ਸਿਹਤ ਵਿਭਾਗ ਨੇ ਨਵੇਕਲੀ ਮੁਹਿੰਮ ਦੀ ਕੀਤੀ ਸ਼ੁਰੂਆਤ
ਨਵਾਂਸ਼ਹਿਰ, 8 ਮਈ 2021 :- ਸਿਹਤ ਵਿਭਾਗ ਨੇ ਕੋਰੋਨਾ ਵਾਇਰਸ ਨੂੰ ਹਰਾ ਕੇ "ਮਿਸ਼ਨ ਫਤਿਹ" ਦੀ ਪ੍ਰਾਪਤੀ ਲਈ ਮੁਹਿੰਮ ਛੇੜੀ ਹੋਈ ਹੈ। ਸਿਹਤ ਵਿਭਾਗ ਸ਼ਹੀਦ ਭਗਤ ਸਿੰਘ ਨਗਰ ਨੇ ਇਕ ਨਵੇਕਲੀ ਮੀਡੀਆ ਕੰਪੇਨ ਦੀ ਸ਼ੁਰੂਆਤ ਕੀਤੀ। ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਨੇ ਅੱਜ ਇਕ 'ਚੇਤਾਵਨੀ ਪੈਂਫਲੇਟ' ਜਾਰੀ ਕੀਤਾ ਹੈ, ਜਿਸ ਦਾ ਮੁੱਖ ਉਦੇਸ਼ ਉਨ੍ਹਾਂ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਦੇ ਗੰਭੀਰ ਨਤੀਜਿਆਂ ਤੋਂ ਜਾਗਰੂਕ ਕਰਨਾ ਹੈ ਜੋ ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਾਵਧਾਨੀਆਂ ਦੀ ਸੁਹਿਰਦਤਾ ਨਾਲ ਪਾਲਣਾ ਨਹੀਂ ਕਰ ਰਹੇ ਹਨ। ਇਸ ਪੈਂਫਲੇਟ ਵਿਚ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਫੇਸ ਮਾਸਕ ਪਾਉਣ ਦੀ ਚੇਤਾਵਨੀ ਦਿੱਤੀ ਗਈ। ਇਸ ਵਿਚ ਲੋਕਾਂ ਨੂੰ ਜਾਗਰੂਕ ਕਰਨ ਲਈ ਇਕ ਤਸਵੀਰ ਰਾਹੀਂ ਦਰਸਾਇਆ ਗਿਆ ਹੈ ਕਿ ਜੇਕਰ ਉਹ 'ਫੇਸ ਮਾਸਕ' ਨਹੀਂ ਪਾਉਂਦੇ ਤਾਂ ਉਨ੍ਹਾਂ ਨੂੰ 'ਆਕਸੀਜਨ ਮਾਸਕ' ਪਾਉਣਾ ਪੈ ਸਕਦਾ ਹੈ। ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਲੋਕ ਕੋਰੋਨਾ ਮਹਾਂਮਾਰੀ ਦੀ ਨਾਜ਼ੁਕ ਸਥਿਤੀ ਨੂੰ ਗੰਭੀਰਤਾ ਨਾਲ ਸਮਝਣ। ਜੇਕਰ ਕੋਈ ਵਿਅਕਤੀ ਇਹ ਸਮਝਦਾ ਹੈ ਕਿ ਉਸ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਮਜ਼ਬੂਤ ਹੈ ਅਤੇ ਉਸ ਉੱਤੇ ਇਸ ਬਿਮਾਰੀ ਦਾ ਕੋਈ ਅਸਰ ਨਹੀਂ ਹੋਣਾ ਤਾਂ ਉਹ ਗਲਤ ਹੈ, ਕਿਉਂਕਿ ਉਹ ਇਹ ਵੀ ਸਮਝ ਲਵੇ ਕਿ ਉਹ ਇਸ ਬਿਮਾਰੀ ਦਾ ਕੈਰੀਅਰ ਬਣ ਕੇ ਘੱਟ ਇਮਿਊਨਿਟੀ ਵਾਲੇ ਆਪਣੇ ਪਰਿਵਾਰਕ ਮੈਂਬਰਾਂ ਜਾਂ ਸਹਿ ਰੋਗਾਂ ਤੋਂ ਪੀੜਤ ਆਪਣੇ ਪਿਆਰਿਆਂ ਨੂੰ ਇਹ ਲਾਗ ਦੇ ਉਨ੍ਹਾਂ ਦੀ ਜ਼ਿੰਦਗੀ ਨੂੰ ਖਤਰੇ ਵਿਚ ਪਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਮਝ ਜਾਣਾ ਚਾਹੀਦਾ ਹੈ ਕਿ ਹਸਪਤਾਲ ਵਿਚ ਦਾਖਲ ਹੋਣ ਨਾਲੋਂ ਘਰ ਵਿਚ ਰਹਿਣਾ ਹੀ ਬਿਹਤਰ ਹੈ। ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫਸਰ ਜਵਿੰਦਰਵੰਤ ਸਿੰਘ ਬੈਂਸ ਨੇ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਇਹ ਚੇਤਾਵਨੀ ਪੈਂਫਲੇਟ ਲੋਕਾਂ ਨੂੰ ਜਾਗਰੂਕ ਕਰਨ ਵਿਚ ਮਦਦਗਾਰ ਸਾਬਿਤ ਹੋਵੇਗਾ। ਉਨ੍ਹਾਂ ਕਿਹਾ ਕਿ "ਕਹਿੰਦੇ ਹਨ ਕਿ ਇਕ ਤਸਵੀਰ 1000 ਸ਼ਬਦਾਂ ਦੇ ਬਰਾਬਰ" ਹੁੰਦੀ ਹੈ ਅਤੇ ਇਸ ਪੈਂਫਲੇਟ ਰਾਹੀਂ ਉਨ੍ਹਾਂ ਲੋੋਕਾਂ ਨੂੰ ਇਕ ਸਖਤ ਸੰਦੇਸ਼ ਮਿਲੇਗਾ ਜੋ ਕੋਵਿਡ ਤੋਂ ਬਚਾਅ ਲਈ ਢੁੱਕਵੀਆਂ ਸਿਹਤ ਸਾਵਧਾਨੀਆਂ ਜਿਵੇਂ ਸਮਾਜਿਕ ਦੂਰੀ, ਮਾਸਕ ਪਹਿਨਣਾ, ਹੱਥਾਂ ਨੂੰ ਰੋਗਾਣੂ ਮੁਕਤ ਕਰਨਾ ਆਦਿ ਦੀ ਸਖਤੀ ਨਾਲ ਪਾਲਣਾ ਨਹੀਂ ਕਰਦੇ ਹਨ। ਇਸ ਮੌਕੇ ਸਹਾਇਕ ਸਿਵਲ ਸਰਜਨ ਜਸਦੇਵ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ ਹਰਪ੍ਰੀਤ ਸਿੰਘ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ ਰਾਕੇਸ਼ ਚੰਦਰ, ਬਲਾਕ ਐਕਸਟੈਂਸ਼ਨ ਐਜੂਕੇਟਰ ਵਿਕਾਸ ਵਿਰਦੀ, ਸਿਵਲ ਸਰਜਨ ਦੇ ਪੀਏ ਅਜੇ ਕੁਮਾਰ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰਾਮ ਸਿੰਘ ਠਾਕੁਰ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ।