ਜ਼ਿਲੇ ਵਿਚ ਕੋਵਿਡ ਰੋਕੂ ਟੀਕਾਕਰਨ ਲਈ 10 ਥਾਵਾਂ ਨਿਰਧਾਰਤ
ਨਵਾਂਸ਼ਹਿਰ, 17 ਮਈ : - ਵਿਧਾਇਕ ਨਵਾਂਸ਼ਹਿਰ ਅੰਗਦ ਸਿੰਘ ਅਤੇ ਡਿਪਟੀ ਕਮਿਸ਼ਨਰ ਡਾ.
ਸ਼ੇਨਾ ਅਗਰਵਾਲ ਨੇ ਅੱਜ ਸਿਵਲ ਹਸਪਤਾਲ ਨਵਾਂਸ਼ਹਿਰ ਦਾ ਦੌਰਾ ਕਰ ਕੇ ਜ਼ਿਲੇ ਵਿਚ
ਕੋਵਿਡ-19 ਦੀ ਮੌਜੂਦਾ ਸਥਿਤੀ, ਟੀਕਾਕਰਨ, ਸਿਹਤ ਸੰਸਥਾਵਾਂ ਵਿਚ ਕੋਵਿਡ ਮਰੀਜ਼ਾਂ ਦੇ
ਇਲਾਜ ਅਤੇ ਸਾਂਭ-ਸੰਭਾਲ ਤੋਂ ਇਲਾਵਾ ਮੈਡੀਕਲ ਆਕਸੀਜਨ ਦੀ ਉਪਲਬੱਧਤਾ ਤੇ ਸਪਲਾਈ ਆਦਿ
ਦੀ ਸਮੀਖਿਆ ਕੀਤੀ। ਇਸ ਦੌਰਾਨ ਉਨਾਂ ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਅਤੇ
ਹੋਰਨਾਂ ਸਿਹਤ ਅਧਿਕਾਰੀਆਂ ਨਾਲ ਡੂੰਘਾਈ ਨਾਲ ਵਿਚਾਰ-ਚਰਚਾ ਕਰਦਿਆਂ ਕੋਵਿਡ-19 ਦੇ
ਗੰਭੀਰ ਮਰੀਜ਼ਾਂ ਦਾ ਬਿਹਤਰੀਨ ਇਲਾਜ ਯਕੀਨੀ ਬਣਾਉਣ ਦੀ ਤਾਕੀਦ ਕੀਤੀ। ਉਨਾਂ ਕਿਹਾ ਕਿ
ਸਰਕਾਰੀ ਅਤੇ ਪ੍ਰਾਈਵੇਟ ਸਿਹਤ ਸੰਸਥਾਵਾਂ ਵਿਚ ਮੈਡੀਕਲ ਆਕਸੀਜਨ ਦੀ ਕੋਈ ਘਾਟ ਨਹੀਂ
ਆਉਣੀ ਚਾਹੀਦੀ। ਇਸ ਦੌਰਾਨ ਉਨਾਂ ਸਿਵਲ ਹਸਪਤਾਲ ਵਿਖੇ ਲਗਾਏ ਜਾਣ ਵਾਲੇ ਆਕਸੀਜਨ ਪਲਾਂਟ
ਦੀ ਜਗਾ ਦਾ ਨਿਰੀਖਣ ਵੀ ਕੀਤਾ ਅਤੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ।
ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਇਸ ਮੌਕੇ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿਚ
ਭੀੜ ਨੂੰ ਦੇਖਦਿਆਂ ਜ਼ਿਲ੍ਰੇ ਵਿਚ 10 ਟੀਕਾਕਰਨ ਕੇਂਦਰ ਸਥਾਪਿਤ ਕੀਤੇ ਗਏ ਹਨ ਅਤੇ ਹੁਣ
ਹਸਪਤਾਲਾਂ ਵਿਚ ਕੋਵਿਡ ਟੀਕਾਕਰਨ ਨਹੀਂ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਸਥਾਪਿਤ ਕੀਤੇ
ਗਏ ਟੀਕਾਕਰਨ ਕੇਂਦਰਾਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਰਾਹੋਂ,
