-ਕਿਸਾਨ ਹਰੇ ਚਾਰੇ 'ਚ ਯੂਰੀਆ ਪਾ ਕੇ, ਚਾਰਾ ਤੁਰੰਤ ਕੱਟਕੇ ਪਸ਼ੂਆਂ ਨੂੰ ਪਾਉਣ ਤੋਂ ਗੁਰੇਜ਼ ਕਰਨ-ਸ਼ਰਮਾ
ਪਟਿਆਲਾ, 24 ਮਈ:- ਪੰਜਾਬ ਰਾਜ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਸਚਿਨ ਸ਼ਰਮਾ ਨੇ ਦੱਸਿਆ ਹੈ ਕਿ ਐਤਵਾਰ ਨੂੰ ਜੈ ਭੋਲੇ ਨਾਥ ਜੈ ਭਗਵਾਨ ਹਨੂਮਾਨ ਗਊਸ਼ਾਲਾ ਆਸ਼ਰਮ ਅਰਾਈ ਮਾਜਰਾ ਸਨੌਰ ਰੋਡ ਪਟਿਆਲਾ 'ਚ ਗਊਧਨ ਦੇ ਨੁਕਸਾਨ ਹੋਣ ਦਾ ਵੱਡਾ ਹਾਦਸਾ, ਪੰਜਾਬ ਗਊ ਸੇਵਾ ਕਮਿਸ਼ਨ ਅਤੇ ਪਸ਼ੂ ਪਾਲਣ ਵਿਭਾਗ ਦੀ ਚੌਕਸੀ ਸਦਕਾ ਵਾਪਰਨ ਤੋਂ ਬਚ ਗਿਆ। ਉਨ੍ਹਾਂ ਦੱਸਿਆ ਕਿ ਇਥੇ 157 ਗਊਆਂ ਹਨ, ਜਿਸ ਵਿੱਚੋਂ 2 ਦੀ ਅਚਾਨਕ ਮੌਤ ਹੋ ਗਈ ਜਦਕਿ ਬਾਕੀਆਂ ਦੀ ਸਿਹਤ 'ਚ ਆਈ ਅਚਾਨਕ ਗਿਰਾਵਟ ਦੇਖਦਿਆਂ ਪ੍ਰਬੰਧਕਾਂ ਹੰਸ ਰਾਜ ਭਾਰਦਵਾਜ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ, ਜਿਸ ਦਾ ਉਨ੍ਹਾਂ ਨੇ ਤੁਰੰਤ ਨੋਟਿਸ ਲੈਂਦਿਆਂ ਪਸ਼ੂ ਪਾਲਣ ਵਿਭਾਗ ਦੇ ਪਟਿਆਲਾ ਸਥਿਤ ਡਿਪਟੀ ਡਾਇਰੈਕਟਰ ਗੁਰਚਰਨ ਸਿੰਘ ਨੂੰ ਗਊਸ਼ਾਲਾ 'ਚ ਗਊਧਨ ਦਾ ਤੁਰੰਤ ਇਲਾਜ ਕਰਨ ਲਈ ਆਖਿਆ। ਇਸ ਤਰ੍ਹਾਂ ਪਸ਼ੂ ਪਾਲਣ ਦੀ ਮੈਡੀਕਲ ਟੀਮ ਵੱਲੋਂ ਸਮੇਂ ਸਿਰ ਕੀਤੀ ਗਈ ਕਾਰਵਾਈ ਨੇ ਗਊਧਨ ਨੂੰ ਬਚਾ ਲਿਆ। ਸ੍ਰੀ ਸ਼ਰਮਾ ਨੇ ਅੱਗੇ ਦੱਸਿਆ ਕਿ ਇਸ ਦੌਰਾਨ ਮੈਡੀਕਲ ਟੀਮ ਨੇ ਜਦੋਂ ਇਸ ਹਾਦਸੇ ਦਾ ਕਾਰਨ ਜਾਨਣ ਲਈ ਜਦੋਂ ਗਊਧਨ ਦੇ ਖੂਨ ਦੇ ਸੈਂਪਲ ਲਏ ਗਏ ਅਤੇ ਗਊਧਨ ਨੂੰ ਪਾਏ ਗਏ ਚਾਰੇ ਦੀ ਗੁਣਵੱਤਾ ਪੜਤਾਲ ਕੀਤੀ ਗਈ ਤਾਂ ਨਾਈਟ੍ਰੇਟ ਜਹਿਰੀਲਾਪਣ ਸਾਹਮਣੇ ਆਇਆ, ਜਿਸ ਪਿੱਛੇ ਇਹ ਕਾਰਨ ਸਾਹਮਣੇ ਆਇਆ ਕਿ ਚਾਰੇ 'ਚ ਯੂਰੀਆ ਦੀ ਮਾਤਰਾ ਬਹੁਤ ਜਿਆਦਾ ਸੀ ਜੋ ਕਿ ਬਾਦ 'ਚ ਨਾਈਟ੍ਰੇਟ 'ਚ ਬਦਲਕੇ ਸਰੀਰ 