ਅੰਤਰਰਾਸ਼ਟਰੀ ਨਰਸ ਦਿਵਸ ਮੌਕੇ ਫਿੱਕੀ ਫਲੋ ਸੰਸਥਾ ਨੇ ਕੀਤਾ ਨਰਸਾਂ ਨੂੰ ਸਨਮਾਨਤ

ਜੋ ਇਕ ਦੀ ਜਾਨ ਬਚਾਵੇ ਉਹ ਹੀਰੋ, ਜੋ ਹਜ਼ਾਰਾਂ ਦੀ ਜਾਨ ਬਚਾਏ ਉਹ ਨਰਸ-ਡਿਪਟੀ ਕਮਿਸ਼ਨਰ
ਅੰਮ੍ਰਿਤਸਰ 13 ਮਈ:- ਕੋਵਿਡ-19 ਮਹਾਂਮਾਰੀ ਦੋਰਾਨ ਡਾਕਟਰਾਂ  ਨਾਲ ਮੋਢੇ ਨਾਲ ਮੋਢਾ ਜੋੜ ਕੇ ਦਿਨ ਰਾਤ ਆਪਣੀ ਜਿੰਦਗੀ ਦੀ ਪਰਵਾਹ ਨਾ ਕੀਤੇ ਬਗੈਰ ਨਰਸਾਂ ਵਲੋ ਕਰੋਨਾ ਮਰੀਜ਼ਾ ਦੀ ਸੇਵਾ ਕੀਤੀ ਜਾ ਰਹੀ ਹੈ ਅਤੇ ਜੋ ਇਕ ਦੀ ਜਾਨ ਬਚਾਏ ਉਹ ਹੀਰੋ ਅਤੇ ਜੋ ਹਜ਼ਾਰਾਂ ਦੀ ਜਾਨ ਬਚਾਏ ਉਹ ਨਰਸ ਹੁੰਦੀ ਹੈ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬੀਤੀ ਸ਼ਾਮ ਅੰਤਰ-ਰਾਸ਼ਟਰੀ ਨਰਸ ਦਿਵਸ ਮੌਕੇ  ਸ: ਗੁਰਪੀ੍ਰਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਲੋ ਫਿੱਕੀ ਫਲੋ ਸੰਸਥਾ ਦੇ ਸਹਿਯੋਗ ਨਾਲ ਸਰਕਾਰੀ ਮੈਡੀਕਲ ਕਾਲਜ ਦੀਆਂ ਨਰਸਾਂ ਨੂੰ ਸਨਮਾਨਤ ਕਰਨ ਸਮੇ ਕੀਤਾ। ਸ: ਖਹਿਰਾ ਨੇ ਕਿਹਾ ਕਿ ਇਕ ਨਰਸ ਜੋ ਘਰ ਵਿਚ ਮਾਂ,ਬੇਟੀ ਅਤੇ ਭੈਣ ਦਾ ਫਰਜ਼ ਨਿਭਾਉਦੀ ਹੈ ਉਥੇ ਹੀ ਉਹ ਆਪਣੀ ਡਿਊਟੀ ਦੋਰਾਨ ਆਪਣੀ ਜਿੰਦਗੀ ਦੀ ਪਰਵਾਹ ਕੀਤੇ ਬਿਨਾਂ ਆਪਣੀ ਡਿਊਟੀ ਨੂੰ ਬਖੂਬੀ ਅੰਜਾਮ ਦੇ ਰਹੀ ਹੈ। ਉਨਾਂ ਕਿਹਾ ਕਿ ਇਸ ਮੁਸ਼ਕਲ ਘੜੀ ਵਿਚ ਜਿਥੇ ਲੋਕ ਆਪਣਿਆਂ ਦੇ ਕੋਲ ਜਾਣ ਤੋ ਗੁਰੇਜ਼ ਕਰ ਰਹੇ ਹਨ,ਉਥੇ ਸਾਡੀਆਂ ਨਰਸਾਂ ਜੋ ਭਾਵੇ ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲ ਵਿਚ ਕੰਮ ਕਰ ਰਹੀਆਂ ਹਨ,ਬਿਨਾਂ ਝਿਜਕ ਤੋ ਆਪਣੀ ਡਿਊਟੀ ਦੇ ਰਹੀਆਂ ਹਨ। ਡਿਪਟੀ ਕਮਿਸ਼ਨਰ ਨੇ ਅੰਤਰ-ਰਾਸ਼ਟਰੀ ਨਰਸ ਦਿਵਸ ਮੌਕੇ ਸਾਰੀਆਂ ਨਰਸਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ  ਇਸ ਅੋਖੀ ਘੜੀ ਵਿਚ  ਉਨ੍ਹਾਂ ਦੀਆਂ ਸੇਵਾਵਾਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਇਸ ਮੌਕੇ ਡਿਪਟੀ ਕਮਿਸ਼ਨਰ ਵਲੋ ਫਿੱਕੀ ਫਲੋ ਦੇ ਸਹਿਯੋਗ ਨਾਲ ਤਿਆਰ ਕਰਵਾਏ ਗਏ ਗਿਫਟ ਵੀ ਨਰਸਾਂ ਨੂੰ ਭੇਟ ਕਰਕੇ ਸਨਮਾਨਤ ਕੀਤਾ ਅਤੇ ਕਿਹਾ ਕਿ ਫਿੱਕੀ ਫਲੋ ਸੰਸਥਾ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ਨਾਲ ਨਰਸਾਂ ਦੀਆਂ ਸੇਵਾਵਾਂ ਨੂੰ ਮੁੱਖ ਰੱਖ ਕੇ ਉਨ੍ਹਾਂ ਦੀ ਹੋਸਲਾ ਅਫਜਾਈ ਕੀਤੀ ਗਈ ਹੈ। ਇਸ ਮੋਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਹਿਮਾਂਸੂ ਅਗਰਵਾਲ, ਪ੍ਰਿੰਸੀਪਲ ਮੈਡੀਕਲ ਕਾਲਜ  ਸ਼੍ਰੀ ਰਾਜੀਵ ਦੇਵਗਨ ਅਤੇ ਫਿੱਕੀ ਫਲੋ ਦੀ ਮੈਬਰ ਮੈਡਮ ਰੁਬੀਨਾ ਵੀ ਹਾਜ਼ਰ ਸਨ।
ਕੈਪਸ਼ਨ:      ਅੰਤਰ-ਰਾਸ਼ਟਰੀ ਦਿਵਸ ਮੌਕੇ ਨਰਸਾਂ ਨੂੰ ਸਨਮਾਨਤ ਕਰਦੇ ਹੋਏ ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ। ਨਾਲ ਨਜਰ ਆ ਰਹੇ ਹਨ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਹਿਮਾਂਸੂ ਅਗਰਵਾਲ