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉਸਮਾਨਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੜੋਆ,
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੂਰਾਪੁਰ, ਬਾਬਾ ਗੋਲਾ ਗਰਲਜ਼ ਸਕੂਲ ਬੰਗਾ, ਸਰਕਾਰੀ
ਸੀਨੀਅਰ ਸੈਕੰਡਰੀ ਸਕੂਲ (ਚੰਡੀਗੜ ਰੋਡ) ਨਵਾਂਸ਼ਹਿਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ
ਔੜ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਕੰਦਪੁਰ, ਮਾਊਂਟ ਕਾਰਮਲ ਸਕੂਲ ਬਲਾਚੌਰ ਅਤੇ
ਡੀ. ਏ. ਵੀ ਸਕੂਲ ਕਾਠਗੜ ਸ਼ਾਮਲ ਹਨ। ਉਨਾਂ ਦੱਸਿਆ ਕਿ ਸਰਕਾਰ ਦੇ ਨਵੇਂ
ਦਿਸ਼ਾ-ਨਿਰਦੇਸ਼ਾਂ ਤਹਿਤ ਹੁਣ ਕੋਵੀਸ਼ੀਲਡ ਦੀਆਂ ਦੋ ਖ਼ੁਰਾਕਾਂ ਵਿਚਾਲੇ 12-16 ਹਫ਼ਤੇ ਦਾ
ਫਰਕ ਰੱਖਿਆ ਗਿਆ ਹੈ ਜਦਕਿ ਕੋ-ਵੈਕਸੀਨ ਪਹਿਲਾਂ ਦੀ ਤਰਾਂ 4-6 ਹਫ਼ਤਿਆਂ ਦੇ ਫ਼ਰਕ ਨਾਲ
ਲਗਾਈ ਜਾਵੇਗੀ। ਉਨਾਂ ਦੱਸਿਆ ਕਿ ਕੋਵਿਡ ਰੋਕੂ ਟੀਕਾਕਰਨ ਦੇ ਤੀਜੇ ਪੜਾਅ ਵਿਚ 18-44
ਸਾਲ ਉਮਰ ਵਰਗ ਦੇ ਹੈਲਥ ਕੇਅਰ ਵਰਕਰਾਂ ਤੇ ਉਨਾਂ ਦੇ ਪਰਿਵਾਰਾਂ, ਰਜਿਸਟਰਡ ਉਸਾਰੀ
ਕਾਮਿਆਂ ਅਤੇ ਨਿਰਧਾਰਤ ਸਹਿ-ਰੋਗਾਂ ਤੋਂ ਪੀੜਤ ਵਿਅਕਤੀਆਂ ਨੂੰ ਵੈਕਸੀਨ ਦਿੱਤੀ ਜਾ ਰਹੀ
ਹੈ। ਇਸ ਤੋਂ ਪਹਿਲਾਂ 45-59 ਸਾਲ ਉਮਰ ਵਰਗ ਦੇ ਵਿਅਕਤੀਆਂ ਅਤੇ 60 ਸਾਲ ਤੋਂ ਵੱਧ ਉਮਰ
ਦੇ ਸਾਰੇ ਸੀਨੀਅਰ ਸਿਟੀਜ਼ਨਾਂ ਨੂੰ ਟੀਕੇ ਲਗਾਏ ਜਾ ਰਹੇ ਸਨ, ਜੋ ਹਾਲੇ ਵੀ ਜਾਰੀ ਹਨ।
ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਦੀਪ ਕਮਲ, ਜ਼ਿਲਾ ਟੀਕਾਕਰਨ ਅਫ਼ਸਰ ਡਾ. ਜੇ.
ਐਸ ਬੈਂਸ, ਡਾ. ਸਤਵਿੰਦਰ ਸਿੰਘ, ਅਜੇ ਕੁਮਾਰ, ਤਰਸੇਮ ਲਾਲ, ਰਾਜੇਸ਼ ਕੁਮਾਰ ਤੇ ਹੋਰ
ਹਾਜ਼ਰ ਸਨ।