'ਚ ਨਾਈਟ੍ਰੇਟ ਜਹਿਰ ਬਣ ਜਾਂਦਾ ਹੈ ਅਤੇ ਖੂਨ ਦੇ ਸੰਪਰਕ 'ਚ ਆਉਣ ਕਰਕੇ ਆਕਸੀਜਨ ਦੀ ਕਮੀ ਹੋ ਜਾਂਦੀ ਹੈ ਅਤੇ ਗਊਧਨ ਦੀ ਜਾਨ ਚਲੀ ਜਾਂਦੀ ਹੈ। ਚੇਅਰਮੈਨ ਸ੍ਰੀ ਸ਼ਰਮਾ ਨੇ ਕਿਹਾ ਕਿ ਡਿਪਟੀ ਡਾਇਰੈਕਟਰ ਡਾ. ਗੁਰਚਰਨ ਸਿੰਘ ਦੀ ਟੀਮ ਵੱਲੋਂ ਇਹ ਕਾਰਨ ਜਾਣਕੇ ਤੁਰੰਤ ਇਲਾਜ ਕੀਤਾ ਗਿਆ ਤੇ ਗਊਧਨ ਦਾ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ, ਜਿਸ ਲਈ ਪੂਰੀ ਟੀਮ ਸ਼ਲਾਘਾ ਦੀ ਪਾਤਰ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਗਊ ਸੇਵਾ ਕਮਿਸ਼ਨ ਵੱਲੋਂ ਗਊਧਨ ਦੀ ਪਲਾਈ ਲਈ ਬਹੁਤ ਸਾਰੇ ਕਾਰਜ ਕੀਤੇ ਜਾ ਰਹੇ ਹਨ, ਇਸੇ ਤਹਿਤ ਹੀ ਲੋਕਾਂ ਤੇ ਖਾਸ ਕਰਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਕਿ ਉਹ ਹਰੇ ਚਾਰੇ ਦੀ ਗੁਣਵਤਾ ਉਚੀ ਰੱਖਣ ਲਈ ਉਸ 'ਚ ਘੱਟ ਤੋਂ ਘੱਟ ਯੂਰੀਆ ਪਾਉਣ ਤਾਂ ਕਿ ਉਹ ਜਹਿਰੀਲਾ ਨਾ ਬਣੇ। ਉਨ੍ਹਾਂ ਦੱਸਿਆ ਕਿ ਚਰੇ ਨੂੰ ਡੇਢ ਮੀਟਰ ਉਚਾ ਹੋਣ 'ਤੇ ਹੀ ਉਸਦੀ ਕਟਾਈ ਕੀਤੀ ਜਾਵੇ ਅਤੇ ਕੱਟਣ ਤੋਂ ਪਹਿਲਾਂ ਊਸ 'ਚ ਯੂਰੀਆ ਨਾ ਪਾਇਆ ਜਾਵੇ ਅਤੇ 15 ਦਿਨਾਂ ਤੱਕ ਪਾਣੀ ਜਰੂਰ ਦਿੱਤਾ ਜਾਵੇ। ਇਸ ਤੋਂ ਬਿਨ੍ਹਾਂ ਸੁੰਡੀਆਂ ਆਦਿ ਤੋਂ ਬਚਾਉਣ ਲਈ ਹਰੇ ਚਾਰੇ 'ਤੇ ਕੀਟਨਾਸ਼ਕਾਂ ਦਾ ਛਿੜਕਾਅ ਵੀ ਘੱਟ ਤੋਂ ਘੱਟ ਕੀਤਾ ਜਾਵੇ ਤਾਂ ਕਿ ਹਰੇ ਚਾਰੇ ਨੂੰ ਜਹਿਰੀਲਾ ਹੋਣ ਤੋਂ ਬਚਾਇਆ ਜਾ ਸਕੇ। ਸ੍ਰੀ ਸ਼ਰਮਾ ਨੇ ਪਸ਼ੂ ਪਾਲਣ ਵਿਭਾਗ ਦੀ ਸਮੁੱਚੀ ਟੀਮ ਦੀ ਸ਼ਲਾਘਾ ਕੀਤੀ, ਜਿਸ 'ਚ ਡਾ. ਐਮ.ਪੀ ਸਿੰਘ, ਡਾ. ਜੀਵਨ ਗੁਪਤਾ ਨਿਊਟ੍ਰਿਸ਼ਨ, ਡਾ. ਹਰਮਨਦੀਪ ਸਿੰਘ ਸੋਹੀ ਪੈਥਾਲੋਜਿਸਟ, ਵੈਨਰਨਰੀ ਇੰਸਪੈਕਟਰ ਡਾ. ਸਰਬਜੀਤ ਸਿੰਘ ਆਦਿ ਸ਼ਾਮਲ ਸਨ।