ਸਾਂਝਾ ਮੁਲਾਜ਼ਮ ਫਰੰਟ ਦੇ ਸੱਦੇ ਤੇ ਪੀ ਡਬਲਿਊ ਡੀ ਅਤੇ ਜੰਗਲਾਤ ਕਾਮਿਆਂ ਨੇ ਕਾਲੇ ਬਿੱਲੇ ਲਗਾ ਕੇ ਪ੍ਰਦਰਸ਼ਨ ਕੀਤਾ

26 ਮਈ ਨੂੰ ਕਾਂਗਰਸੀ ਵਿਧਾਇਕਾਂ  ਨੂੰ ਦਿੱਤੇ ਜਾਣਗੇ ਰੋਸ ਪੱਤਰ
ਨਵਾਂ ਸ਼ਹਿਰ, 24 ਮਈ :-  ਪੰਜਾਬ-ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੱਦੇ 'ਤੇ ਪੰਜਾਬ ਸਰਕਾਰ ਖ਼ਿਲਾਫ਼ 20 ਤੋਂ 27 ਮਈ ਤੱਕ ਮਨਾੲੇ ਜਾ ਰਹੇ ਰੋਸ ਹਫਤੇ ਦੇ ਸੱਦੇ 'ਤੇ ਮੁਲਾਜ਼ਮਾਂ ਵਲੋਂ ਕਾਲੇ ਬਿੱਲੇ ਲਗਾ ਕੇ ਮੰਗਾਂ ਨੂੰ ਅਣਗੌਲਿਆ ਕਰਨ 'ਤੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਗਟ ਕੀਤਾ।
          ਇਸ ਸਬੰਧੀ ਜਾਣਕਾਰੀ ਦਿੰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਅਤੇ ਪਸਸਫ ਦੇ ਸੂਬਾ ਮੀਤ ਪ੍ਰਧਾਨ ਕੁਲਦੀਪ ਸਿੰਘ ਦੌੜਕਾ, ਪਸਸਫ ਦੇ ਜ਼ਿਲ੍ਹਾ ਪ੍ਰਧਾਨ ਕਰਨੈਲ ਸਿੰਘ ਰਾਹੋਂ ਪੀ ਡਬਲਿਊ ਡੀ ਫੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਪਾਲ, ਚੇਅਰਮੈਨ ਮੋਹਨ ਸਿੰਘ ਪੂਨੀਆ ਅਤੇ ਜਨਰਲ ਸਕੱਤਰ ਸੁਖਰਾਮ, ਜੰਗਲਾਤ ਵਰਕਰਜ਼ ਯੂਨੀਅਨ ਦੇ ਚੈਅਰਮੈਨ ਸਤਨਾਮ ਸਿੰਘ ਨੇ ਦੱਸਿਆ ਕਿ ਹਰ ਤਰ੍ਹਾਂ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਲੜੇ ਜਾ ਰਹੇ ਇਸ ਘੋਲ ਦੌਰਾਨ ਪੰਜਾਬ ਸਰਕਾਰ ਨੂੰ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਚੋਣ ਵਾਅਦੇ ਯਾਦ ਕਰਵਾਉਣ ਲਈ 26 ਮਈ ਨੂੰ ਜ਼ਿਲ੍ਹੇ ਦੇ ਕਾਂਗਰਸੀ ਵਿਧਾਇਕਾਂ ਰਾਹੀਂ ਰੋਸ ਪੱਤਰ ਭੇਜੇ ਜਾਣਗੇ।
        ਆਗੂਆਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨਾਲ ਕੀਤੇ ਚੋਣ ਵਾਅਦੇ ਪੂਰੇ ਕਰਵਾਉਣ, ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ, ਸਾਰੇ ਵਿਭਾਗਾਂ ਦੇ ਕੱਚੇ ਮੁਲਾਜ਼ਮ ਪੱਕੇ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਕਰੋਨਾ ਦੀ ਆੜ ਵਿੱਚ ਮੁਲਾਜ਼ਮ ਆਗੂਆਂ ਤੇ ਕੀਤੇ ਝੂਠੇ ਪਰਚੇ ਰੱਦ ਕਰਨ ਅਤੇ ਪੰਜਾਬ ਦੇ ਮੁਲਾਜ਼ਮਾਂ ਦੀਆਂ ਸਾਲਾਂ ਤੋਂ ਲਟਕਦੀਆਂ ਹੋਰ ਮੰਗਾਂ ਮਨਵਾਉਣ,
