ਅਲਾਚੌਰੀਆਂ ਨੇ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਮਨਾਇਆ ਕਾਲਾ ਦਿਵਸ

ਨਵਾਂਸ਼ਹਿਰ 26 ਮਈ :- ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਪਿੰਡ ਅਲਾਚੌਰ ਵਾਸੀਆਂ ਨੇ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਵਿਚ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਕਾਲਾ ਦਿਵਸ ਮਨਾਇਆ।ਪਿੰਡ ਵਾਸੀਆਂ ਨੇ ਕਾਲੇ ਝੰਡਿਆਂ ਨਾਲ ਲੈਸ ਹੋਕੇ ਪਿੰਡ ਦੇ ਥੜੇ ਤੇ ਇਕੱਠੇ ਹੋਕੇ ਸਰਕਾਰ ਵਿਰੁੱਧ ਨਾਹਰੇਬਾਜ਼ੀ ਕੀਤੀ।ਇਸ ਮੌਕੇ ਤੇ ਵਿਚਾਰ ਪ੍ਰਗਟ ਕਰਦਿਆਂ ਜਸਬੀਰ ਦੀਪ, ਮਨਜੀਤ ਕੌਰ ਅਲਾਚੌਰ,ਜੁਝਾਰ ਸਿੰਘ, ਅਨੀਤਾ, ਸੋਢੀ ਸਿੰਘ ਨੇ ਕਿਹਾ ਕਿ ਖੇਤੀ ਕਾਨੂੰਨਾਂ ਵਿਰੁੱਧ ਚੱਲੀ ਲਹਿਰ ਨੇ ਲੋਕਾਂ ਵਿਚ ਮੋਦੀ ਸਰਕਾਰ ਦੇ ਖਿਲਾਫ ਵਿਆਪਕ ਪੱਧਰ ਉੱਤੇ ਚੇਤਨਤਾ ਪੈਦਾ ਕੀਤੀ ਹੈ।ਜਿਸ ਕਾਰਨ ਲੋਕ ਹਰ ਤਰ੍ਹਾਂ ਦੇ ਸਰਕਾਰੀ ਜਬਰ ਦਾ ਮੂੰਹ ਮੋੜਦਿਆਂ ਅੱਗੇ ਵੱਧ ਰਹੇ ਹਨ।ਆਗੂਆਂ ਨੇ ਆਖਿਆ ਕਿ ਪਿੰਡਾਂ ਦੇ ਲੋਕਾਂ ਨੂੰ ਵਾਰੀਆਂ ਪਾਕੇ ਦਿੱਲੀ ਮੋਰਚੇ ਵਿਚ ਸ਼ਾਮਲ ਹੋਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਕਿਸਾਨਾਂ ਦੇ ਹੌਂਸਲੇ ਅਤੇ ਹਿੰਮਤ ਅੱਗੇ ਮੋਦੀ ਸਰਕਾਰ ਲਾਜਮੀ ਝੁਕਣ ਲਈ ਮਜਬੂਰ ਹੋਵੇਗੀ ਅਤੇ ਕਿਸਾਨ ਜਿੱਤ ਦਾ ਝੰਡਾ ਲਹਿਰਾਣਗੇ।
ਕੈਪਸ਼ਨ:ਮੋਦੀ ਸਰਕਾਰ ਦਾ ਪੁਤਲਾ ਫੂਕਦੇ ਹੋਏ ਪਿੰਡ ਅਲਾਚੌਰ ਦੇ ਵਾਸੀ।