ਸਿੱਖਿਆ ਵਿਭਾਗ ਦੇ ਅਧਿਕਾਰੀ ਤੇ ਅਧਿਆਪਕਾਂ ਨੂੰ ਪੜਾਇਆ ਚਿੰਤਾ ਪ੍ਰਬੰਧਨ ਦਾ ਪਾਠ


ਪਟਿਆਲਾ 15 ਮਈ: -  ਜਿਲ੍ਹਾ ਸਿੱਖਿਆ ਅਫਸਰ (ਐਲੀ.ਸਿੱ.) ਪਟਿਆਲਾ ਇੰਜੀ. ਸ. ਅਮਰਜੀਤ ਸਿੰਘ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ (ਐਲੀ.ਸਿੱ.) ਮਨਵਿੰਦਰ ਕੌਰ ਭੁੱਲਰ ਦੀ ਅਗਵਾਈ 'ਚ ਸਕੂਲ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਤੇ ਅਧਿਆਪਕਾਂ ਲਈ 'ਚਿੰਤਾ ਪ੍ਰਬੰਧਨ' ਵਿਸ਼ੇ 'ਤੇ ਆਨਲਾਈਨ (ਜ਼ੂਮ ਐਪ ਰਾਹੀਂ) ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਦੌਰਾਨ ਸੀ.ਐਮ.ਸੀ ਲੁਧਿਆਣਾ ਦੇ ਸਾਬਕਾ ਪ੍ਰੋਫੈਸਰ ਅਤੇ ਸਾਬਕਾ ਰਜਿਸਟਰਾਰ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ, ਡਾ. ਅਰਵਿੰਦ ਸ਼ਰਮਾ (ਨਿਊਰੋ ਸਾਇਕੈਟਰਿਸਟ) ਨੇ ਕੋਵਿਡ-19 ਦੇ ਅਜੋਕੇ ਚਿੰਤਾਜਨਕ ਅਤੇ ਤਣਾਅ ਭਰੇ ਸਮੇਂ ਦੌਰਾਨ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਆਤਮ-ਚਿੰਤਨ, ਆਤਮ-ਵਿਸ਼ਵਾਸ, ਸਾਕਾਰਾਤਮਕ ਸੋਚ, ਸਰੀਰਕ ਕਸਰਤ, ਯੋਗ ਸਾਧਨਾ, ਧਿਆਨ ਅਤੇ ਦੂਜਿਆਂ ਨਾਲ਼ ਸਹਿਚਾਰ ਅਤੇ ਮਿਲਵਰਤਨ ਦੀ ਭਾਵਨਾ ਸਬੰਧੀ ਵਿਸਥਾਰ 'ਚ ਚਾਨਣਾ ਪਾਇਆ।  ਉਨ੍ਹਾਂ ਕਿਹਾ ਕਿ ਦਫ਼ਤਰੀ ਕੰਮਕਾਰ ਦਾ ਬੋਝ ਘਰੇਲੂ ਜ਼ਿੰਦਗੀ 'ਤੇ ਅਤੇ ਘਰੇਲੂ ਜ਼ਿੰਦਗੀ ਦਾ ਅਸਰ ਦਫ਼ਤਰੀ ਜੀਵਨ 'ਤੇ ਨਹੀਂ ਪੈਣਾ ਚਾਹੀਦਾ। ਜਿਸ ਕਾਰਨ ਵਿਅਕਤੀ ਦਾ ਸਮੁੱਚਾ ਜੀਵਨ ਚਿੰਤਾ ਭਰਪੂਰ ਬਣ ਜਾਂਦਾ ਹੈ। ਡਾ. ਸ਼ਰਮਾ ਨੇ ਦੱਸਿਆ ਕਿ ਬਹੁਤ ਸਾਰੀਆਂ ਚਿੰਤਾਵਾਂ ਸਕਾਰਤਮਕ ਵੀ ਹੁੰਦੀਆਂ ਹਨ ਤੇ ਮਨੁੱਖ ਇਨ੍ਹਾਂ ਨੂੰ ਚੁਣੌਤੀ ਵਜੋਂ ਲੈਂਦਾ ਹੈ, ਜਿਸ ਨਾਲ ਨਤੀਜੇ ਬਿਹਤਰ ਆਉਂਦੇ ਹਨ। ਜਿਸ ਤਰ੍ਹਾਂ ਜਿਹੜੇ ਵਿਦਿਆਰਥੀਆਂ ਪ੍ਰੀਖਿਆ ਦੀ ਚਿੰਤਾ, ਸਿਰਫ਼ ਇੱਕ ਟੀਚੇ ਵਜੋਂ ਰੱਖ ਕਰਦੇ ਹਨ ਉਹ ਹਮੇਸ਼ਾ ਚੰਗੇ ਅੰਕ ਲੈ ਕੇ ਪਾਸ ਹੁੰਦੇ ਹਨ। ਜੋ ਵਿਦਿਆਰਥੀ ਪ੍ਰੀਖਿਆ ਦੀ ਚਿੰਤਾ ਨੂੰ ਨਕਾਰਤਮਕ ਤਰੀਕੇ ਨਾਲ ਲੈਂਦੇ ਹਨ ਉਹ ਬਹੁਤੇ ਸਫਲ ਨਹੀਂ ਹੁੰਦੇ।
  ਡੀ.ਈ.ਓ. ਇੰਜੀ. ਅਮਰਜੀਤ ਸਿੰਘ ਨੇ ਡਾ. ਅਰਵਿੰਦ ਸ਼ਰਮਾ ਦਾ ਸਵਾਗਤ ਕੀਤਾ ਅਤੇ ਵਿਭਾਗ ਦੇ ਅਧਿਕਾਰੀਆਂ ਤੇ ਅਧਿਆਪਕਾਂ ਨਾਲ ਤੁਆਰਫ਼ ਕਰਵਾਇਆ। ਉਨ੍ਹਾਂ ਆਪਣੇ ਸਵਾਗਤੀ ਭਾਸ਼ਣ ਦੌਰਾਨ ਭੱਜ-ਨੱਠ ਵਾਲੀ ਜ਼ਿੰਦਗੀ ਵਿੱਚ 'ਚਿੰਤਾ ਪ੍ਰਬੰਧਨ' ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਅਧਿਆਪਕਾਂ ਨੂੰ ਤਣਾਉ ਮੁਕਤ ਹੋ ਕੇ ਪੂਰੇ ਜਜ਼ਬੇ ਨਾਲ਼ ਕੰਮ ਕਰਨ ਲਈ ਪ੍ਰੇਰਿਤ ਕੀਤਾ।   ਇਸ ਦੌਰਾਨ ਮੁੱਖ ਦਫ਼ਤਰ ਮੋਹਾਲੀ ਤੋਂ ਡਾ. ਦਵਿੰਦਰ ਸਿੰਘ ਬੋਹਾ ਸਟੇਟ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ, ਗੁਰਤੇਜ਼ ਸਿੰਘ ਖੱਟੜਾ, ਹਰਜੀਤ ਕੌਰ, ਗੁਰਿੰਦਰ ਕੌਰ, ਜਿਲ੍ਹਾ ਪਟਿਆਲਾ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਸਮੇਤ 120 ਦੇ ਕਰੀਬ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ।   ਡਾ. ਦਵਿੰਦਰ ਸਿੰਘ ਬੋਹਾ ਨੇ ਆਪਣੇ ਕੰਮ ਨੂੰ ਪੂਰੀ ਇਮਾਨਦਾਰੀ, ਤਨਦੇਹੀ ਨਾਲ਼ ਆਤਮ-ਵਿਸ਼ਵਾਸ ਰੱਖਦੇ ਹੋਏ ਅਤੇ ਚਿੰਤਾ ਮੁਕਤ ਹੋ ਕੇ ਕਰਨ ਲਈ ਪ੍ਰੇਰਿਤ ਕੀਤਾ ਅਤੇ ਇਸ ਸਾਕਾਰਾਤਮਕ ਕਦਮ, ਚੰਗੀ ਕੋਸ਼ਿਸ਼ ਲਈ ਇੰਜੀ. ਅਮਰਜੀਤ ਸਿੰਘ ਦੀ ਸ਼ਲਾਘਾ ਕੀਤੀ। ਰਾਜਵੰਤ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਪਟਿਆਲ਼ਾ, ਸਹਾਇਕ ਕੋਆਰਡੀਨੇਟਰ ਤਲਵਿੰਦਰ ਸਿੰਘ ਤੇ ਡਾ. ਨਰਿੰਦਰ ਸਿੰਘ ਨੇ ਪ੍ਰੋਗਰਾਮ ਦਾ ਸੰਚਾਲਨ ਕੀਤਾ।