ਪ੍ਰਾਇਮਰੀ ਅਤੇ ਮਿਡਲ ਸਕੂਲਾਂ ਦੇ ਉਜਾੜੇ ਖ਼ਿਲਾਫ਼ 17 ਮਈ ਨੂੰ ਹੋਣਗੇ ਅਰਥੀ ਫੂਕ ਮੁਜ਼ਾਹਰੇ

ਸਾਂਝੇ ਅਧਿਆਪਕ ਮੋਰਚੇ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਖ਼ਿਲਾਫ਼ ਵਿੱਢਿਆ ਸੰਘਰਸ਼
ਨਵਾਂਸ਼ਹਿਰ,  15 ਮਈ :- ਪੰਜਾਬ ਸਰਕਾਰ ਵਲੋਂ ਸਿੱਖਿਆ ਦਾ ਲਗਾਤਾਰ ਉਜਾੜਾ ਕਰਨ, ਸਿੱਖਿਆ ਮੰਤਰੀ ਵੱਲੋਂ ਮੀਟਿੰਗ ਦਾ ਸਮਾਂ ਦੇ ਕੇ ਮੀਟਿੰਗ ਨਾ ਕਰਨ ਅਤੇ ਮੰਗਾਂ ਨੂੰ ਮੰਨਣ ਤੋਂ ਲਗਾਤਾਰ ਇਨਕਾਰੀ ਹੋਣ ਦੇ ਰੋਸ ਵਜੋਂ, ਸਾਂਝੇ ਅਧਿਆਪਕ ਮੋਰਚੇ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਖਿਲਾਫ਼ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਹੈ। ਜਿਸ ਤਹਿਤ ਪ੍ਰਾਇਮਰੀ ਦੇ ਦਾਖ਼ਲੇ ਸੈਕੰਡਰੀ 'ਚ ਕਰਨ ਅਤੇ ਮਿਡਲ ਸਕੂਲਾਂ ਦੇ ਉਜਾੜੇ ਖ਼ਿਲਾਫ਼ 17 ਮਈ ਨੂੰ ਮਾਸਕ ਪਹਿਨਦਿਆਂ ਅਤੇ ਆਪਸੀ ਦੂਰੀ ਰੱਖਦੇ ਹੋਏ ਬਲਾਕ/ਤਹਿਸੀਲ ਪੱਧਰੀ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ।  ਸਾਂਝਾ ਅਧਿਆਪਕ ਮੋਰਚਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਆਗੂਆਂ ਕੁਲਦੀਪ ਸਿੰਘ ਦੌੜਕਾ, ਮੁਲਖ ਰਾਜ ਸ਼ਰਮਾ, ਰਾਮ ਕਿਸ਼ਨ ਪੱਲੀ ਝਿੱਕੀ, ਅਸ਼ਵਨੀ ਕੁਮਾਰ, ਦੇਸ ਰਾਜ ਨੌਰਦ, ਜਗਦੀਸ਼ ਰਾੲੇ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਪ੍ਰਾਇਮਰੀ ਸਿੱਖਿਆ ਤੰਤਰ ਦੇ ਕੁੱਲ ਖਾਤਮੇ ਦੇ ਨਿਸ਼ਾਨੇ ਤਹਿਤ ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਦਾ ਦਾਖਲਾ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਕਰਨ ਦੇ ਜੁਬਾਨੀ ਹੁਕਮ ਚਾਡ਼੍ਹੇ ਜਾ ਰਹੇ ਹਨ। ਜਿਸ ਦੇ ਸਿੱਟੇ ਵਜੋਂ ਪ੍ਰਾਇਮਰੀ ਵਿੱਚ ਡਾਇਰੈਕਟੋਰੇਟ ਦੀ ਵੱਖਰੀ ਹੋਂਦ, ਤਰੱਕੀਆਂ ਅਤੇ ਨਵੀਂ ਭਰਤੀ ਉੱਪਰ ਵੱਡਾ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਇਸੇ ਪ੍ਰਕਾਰ ਮਿਡਲ ਸਕੂਲਾਂ ਵਿੱਚ ਮੌਜੂਦ ਛੇ ਅਸਾਮੀਆਂ ਵਿੱਚੋਂ ਪਹਿਲਾਂ ਆਰਟ ਐਂਡ ਕਰਾਫਟ ਅਤੇ ਪੀ.ਟੀ.ਆਈ. ਦੀਆਂ ਅਸਾਮੀਆਂ ਖਤਮ ਕਰ ਦਿੱਤੀਆਂ ਗਈਆਂ, ਫਿਰ 228 ਪੀ.ਟੀ.ਆਈ. ਨੂੰ ਜਬਰੀ ਬੀਪੀਓ ਦਫਤਰਾਂ ਵਿੱਚ ਸ਼ਿਫਟ ਕਰ ਦਿੱਤਾ ਗਿਆ ਅਤੇ ਹੁਣ ਮਿਡਲ ਸਕੂਲਾਂ ਦੀਆਂ ਪੋਸਟਾਂ ਸੀਨੀਅਰ ਸੈਕੰਡਰੀ ਵਿੱਚ ਸ਼ਿਫਟ ਕਰਕੇ ਮਿਡਲ ਸਕੂਲਾਂ ਦੀ ਸੁਤੰਤਰ ਹੋਂਦ ਖ਼ਤਮ ਕੀਤੀ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਸ਼ਟਰੀ ਸਿੱਖਿਆ ਨੀਤੀ- 2020 ਤਹਿਤ ਪ੍ਰਾਇਮਰੀ ਸਿੱਖਿਆ ਤੰਤਰ ਅਤੇ ਮਿਡਲ ਸਕੂਲਾਂ ਦੇ ਖਾਤਮੇ ਦੀ ਇਬਾਰਤ ਲਿਖੀ ਜਾ ਰਹੀ ਹੈ। ਆਗੂਆਂ ਨੇ ਸਮੂਹ ਅਧਿਆਪਕਾਂ ਨੂੰ ਆਪਣੀ ਜੁਝਾਰੂ ਵਿਰਾਸਤ ਤੋਂ ਪ੍ਰੇਰਨਾ ਲੈਂਦਿਆਂ ਨਿੱਠ ਕੇ ਸੰਘਰਸ਼ ਦੇ ਮੈਦਾਨ ਵਿੱਚ ਕੁੱਦਣ ਅਤੇ ਪ੍ਰਾਇਮਰੀ ਤੇ ਮਿਡਲ ਸਕੂਲਾਂ ਦੇ ਉਜਾੜੇ ਖ਼ਿਲਾਫ਼ 17 ਮਈ ਨੂੰ ਬਲਾਕ/ਤਹਿਸੀਲ ਪੱਧਰੀ ਅਰਥੀ ਫੂਕ ਮੁਜ਼ਾਹਰਿਆਂ ਦਾ ਬੱਝਵਾਂ ਹਿੱਸਾ ਬਣਨ ਦਾ ਸੱਦਾ ਦਿੱਤਾ।