ਅਧੀਨ ਉਪਦਾਨ 'ਤੇ ਖੇਤੀ ਮਸ਼ੀਨਰੀ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ਵਿੱਚ ਸੁੱਕਾ ਝੋਨਾ ਲਿਆਉਣ ਤਾਂ ਜੋ ਕਿ ਕਿਸਾਨਾਂ ਨੂੰ ਕਿਸੇ ਵੀ ਤਰਾਂ ਦੀ ਮੁਸ਼ਕੱਲ ਦਾ ਸਾਹਮਣਾ ਨਾ ਕਰਨਾ ਪਵੇ।
             ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਵਿੰਦਰ ਲਾਲ ਨੇ ਦੱਸਿਆ ਕਿ ਹਾੜ੍ਹੀ ਸੀਜ਼ਨ 2022-23 ਦੌਰਾਨ ਜ਼ਿਲ੍ਹੇ 'ਚ ਕਣਕ ਹੇਠ 77000 ਹੈਕਟੇਅਰ, ਤੇਲਬੀਜ ਫਸਲਾਂ ਹੇਠ 3700 ਹੈਕਟੇਅਰ ਅਤੇ ਦਾਲਾਂ ਹੇਠ 200 ਹੈਕਟੇਅਰ ਰਕਬਾ ਲਿਆਂਦਾ ਜਾਵੇਗਾ। ਇਸ ਤੋਂ ਕਣਕ ਦੀ ਪੈਦਾਵਾਰ 386000 ਮੀ.ਟਨ, ਤੇਲ ਬੀਜ ਫਸਲਾਂ ਦੀ 5300 ਮੀ.ਟਨ. ਅਤੇ ਦਾਲਾਂ  ਦੀ 200 ਮੀ.ਟਨ ਪੈਦਾਵਾਰ ਹੋਣ ਦੀ ਆਸ ਹੈ। ਉਨ੍ਹਾਂ ਦੱਸਿਆ ਕਿ ਹਾੜੀ 2022-23 ਲਈ ਕਣਕ, ਜੌਂ, ਸਰੌਂ ਅਤੇ ਦਾਲਾਂ ਆਦਿ ਫਸਲਾਂ ਲਈ ਮਿਆਰੀ ਬੀਜਾਂ ਦੀਆ ਵੱਖ ਵੱਖ ਕਿਸਮਾਂ ਦਾ ਪ੍ਰਬੰਧ ਕਿਸਾਨਾਂ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਾਲ 2022-23 ਦੌਰਾਨ ਜ਼ਿਲ੍ਹੇ ਵਿਚ ਸਹਿਕਾਰੀ ਸਭਾਵਾਂ ਵੱਲੋਂ 03 ਮਸ਼ੀਨਾਂ, ਨਿੱਜੀ ਕਿਸਾਨਾਂ ਵੱਲੋਂ 142 ਮਸ਼ੀਨਾਂ ਦੀ ਖਰੀਦ ਕਰ ਲਈ ਗਈ ਹੈ, ਜਿਸ ਦੀ ਸਬਸਿਡੀ ਜਲਦ ਹੀ ਕਿਸਾਨਾਂ ਨੂੰ ਮੁਹੱਇਆ ਕਰਵਾਈ ਜਾਵੇਗੀ। ਪਰਾਲੀ ਸਾੜਨ ਤੋਂ ਰੋਕਣ ਪ੍ਰਤੀ ਜਾਗਰੂਕਤਾ ਲਈ ਜ਼ਿਲ੍ਹੇ ਵਿਚ ਮੋਬਾਇਲ ਵੈਨਾਂ ਚਲਾਈਆਂ ਜਾ ਰਹੀਆਂ ਹਨ ਜੋ ਕਿ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਜਾਗਰੂਕ ਕਰ ਰਹੀਆਂ ਹਨ। ਇਸ ਤੋਂ ਇਲਾਵਾ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਲੇਖ/ਪੇਂਟਿੰਗ ਮੁਕਾਬਲੇ ਕਰਵਾਏ ਜਾ ਰਹੇ ਹਨ। ਹੋਰਨਾਂ ਤੋਂ ਇਲਾਵਾ ਕਿਸਾਨ ਆਗੂ ਕੁਲਦੀਪ ਸਿੰਘ ਬਜੀਦਪੁਰ ਤੇੇ ਆਪ ਆਗੂ ਸਤਨਾਮ ਸਿੰਘ ਜਲਵਾਹਾ ਨੇ ਵੀ ਸੰਬੋਧਨ ਕੀਤਾ।
    ਇਸ ਮੌਕੇ ਕਿ੍ਰਸ਼ੀ ਵਿਗਿਆਨ ਕੇਂਦਰ ਲੰਗੜੋਆ ਤੋਂ ਡਾ. ਗੁਰਪ੍ਰਤਾਪ ਸਿੰਘ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵਲੋਂ ਕਿਸਾਨਾਂ ਨੂੰ ਵੱਖ ਵੱਖ ਵਿਸ਼ਿਆਂ 'ਤੇ ਭਰਪੂਰ ਤਕਨੀਕੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਤੇ ਦੋਆਬਾ ਜ਼ੋਨ ਦੇ ਇੰਚਾਰਜ ਰਾਜਵਿੰਦਰ ਕੌਰ ਥਿਆੜਾ, ਜ਼ਿਲ੍ਹਾ ਪ੍ਰਧਾਨ ਸਤਨਾਮ ਜਲਾਲਪੁਰ, ਜ਼ਿਲ੍ਹਾ ਯੂਥ ਪ੍ਰਧਾਨ ਵਿਨੀਤ ਰਾਣਾ, ਜ਼ਿਲ੍ਹਾ ਸਕੱਤਰ ਗਗਨ ਅਗਨੀਹੋਤਰੀ ਨੇ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫ਼ੋਂ ਐਸ ਡੀ ਐਮ ਨਵਾਂਸ਼ਹਿਰ ਡਾ. ਸ਼ਿਵਰਾਜ ਸਿੰਘ ਬੱਲ ਮੌਜੂਦ ਰਹੇ।
ਡਾ. ਰਾਜ ਕੁਮਾਰ ਖੇਤੀਬਾੜੀ ਅਫਸਰ ਬਲਾਕ ਨਵਾਂਸ਼ਹਿਰ ਨੇ ਸਟੇਜ ਸਕੱਤਰ ਦੀ ਸੇਵਾ ਨਿਭਾਈ। ਕਿਸਾਨ ਮੇਲੇ ਵਿੱਚ ਪੁੱਜੇ ਐਮ.ਐਲ.ਏ. ਸੰਤੋਸ਼ ਕਟਾਰੀਆ ਅਤੇ ਹੋਰਨਾਂ ਆਗੂਆਂ ਨੇ ਖੇਤੀਬਾੜੀ ਵਿਭਾਗ ਅਤੇ ਸਹਿਯੋਗੀ ਮਹਿਕਮਿਆਂ ਅਤੇ ਸੈਲਫ ਹੈਲਪ ਗੁਰੱਪਾਂ ਵਲੋਂ ਲਗਾਈਆਂ ਗਈਆਂ ਪ੍ਰਦਰਸ਼ਨੀਆਂ ਵੀ ਦੇਖੀਆਂ ਅਤੇ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ।