ਨਵਾਂਸ਼ਹਿਰ 22 ਮਈ :- ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼ (ਇਫਟੂ) ਵਲੋਂ 26 ਮਈ ਨੂੰ ਨਵਾਂਸ਼ਹਿਰ ਵਿਖੇ ਮਜਦੂਰ ਮਾਰੂ ਨੀਤੀਆਂ ਦੇ ਵਿਰੋਧ ਵਿਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਜਾਵੇਗਾ।ਅੱਜ ਇੱਥੇ ਜਾਣਕਾਰੀ ਦਿੰਦਿਆਂ ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਸਕੱਤਰ ਅਵਤਾਰ ਸਿੰਘ ਤਾਰੀ ਅਤੇ ਪ੍ਰੈਸ ਸਕੱਤਰ ਜਸਬੀਰ ਦੀਪ ਨੇ ਦੱਸਿਆ ਕਿ ਮੋਦੀ ਸਰਕਾਰ ਨੇ ਕਿਰਤ ਕਾਨੂੰਨਾਂ ਵਿਚ ਸੋਧਾਂ ਦੇ ਨਾਂਅ ਉੱਤੇ ਅਜਿਹੇ ਕਾਨੂੰਨ ਲਿਆਂਦੇ ਹਨ ਜੋ ਕਿਰਤੀਆਂ ਲਈ ਬੇਹੱਦ ਘਾਤਕ ਹਨ ।ਸਰਕਾਰ ਨੇ 8 ਘੰਟੇ ਦੀ ਦਿਹਾੜੀ ਨੂੰ 12 ਘੰਟੇ ਕਰਕੇ ਕਿਰਤੀਆਂ ਦੀ ਉਸ ਕੌਮਾਂਤਰੀ ਪੱਧਰ ਦੀ ਪ੍ਰਾਪਤੀ ਉੱਤੇ ਹਮਲਾ ਬੋਲਿਆ ਹੈ ਜੋ ਦੁਨੀਆਂ ਭਰ ਦੇ ਕਿਰਤੀਆਂ ਨੇ ਕਈ ਦਹਾਕੇ ਸੰਘਰਸ਼ ਕਰਕੇ ਹਾਸਲ ਕੀਤੀ ਸੀ।ਇਸਤੋਂ ਇਲਾਵਾ ਸਰਕਾਰ ਨੇ ਮਜਦੂਰ ਅਧਿਕਾਰਾਂ ਦੀ ਸੰਘੀ ਘੁੱਟਕੇ ਦੇਸੀ ਵਿਦੇਸ਼ੀ ਪੂੰਜੀਪਤੀਆਂ ਨੂੰ ਸੁਨੇਹਾ ਦੇਣ ਦਾ ਯਤਨ ਕੀਤਾ ਹੈ ਕਿ ਕਿਰਤੀਆਂ ਦੀਆਂ ਜਥੇਬੰਦਕ ਅਤੇ ਕਾਨੂੰਨੀ ਸ਼ਕਤੀਆਂ ਬੇਅਸਰ ਕਰ ਦਿੱਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਕਰੋਨਾ ਬਿਮਾਰੀ ਨਾਲ ਘੱਟ ਪਰ ਨਾਗਰਿਕਾਂ ਵਿਰੁੱਧ ਵੱਧ ਲੜਾਈ ਲੜ ਰਹੀ ਹੈ।ਮੌਜੂਦਾ ਸਮੇਂ ਵਿਚ ਇਹਨਾਂ ਸਰਕਾਰਾਂ ਦੇ ਸਿਹਤ ਪ੍ਰਬੰਧਾ ਦੀ ਪੋਲ ਖੁੱਲ੍ਹ ਗਈ ਹੈ ਜੋ ਇਕ ਸਾਲ ਵਿਚ ਲੋਕਾਂ ਲਈ ਨਾ ਹੀ ਲੋੜੀਂਦੀ ਆਕਸੀਜਨ ਦਾ ਪ੍ਰਬੰਧ ਕਰ ਸਕੀਆਂ ਹਨ ਨਾ ਹੀ ਵੈਂਟੀਲੇਟਰ, ਬਿਸਤਰਿਆਂ ਅਤੇ ਦਵਾਈਆਂ ਦਾ।ਪਾਬੰਦੀਆਂ ਦਾ ਸਭਤੋਂ ਵੱਧ ਮਾਰੂ ਅਸਰ ਕਿਰਤੀਆਂ ਉੱਤੇ ਹੋਇਆ ਹੈ।ਲੰਮਾ ਲੌਕਡਾਉਨ ਲੱਗਣ ਦੇ ਡਰੋਂ ਪ੍ਰਵਾਸੀ ਮਜਦੂਰ ਆਪਣੇ ਸੂਬਿਆਂ ਨੂੰ ਹਿਜਰਤ ਕਰ ਰਹੇ ਹਨ।ਸਰਕਾਰ ਸੰਕਟ ਦੀ ਘੜੀ ਦੀ ਦੁਹਾਈ ਦੇਕੇ ਲੋਕਾਂ ਨੂੰ ਪਾਬੰਦੀਆਂ ਦੀ ਪਾਲਣਾ ਕਰਨ ਲਈ ਹੁਕਮ ਚਾਹੜ੍ਹ ਰਹੀ ਹੈ ਪਰ ਲੋੜਵੰਦਾਂ ਦੀ ਧੇਲੇ ਦੀ ਵੀ ਮੱਦਦ ਨਹੀਂ ਕਰ ਰਹੀ। ਨਿੱਜੀ ਹਸਪਤਾਲ ਇਲਾਜ ਦੇ ਨਾਂਅ ਹੇਠ ਮਰੀਜ਼ਾਂ ਦੀ ਲੁੱਟ ਕਰ ਰਹੇ ਹਨ ।ਨਿੱਤ ਵਰਤੋਂ ਦੀਆਂ ਚੀਜਾਂ ਅਤੇ ਦਵਾਈਆਂ ਦੀ ਕੀਮਤਾਂ ਉੱਤੇ ਸਰਕਾਰ ਦਾ ਕੋਈ ਕੰਟਰੋਲ ਹੀ ਨਹੀਂ ਹੈ।ਬਲੈਕ ਮਾਰਕੀਟੀਏ ਖੂਬ ਹੱਥ ਰੰਗ ਰਹੇ ਹਨ ਪਰ ਰੇਹੜੀਆਂ ਫੜੀਆਂ ਵਾਲੇ ਸਰਕਾਰੀ ਹੁਕਮਾਂ ਦਾ ਨਿਸ਼ਾਨਾ ਬਣ ਰਹੇ ਹਨ।ਉਹਨਾਂ ਮੰਗ ਕੀਤੀ ਕਿ ਮੋਦੀ ਸਰਕਾਰ ਨਵੇਂ ਕਿਰਤ ਕਾਨੂੰਨਾਂ ਨੂੰ ਰੱਦ ਕਰੇ ਜੋ ਪੂੰਜਪਤੀਆਂ ਨੂੰ ਕਿਰਤੀਆਂ ਦੀ ਲੁੱਟ ਕਰਨ ਦੀ ਖੁੱਲ੍ਹ ਦਿੰਦੇ ਹਨ।
ਕੈਪਸ਼ਨ: ਜਾਣਕਾਰੀ ਦਿੰਦੇ ਹੋਏ ਇਫਟੂ ਦੇ ਸੂਬਾ ਆਗੂ।
ਕੈਪਸ਼ਨ: ਜਾਣਕਾਰੀ ਦਿੰਦੇ ਹੋਏ ਇਫਟੂ ਦੇ ਸੂਬਾ ਆਗੂ।