ਅੱਜ ਤੋਂ ਸੇਵਾ ਕੇਂਦਰਾਂ ਰਾਹੀਂ ਕੀਤਾ ਜਾ ਸਕੇਗਾ ਈ-ਕੋਰਟ ਫੀਸ ਦਾ ਭੁਗਤਾਨ

ਨਵਾਂਸ਼ਹਿਰ, 31 ਮਈ :- ਪੰਜਾਬ ਸਰਕਾਰ ਵੱਲੋਂ ਹੁਣ ਈ-ਕੋਰਟ ਫੀਸ ਦਾ ਸੇਵਾ ਕੇਂਦਰਾਂ ਰਾਹੀਂ ਭੁਗਤਾਨ ਕਰਨ ਦੀ ਸੁਵਿਧਾ ਪ੍ਰਦਾਨ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਜ਼ਿਲੇ ਦੇ ਸੇਵਾ ਕੇਂਦਰਾਂ ਰਾਹੀਂ ਇਹ ਸੇਵਾ 1 ਜੂਨ 2021 ਤੋਂ ਮਿਲਣੀ ਸ਼ੁਰੂ ਹੋ ਜਾਵੇਗੀ। ਉਨਾਂ ਦੱਸਿਆ ਕਿ 1 ਰੁਪਏ ਤੋਂ 100 ਰੁਪਏ ਤੱਕ ਦੀ ਈ-ਕੋਰਟ ਫੀਸ ਲਈ ਸੇਵਾ ਕੇਂਦਰ ਵਿਖੇ 3 ਰੁਪਏ ਸਰਵਿਸ ਚਾਰਜ ਦੇ ਤੌਰ 'ਤੇ ਦੇਣ ਹੋਣਗੇ। ਇਸੇ ਤਰਾਂ 101 ਰੁਪਏ ਤੋਂ 1000 ਰੁਪਏ ਤੱਕ ਦੀ ਕੋਰਟ ਫੀਸ 'ਤੇ 5 ਰੁਪਏ ਅਤੇ 1001 ਰੁਪਏ ਤੋਂ ਜ਼ਿਆਦਾ ਦੀ ਕੋਰਟ ਫੀਸ ਦੇ ਭੁਗਤਾਨ ਲਈ 10 ਰੁਪਏ ਸਰਵਿਸ ਚਾਰਜ ਦੇਣੇ ਹੋਣਗੇ। 
ਉਨਾਂ ਦੱਸਿਆ ਕਿ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਚ ਇਸ ਸਮੇਂ 17 ਸੇਵਾ ਕੇਂਦਰ ਚੱਲ ਰਹੇ ਹਨ ਅਤੇ ਕੋਵਿਡ ਮਹਾਂਮਾਰੀ ਦੇ ਬਾਵਜੂਦ ਨਾਗਰਿਕਾਂ ਦੀ ਸੁਵਿਧਾ ਨੂੰ ਧਿਆਨ ਵਿਚ ਰੱਖਦਿਆਂ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਸੇਵਾਵਾਂ ਮੁਹੱਈਆ ਕਰਵਾ ਰਹੇ ਹਨ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੇਵਾ ਕੇਂਦਰਾਂ ਵਿਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਵਿਚ ਵਾਧਾ ਕੀਤਾ ਗਿਆ ਹੈ ਅਤੇ ਟ੍ਰਾਂਸਪੋਰਟ, ਸਾਂਝ ਅਤੇ ਫਰਦ ਆਦਿ ਨਾਲ ਸਬੰਧਤ ਸੇਵਾਵਾਂ ਇਨਾਂ ਨਾਲ ਜੋੜਨ ਤੋਂ ਬਾਅਦ ਹੁਣ ਈ-ਕੋਰਟ ਫੀਸ ਦਾ ਵੀ ਸੇਵਾ ਕੇਂਦਰਾਂ ਰਾਹੀਂ ਭੁਗਤਾਨ ਕਰਨ ਦੀ ਸੁਵਿਧਾ ਪ੍ਰਦਾਨ ਕੀਤੀ ਗਈ ਹੈ। 
ਉਨਾਂ ਦੱਸਿਆ ਕਿ ਸੇਵਾ ਕੇਂਦਰਾਂ ਵਿਚੋਂ ਕੋਈ ਵੀ ਸੇਵਾ ਲੈਣ ਲਈ ਹੁਣ ਅਗੇਤੀ ਪ੍ਰਵਾਨਗੀ ਲੈਣੀ ਲਾਜ਼ਮੀ ਕੀਤੀ ਗਈ ਹੈ ਅਤੇ ਅਗੇਤੀ ਪ੍ਰਵਾਨਗੀ ਤੋਂ ਬਿਨਾਂ ਕਿਸੇ ਵੀ ਬਿਨੈਕਾਰ ਨੂੰ ਸੇਵਾ ਪ੍ਰਦਾਨ ਨਹੀਂ ਕੀਤੀ ਜਾ ਰਹੀ। ਉਨਾਂ ਦੱਸਿਆ ਕਿ ਅਗੇਤੀ ਪ੍ਰਵਾਨਗੀ ਮੋਬਾਈਲ ਐਪ 'ਐਮ-ਸੇਵਾ', 'ਕੋਵਾ', ਸੇਵਾ ਕੇਂਦਰਾਂ ਦੀ ਵੈੱਬਸਾਈਟ ਜਾਂ ਮੋਬਾਈਲ ਨੰਬਰ 8968593812 ਅਤੇ 8968593813 ਉੱਤੇ ਸੰਪਰਕ ਕਰਕੇ ਲਈ ਜਾ ਸਕਦੀ ਹੈ। ਉਨਾਂ ਦੱਸਿਆ ਕਿ ਸੇਵਾ ਕੇਂਦਰਾਂ ਵੱਲੋਂ ਸਪੀਡ ਪੋਸਟ ਅਤੇ ਕੋਰੀਅਰ ਸੇਵਾ ਰਾਹੀਂ ਨਾਗਰਿਕਾਂ ਨੂੰ ਉਨਾਂ ਦੇ ਦਸਤਾਵੇਜ ਘਰ ਬੈਠਿਆਂ ਹੀ ਪਹੰੁਚਾਉਣ ਦਾ ਉਪਰਾਲਾ ਵੀ ਕੀਤਾ ਗਿਆ ਹੈ।