ਜਲ ਸਰੋਤ ਵਿਭਾਗ ਵਿੱਚ  ਪੁਨਰਗਠਨ ਦੇ ਨਾਮ ਤੇ ਖ਼ਤਮ ਕੀਤੀਆਂ ਹਜ਼ਾਰਾਂ ਪੋਸਟਾਂ ਨੂੰ ਮੁੜ ਬਹਾਲ ਕਰਨ ਅਤੇ ਮੁਲਾਜ਼ਮਾਂ ਦੀਆਂ ਰਹਿੰਦੀਆਂ ਤਨਖਾਹਾਂ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਗਈ। ਸਰਕਾਰ ਕੋਰੋਨਾ ਦੇ ਪ੍ਰਕੋਪ ਸਮੇਂ ਮੁਲਾਜ਼ਮਾਂ ਨੂੰ ਇਨ੍ਹਾਂ ਹਾਲਾਤਾਂ ਨਾਲ ਜੂਝਣ ਲਈ ਸਹੂਲਤਾਂ ਦੇਣ ਦੀ ਬਜਾਏ ਵਿਭਾਗਾਂ ਨੂੰ ਖਤਮ ਕਰਨ ਵਿੱਚ ਲੱਗੀ ਹੋਈ ਹੈ ਅਤੇ ਆਪਣੇ ਰਾਜਨੀਤਕ ਹਿੱਤ ਸਾਧ ਰਹੀ ਹੈ। ਉਨ੍ਹਾਂ ਮਿਉਂਸਪਲ ਮੁਲਾਜ਼ਮਾਂ ਦੀ ਚੱਲ ਰਹੀ ਹੜਤਾਲ ਦਾ ਵੀ ਪੂਰਨ ਤੌਰ ਤੇ ਸਮਰਥਨ ਕੀਤਾ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਤਨਖਾਹ ਕਮਿਸ਼ਨ ਦੀ ਰਿਪੋਰਟ ਜਨਤਕ ਕਰੇ, ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮ ਪੱਕੇ ਕਰੇ, ਮਾਣ ਭੱਤਾ / ਇੰਸੈਂਟਿਵ ਮੁਲਾਜ਼ਮਾਂ ਨੂੰ ਘੱਟੋ ਘੱਟ ਉਜਰਤ ਦੇਵੇ, ਪੁਰਾਣੀ ਪੈਨਸ਼ਨ ਬਹਾਲ ਕਰਨ ਸਮੇਤ ਸਾਂਝਾ ਫਰੰਟ ਦੇ ਮੰਗ ਪੱਤਰ ਵਿਚ ਦਰਜ ਸਮੁੱਚੀਆਂ ਮੰਗਾਂ ਦਾ ਨਿਪਟਾਰਾ ਕੀਤਾ ਜਾਵੇ। ਆਗੂਆਂ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ, ਮੁਲਾਜ਼ਮਾਂ ਅਤੇ ਮਿਡ-ਡੇ-ਮੀਲ ਵਰਕਰਾਂ, ਪੀ ਡਬਲਿਊ ਡੀ ਦੇ ਮੁਲਾਜ਼ਮਾਂ, ਨਹਿਰੀ ਵਿਭਾਗ ਦੇ ਮੁਲਾਜ਼ਮਾਂ,  ਜੰਗਲਾਤ ਵਿਭਾਗ ਦੇ ਮੁਲਾਜ਼ਮਾਂ,  ਸੀਵਰੇਜ ਬੋਰਡ ਦੇ ਮੁਲਾਜ਼ਮਾਂ ਵੱਲੋਂ ਕਾਲੇ ਬਿੱਲੇ / ਕਾਲੀਆਂ ਪੱਟੀਆਂ ਲਗਾ ਕੇ ਰੋਸ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਵਿੱਚ ਹਰਦੀਪ ਸਿੰਘ ਲੰਗੇਰੀ, ਚਰਨਜੀਤ, ਹਰਦੇਵ ਚੰਦ ਰਾਣਾ, ਪਵਨ ਕੁਮਾਰ, ਕੁਲਦੀਪ ਸਿੰਘ ਮੁੰਨਾ,ਮਨੋਜ ਕੁਮਾਰ, ਕੁਲਵੀਰ, ਕੁਲਦੀਪ ਕਜਲਾ, ਵਿਜੇ ਕੁਮਾਰ, ਰਾਮ ਲੁਭਾਇਆ, ਦੇਵ ਰਾਜ, ਸਮਸੇਰ ਸਿੰਘ, ਕਰਮਜੀਤ, ਪਰਮਜੀਤ, ਮਲਕੀਤ, ਰਾਮ ਲੁਭਾਇਆ ਆਦਿ ਸ਼ਾਮਲ ਸਨ।