*ਕਿਸਾਨੀ ਅੰਦੋਲਨ ਦਾ ਸਮਰਥਨ ਕਰਨ ਲਈ ਘਰਾਂ ਤੇ ਕਾਲੇ ਝੰਡੇ ਲਗਾ ਕੇ ਕਾਲਾ ਦਿਵਸ ਮਨਾਇਆ*
ਨਵਾਂ ਸ਼ਹਿਰ, 26 ਮਈ :- ਪੰਜਾਬ-ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੱਦੇ 'ਤੇ ਪੰਜਾਬ ਸਰਕਾਰ ਖ਼ਿਲਾਫ਼ 20 ਤੋਂ 27 ਮਈ ਤੱਕ ਮਨਾੲੇ ਜਾ ਰਹੇ ਰੋਸ ਹਫਤੇ ਦੌਰਾਨ ਅੱਜ ਕਾਲੇ ਬਿੱਲੇ ਲਗਾ ਕੇ ਜ਼ਿਲ੍ਹਾ ਕਨਵੀਨਰ ਕਰਨੈਲ ਸਿੰਘ ਰਾਹੋਂ, ਜੀਤ ਲਾਲ ਗੋਹਲੜੋਂ, ਸੋਮ ਲਾਲ ਥੋਪੀਆ, ਸੋਹਣ ਸਿੰਘ ਅਤੇ ਰਿੰਪੀ ਰਾਣੀ ਦੀ ਅਗਵਾਈ ਵਿੱਚ ਨਵਾਂ ਸ਼ਹਿਰ ਦੇ ਵਿਧਾਇਕ ਅੰਗਦ ਸਿੰਘ ਅਤੇ ਬਲਾਚੌਰ ਦੇ ਵਿਧਾਇਕ ਦਰਸ਼ਨ ਲਾਲ ਮੰਗੂਪੁਰ ਰਾਹੀਂ ਮੁਖ ਮੰਤਰੀ ਪੰਜਾਬ ਨੂੰ ਮੰਗ-ਪੱਤਰ ਭੇਜੇ ਗੲੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਸਸਫ ਦੇ ਸੂਬਾ ਮੀਤ ਪ੍ਰਧਾਨ ਕੁਲਦੀਪ ਸਿੰਘ ਦੌੜਕਾ, ਸੁਰਿੰਦਰ ਪਾਲ, ਨਰਿੰਦਰ ਸੂਦਨ, ਪ੍ਰਸ਼ੋਤਮ ਲਾਲ ਅਤੇ ਲਕਸ਼ਮੀ ਦੇਵੀ ਨੇ ਦੱਸਿਆ ਕਿ ਹਰ ਤਰ੍ਹਾਂ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਲੜੇ ਜਾ ਰਹੇ ਇਸ ਘੋਲ ਦੌਰਾਨ ਪੰਜਾਬ ਸਰਕਾਰ ਨੂੰ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਚੋਣ ਵਾਅਦੇ ਯਾਦ ਕਰਵਾਉਣ ਲਈ ਅੱਜ ਜ਼ਿਲ੍ਹੇ ਦੇ ਕਾਂਗਰਸੀ ਵਿਧਾਇਕਾਂ ਰਾਹੀਂ ਮੰਗ-ਪੱਤਰ ਭੇਜੇ ਗੲੇ ਹਨ।
ਆਗੂਆਂ ਆਖਿਆ ਕਿ ਅੱਜ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਆਪਣੇ ਘਰਾਂ ਤੇ ਕਾਲੇ ਝੰਡੇ ਲਹਿਰਾ ਕੇ ਕੇਂਦਰ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨਾਲ ਕੀਤੇ ਚੋਣ ਵਾਅਦੇ ਪੂਰੇ ਕਰਵਾਉਣ, ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ, ਸਾਰੇ ਵਿਭਾਗਾਂ ਦੇ ਕੱਚੇ ਮੁਲਾਜ਼ਮ ਪੱਕੇ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਕਰੋਨਾ ਦੀ ਆੜ ਵਿੱਚ ਮੁਲਾਜ਼ਮ ਆਗੂਆਂ ਤੇ ਕੀਤੇ ਝੂਠੇ ਪਰਚੇ ਰੱਦ ਕਰਨ ਅਤੇ ਪੰਜਾਬ ਦੇ ਮੁਲਾਜ਼ਮਾਂ ਦੀਆਂ ਸਾਲਾਂ ਤੋਂ ਲਟਕਦੀਆਂ ਹੋਰ ਮੰਗਾਂ ਮਨਵਾਉਣ,
ਜਲ ਸਰੋਤ ਵਿਭਾਗ ਵਿੱਚ ਪੁਨਰਗਠਨ ਦੇ ਨਾਮ ਤੇ ਖ਼ਤਮ ਕੀਤੀਆਂ ਹਜ਼ਾਰਾਂ ਪੋਸਟਾਂ ਨੂੰ ਮੁੜ ਬਹਾਲ ਕਰਨ ਅਤੇ ਮੁਲਾਜ਼ਮਾਂ ਦੀਆਂ ਰਹਿੰਦੀਆਂ ਤਨਖਾਹਾਂ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਗਈ। ਸਰਕਾਰ ਕੋਰੋਨਾ ਦੇ ਪ੍ਰਕੋਪ ਸਮੇਂ ਮੁਲਾਜ਼ਮਾਂ ਨੂੰ ਇਨ੍ਹਾਂ ਹਾਲਾਤਾਂ ਨਾਲ ਜੂਝਣ ਲਈ ਸਹੂਲਤਾਂ ਦੇਣ ਦੀ ਬਜਾਏ ਵਿਭਾਗਾਂ ਨੂੰ ਖਤਮ ਕਰਨ ਵਿੱਚ ਲੱਗੀ ਹੋਈ ਹੈ।
ਉਨ੍ਹਾਂ ਪੰਜਾਬ ਦੇ ਸਿੱਖਿਆ ਮੰਤਰੀ ਵੱਲੋਂ ਮਿਡ ਡੇਅ ਮੀਲ ਵਰਕਰਾਂ ਨੂੰ ਅਪਰੈਲ 2020 ਤੋਂ ਤਿੱਨ ਹਜ਼ਾਰ ਰੁਪਏ ਮਾਣ ਭੱਤਾ ਦੇਣ ਦਾ ਕੀਤਾ ਵਾਅਦਾ ਪੂਰਾ ਕਰਨ, ਪੰਜਾਬ ਸਰਕਾਰ ਤਨਖਾਹ ਕਮਿਸ਼ਨ ਦੀ ਰਿਪੋਰਟ ਜਨਤਕ ਕਰਨ, ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮ ਪੱਕੇ ਕਰਨ, ਮਾਣ ਭੱਤਾ / ਇੰਸੈਂਟਿਵ ਮੁਲਾਜ਼ਮਾਂ ਨੂੰ ਘੱਟੋ ਘੱਟ ਉਜਰਤ ਦੇਣ, ਪੁਰਾਣੀ ਪੈਨਸ਼ਨ ਬਹਾਲ ਕਰਨ ਸਮੇਤ ਸਾਂਝਾ ਫਰੰਟ ਦੇ ਮੰਗ ਪੱਤਰ ਵਿਚ ਦਰਜ ਸਮੁੱਚੀਆਂ ਮੰਗਾਂ ਦਾ ਨਿਪਟਾਰਾ ਕਰਨ ਦੀ ਮੰਗ ਕੀਤੀ। ਆਗੂਆਂ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ, ਮੁਲਾਜ਼ਮਾਂ ਅਤੇ ਮਿਡ-ਡੇ-ਮੀਲ ਵਰਕਰਾਂ, ਪੀ ਡਬਲਿਊ ਡੀ ਦੇ ਮੁਲਾਜ਼ਮਾਂ, ਨਹਿਰੀ ਵਿਭਾਗ ਦੇ ਮੁਲਾਜ਼ਮਾਂ, ਜੰਗਲਾਤ ਵਿਭਾਗ ਦੇ ਮੁਲਾਜ਼ਮਾਂ, ਸੀਵਰੇਜ ਬੋਰਡ ਦੇ ਮੁਲਾਜ਼ਮਾਂ ਵੱਲੋਂ ਕਾਲੇ ਬਿੱਲੇ / ਕਾਲੀਆਂ ਪੱਟੀਆਂ ਲਗਾ ਕੇ ਰੋਸ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਇਸ ਸਮੇਂ ਦੇਸਰਾਜ ਬੱਜੋਂ, ਸੋਹਣ ਲਾਲ, ਪ੍ਰਿੰਸੀਪਲ ਅਸ਼ੋਕ ਕੁਮਾਰ, ਜਰਨੈਲ ਸਿੰਘ, ਗੁਰਮੀਤ ਸਿੰਘ ਸਿਆਣ, ਹਰਭਜਨ ਸਿੰਘ, ਗੁਰਦਿਆਲ ਸਿੰਘ, ਰੇਸ਼ਮ ਲਾਲ, ਅਵਤਾਰ ਸਿੰਘ, ਜਗਦੀਸ਼ ਰਾਮ, ਦਵਿੰਦਰ ਕੁਮਾਰ, ਭਜਨ ਲਾਲ, ਗੁਰਮੀਤ ਰਾਮ, ਜੁਗਿੰਦਰ ਸਿੰਘ, ਕਸ਼ਮੀਰ ਕੌਰ, ਅਨੀਤਾ ਰਾਣੀ, ਦਲਜੀਤ ਕੌਰ, ਕਮਲਜੀਤ ਕੌਰ, ਸੁਰਿੰਦਰ ਕੌਰ, ਨੀਲਮ ਰਾਣੀ, ਨਿਰਮਲਾ ਦੇਵੀ, ਪਰਮਜੀਤ ਕੌਰ, ਊਸ਼ਾ ਰਾਣੀ, ਸੋਮਾ ਰਾਣੀ, ਸੁਸ਼ਮਾ ਰਾਣੀ, ਬਲਜੀਤ ਕੌਰ, ਜਸਵਿੰਦਰ ਕੌਰ, ਪਰਮਿੰਦਰਜੀਤ ਕੌਰ, ਆਸ਼ਾ ਰਾਣੀ ਆਦਿ ਸ਼ਾਮਲ ਸਨ।