*ਪੁਲਿਸ ਨੇ 965 ਦੇ ਕਰਵਾਏ ਕੋਵਿਡ ਟੈਸਟ, 47 ਦੇ ਕੀਤੇ ਚਲਾਨ
ਨਵਾਂਸ਼ਹਿਰ, 18 ਮਈ :- ਸੀਨੀਅਰ ਪੁਲਿਸ ਕਪਤਾਨ ਅਲਕਾ ਮੀਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ ਵਿਚ ਲਾਕਡਾਊਨ ਅਤੇ ਕੋਵਿਡ ਨਿਯਮਾਂ ਪ੍ਰਤੀ ਲਾਪਰਵਾਹੀ ਵਰਤਣ ਵਾਲਿਆਂ ਖਿਲਾਫ਼ ਪੁਲਿਸ ਵੱਲੋਂ ਸਖ਼ਤਾਈ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਇਸੇ ਤਹਿਤ ਆਈਸੋਲੇਸ਼ਨ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸੇ ਤਰਾਂ ਬਿਨਾਂ ਮਾਸਕ ਵਾਲੇ 965 ਵਿਅਕਤੀਆਂ ਦੇ ਕੋਵਿਡ ਟੈਸਟ ਕਰਵਾਉਣ ਤੋਂ ਇਲਾਵਾ 47 ਵਿਅਕਤੀਆਂ ਦੇ ਚਲਾਨ ਕੀਤੇ ਗਏ ਹਨ।
ਉਨਾਂ ਦੱਸਿਆ ਕਿ ਥਾਣਾ ਕਾਠਗੜ ਅਧੀਨ ਆਉਂਦੇ ਪਿੰਡ ਸੂਰਾਪੁਰ ਨੂੰ ਕੋਰੋਨਾ ਦੇ ਵਧੇ ਹੋਏ ਕੇਸਾਂ ਕਾਰਨ ਮਾਈਕਰੋ ਕੰਨਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ ਅਤੇ ਪਿੰਡ ਨੂੰ ਪੂਰੀ ਤਰਾਂ ਸੀਲ ਕਰ ਕੇ ਪਿੰਡ ਵਿਚ ਆਉਣ ਅਤੇ ਬਾਹਰ ਜਾਣ ਦੀ ਮਨਾਹੀ ਕੀਤੀ ਹੋਈ ਹੈ। ਉਨਾਂ ਦੱਸਿਆ ਕਿ ਇਸੇ ਪਿੰਡ ਦੇ ਰਹਿਣ ਵਾਲੇ ਸੋਨੀ ਪੁੱਤਰ ਹਰੀ ਰਾਮ, ਜੋ ਕੋਰੋਨਾ ਪਾਜ਼ੀਟਿਵ ਆਇਆ ਸੀ, ਨੂੰ ਸਿਹਤ ਵਿਭਾਗ ਵੱਲੋਂ ਘਰ ਵਿਚ ਆਈਸੋਲੇਟ ਕੀਤਾ ਹੋਇਆ ਹੈ, ਜੋ ਵਾਰ-ਵਾਰ ਆਪਣੇ ਘਰ ਤੋਂ ਬਾਹਰ ਆ ਰਿਹਾ ਸੀ ਅਤੇ ਪਿੰਡ ਤੋਂ ਬਾਹਰ ਜਾਣ ਲਈ ਕਹਿ ਰਿਹਾ ਸੀ। ਇਸ ਲਈ ਉਸ ਦੇ ਖਿਲਾਫ਼ ਥਾਣਾ ਕਾਠਗੜ ਵਿਖੇ ਉਸ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਜ਼ਿਲਾ ਪੁਲਿਸ ਮੁਖੀ ਨੇ ਦੱਸਿਆ ਕਿ ਅੱਜ ਪੁਲਿਸ ਵੱਲੋਂ ਜ਼ਿਲੇ ਦੀ ਹਦੂਦ ਅੰਦਰ ਵੱਖ-ਵੱਖ ਮੈਡੀਕਲ ਟੀਮਾਂ ਨੂੰ ਨਾਲ ਲੈ ਕੇ ਜਨਤਕ ਥਾਵਾਂ 'ਤੇ ਬਗੈਰ ਮਾਸਕ ਘੁੰਮਣ ਵਾਲੇ 965 ਵਿਅਕਤੀਆਂ ਦੇ ਕੋਵਿਡ ਟੈਸਟ ਕਰਵਾਏ ਗਏ ਜਦਕਿ ਬਿਨਾਂ ਮਾਸਕ ਘੁੰਮ ਰਹੇ 47 ਵਿਅਕਤੀਆਂ ਦੇ ਚਲਾਨ ਵੀ ਕੱਟੇ ਗਏ। ਉਨਾਂ ਦੱਸਿਆ ਕਿ ਪੁਲਿਸ ਵੱਲੋਂ ਸਾਂਝ ਕੇਂਦਰ ਦੀ ਮੀਡੀਆ ਵੈਨ ਅਤੇ ਥਾਣਿਆਂ ਦੇ ਮੁੱਖ ਅਫ਼ਸਰਾਂ ਵੱਲੋਂ ਲੋਕਾਂ ਨੂੰ ਕੋਵਿਡ ਪ੍ਰਤੀ ਸਾਵਧਾਨੀਆਂ ਵਰਤਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਨਿਯਮਾਂ ਪ੍ਰਤੀ ਲਾਪਰਵਾਹੀ ਨਾ ਦਿਖਾਉਣ ਅਤੇ ਲਾਕਡਾਊਨ ਅਤੇ ਨਾਈਟ ਕਰਫ਼ਿਊ ਦੇ ਸਮੇਂ ਦੌਰਾਨ ਘਰਾਂ ਤੋਂ ਬਾਹਰ ਨਾ ਨਿਕਲਣ। ਉਨਾਂ ਕਿਹਾ ਕਿ ਕੋਵਿਡ ਪ੍ਰਤੀ ਸਰਕਾਰ, ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਤੇ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ, ਤਾਂ ਜੋ ਜ਼ਿਲੇ ਨੂੰ ਕੋਵਿਡ ਮੁਕਤ ਕੀਤਾ ਜਾ ਸਕੇ।