ਸਾਂਝਾ ਮਲਾਜ਼ਮ ਫਰੰਟ ਵਲੋਂ ਸਰਕਾਰ ਵਿਰੁੱਧ ਕਾਲੇ ਬਿੱਲੇ ਲਗਾਕੇ 20 ਤੋਂ 27 ਮਈ ਤੱਕ ਰੋਸ ਹਫਤਾ ਮਨਾਉਣ ਦੀ ਸ਼ੁਰੂਆਤ

ਕਾਂਗਰਸੀ ਵਿਧਾਇਕਾਂ  ਨੂੰ ਦਿੱਤੇ ਜਾਣਗੇ ਰੋਸ ਪੱਤਰ
ਨਵਾਂ ਸ਼ਹਿਰ, 20 ਮਈ:-  ਪੰਜਾਬ-ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੱਦੇ 'ਤੇ ਪੰਜਾਬ ਸਰਕਾਰ ਦੀ ਬੱਦ- ਨੀਅਤ ਅਤੇ ਜਾਬਰ ਪਹੁੰਚ ਦੇ ਖ਼ਿਲਾਫ਼ 20 ਤੋਂ 27 ਮਈ ਤੱਕ ਰੋਸ ਹਫਤਾ ਮਨਾਇਆ ਜਾ ਰਿਹਾ ਹੈ, ਡਿਊਟੀ ਦੌਰਾਨ ਪੰਜਾਬ ਦੇ ਸਮੁੱਚੇ ਮੁਲਾਜ਼ਮ ਕਾਲੇ ਬਿੱਲੇ / ਪੱਟੀਆਂ ਲਗਾ ਕੇ ਕੰਮ ਕਰਨਗੇ ਅਤੇ ਪੈਨਸ਼ਨਰਜ਼ ਵੀ ਕਾਲੇ ਬਿੱਲੇ ਲਗਾ ਕੇ ਰੱਖਣਗੇ। ਇਸ ਦੇ ਨਾਲ ਹੀ ਇਸ ਸਮੇਂ ਦੌਰਾਨ ਪੰਜਾਬ ਸਰਕਾਰ ਦੇ ਵਿਧਾਇਕਾਂ/ ਮੰਤਰੀਆਂ ਨੂੰ ਰੋਸ ਪੱਤਰ ਦਿੱਤੇ ਜਾਣਗੇ।   ਇਸ ਸਬੰਧੀ ਜਾਣਕਾਰੀ ਦਿੰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ, ਪਸਸਫ ਦੇ ਜ਼ਿਲ੍ਹਾ ਪ੍ਰਧਾਨ ਕਰਨੈਲ ਸਿੰਘ ਰਾਹੋਂ ਪੀ ਡਬਲਿਊ ਡੀ ਫੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਪਾਲ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਰੋਸ ਹਫਤਾ ਮਨਾਉਣ ਲਈ ਟੀਮਾਂ ਦਾ ਗਠਨ ਕੀਤਾ ਜਾ ਚੁੱਕਾ ਹੈ ਜੋ ਅਦਾਰਿਆਂ ਵਿੱਚ ਜਾ ਕੇ ਅਧਿਆਪਕਾਂ ਅਤੇ ਮੁਲਾਜ਼ਮਾਂ ਨਾਲ  ਕੋਰੋਨਾ ਦੇ ਪ੍ਰਕੋਪ ਤੋਂ ਬਚਦਿਆਂ ਹੋਇਆ ਸੰਘਰਸ਼ ਨੂੰ ਅੱਗੇ ਵਧਾਉਣ ਲਈ ਵਿਚਾਰ ਵਟਾਂਦਰਾ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁਲਾਜ਼ਮ ਤਾਂ ਮਨੁੱਖਤਾ ਦੇ ਜੀਵਨ ਨੂੰ ਬਚਾਉਣ ਲੲੀ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਨ, ਪ੍ਰੰਤੂ ਸਰਕਾਰ ਆਪਣੀ ਹਰ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ। ਪੰਜਾਬ ਸਰਕਾਰ ਵੱਲੋਂ ਕੋਰੋਨਾ ਪਾਜ਼ਿਟਿਵ ਮੁਲਾਜ਼ਮਾਂ ਲਈ 30 ਦਿਨ ਦੀ ਇਕਾਂਤਵਾਸ ਛੁੱਟੀ ਦੇਣ ਲਈ ਜਾਰੀ ਕੀਤੇ ਪੱਤਰ ਵੀ ਸਿੱਖਿਆ ਵਿਭਾਗ ਦੇ ਸਿੱਖਿਆ ਸਕੱਤਰ ਵੱਲੋਂ ਲਾਗੂ ਨਾ ਕਰਨਾ ਅਤੇ ਜ਼ਬਾਨੀ ਹੁਕਮਾਂ ਰਾਹੀਂ ਦਰਜਨਾਂ ਅਧਿਆਪਕਾਂ ਨੂੰ ਮੌਤ ਦੇ ਮੂੰਹ ਵਿੱਚ ਧੱਕਣਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।  ਆਗੂਆਂ ਆਖਿਆ ਕਿ ਸਰਕਾਰ ਇਸ ਸਮੇਂ ਨੂੰ ਵੀ ਆਪਣੇ ਰਾਜਨੀਤਕ ਹਿੱਤਾਂ ਲਈ ਵਰਤ ਰਹੀ ਹੈ। ਉਨ੍ਹਾਂ ਮਿਉਂਸਪਲ ਮੁਲਾਜ਼ਮਾਂ ਦੀ ਚੱਲ ਰਹੀ ਹੜਤਾਲ ਦਾ ਵੀ ਪੂਰਨ ਤੌਰ ਤੇ ਸਮਰਥਨ ਕੀਤਾ। ਆਗੂਆਂ ਚਿਤਾਵਨੀ ਭਰੇ ਲਹਿਜੇ ਵਿੱਚ ਆਖਿਆ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਸਬਰ ਦੀ ਹੋਰ ਪਰਖ ਕਰੇ ਬਿਨਾਂ ਤਨਖਾਹ ਕਮਿਸ਼ਨ ਦੀ ਰਿਪੋਰਟ ਜਨਤਕ ਕਰੇ, ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮ ਪੱਕੇ ਕਰੇ, ਮਾਣ ਭੱਤਾ/ ਇੰਸਟੈਂਟਿਵ ਮੁਲਾਜ਼ਮਾਂ ਨੂੰ ਘੱਟੋ ਘੱਟ ਉਜਰਤ ਦੇਵੇ, ਪੁਰਾਣੀ ਪੈਨਸ਼ਨ ਬਹਾਲ ਕਰਨ ਸਮੇਤ ਸਾਂਝਾ ਫਰੰਟ ਦੇ ਮੰਗ ਪੱਤਰ ਵਿਚ ਦਰਜ ਸਮੁੱਚੀਆਂ ਮੰਗਾਂ ਦਾ ਨਿਪਟਾਰਾ ਕੀਤਾ ਜਾਵੇ। ਆਗੂਆਂ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਅਤੇ ਮੁਲਾਜ਼ਮਾਂ,  ਪੀ ਡਬਲਿਊ ਡੀ ਦੇ ਮੁਲਾਜ਼ਮਾਂ, ਨਹਿਰੀ ਵਿਭਾਗ ਦੇ ਮੁਲਾਜ਼ਮਾਂ,  ਜੰਗਲਾਤ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਕਾਲੇ ਬਿੱਲੇ ਕਾਲੀਆਂ ਪੱਟੀਆਂ ਲਗਾ ਕੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ। ਇਸ ਸਮੇਂ ਬਿਕਰਮਜੀਤ ਸਿੰਘ, ਚਰਨਜੀਤ, ਪ੍ਰਿੰਸੀਪਲ ਬਲਜੀਤ ਸਿੰਘ, ਗੁਰਮੀਤ ਸਿੰਘ ਸਿਆਣ, ਰਾਜਿੰਦਰ ਸਿੰਘ ਦੇਹਲ, ਮਨਮੋਹਨ ਚੱਢਾ, ਦੀਪਕ ਕੁਮਾਰ, ਰਾਜਵਿੰਦਰ ਕੌਰ, ਵਿਜੇ ਕੁਮਾਰ, ਰੇਸ਼ਮ ਲਾਲ, ਨਿਰਮਲਜੀਤ, ਕਸ਼ਮੀਰ ਸਿੰਘ, ਦੇਵਰਾਜ ਆਦਿ ਹਾਜ਼ਰ ਸਨ।