*16 ਕਰੋੜ ਦੀ ਲਾਗਤ ਨਾਲ ਅਪਗ੍ਰੇਡ ਹੋਏ ਬੰਗਾ ਪਾਵਰ ਹਾਊਸ ਦਾ ਕੀਤਾ ਸ਼ੁੱਭ ਆਰੰਭ
*ਪਿੰਡ ਬੀਸਲਾ ਵਿਖੇ 42.53 ਲੱਖ ਰੁਪਏ ਦਾ ਵਾਟਰ ਸਪਲਾਈ ਪ੍ਰਾਜੈਕਟ ਕੀਤਾ ਚਾਲੂ
ਬੰਗਾ, 28 ਮਈ :- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸ਼ਹਿਰਾਂ ਅਤੇ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਪੂਰੀ ਤਰਾਂ ਵਚਨਬੱਧ ਹੈ, ਜਿਸ ਤਹਿਤ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਕਰਵਾਏ ਗਏ ਹਨ। ਇਹ ਪ੍ਰਗਟਾਵਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਸ੍ਰੀ ਮਨੀਸ਼ ਤਿਵਾੜੀ ਨੇ ਜ਼ਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ, ਪੰਜਾਬ ਲਾਰਜ ਸਕੇਲ ਇੰਡਸਟਰੀਅਲ ਵਿਕਾਸ ਬੋਰਡ ਦੇ ਚੇਅਰਮੈਨ ਪਵਨ ਦੀਵਾਨ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਦੀਪ ਸਿੰਘ ਬੈਂਸ ਦੀ ਮੌਜੂਦਗੀ ਵਿਚ ਬੰਗਾ ਵਿਖੇ ਲੱਖਾਂ ਰੁਪਏ ਦੇ ਵਿਕਾਸ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ ਕਰਨ ਮੌਕੇ ਕੀਤਾ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਕਾਸ ਕਾਰਜਾਂ ਲਈ ਦਿਲ ਖੋਲ ਕੇ ਗ੍ਰਾਂਟਾਂ ਦਿੱਤੀਆਂ ਗਈਆਂ ਹਨ, ਜਿਸ ਨਾਲ ਸੂਬੇ ਦੇ ਪਿੰਡਾਂ ਅਤੇ ਸ਼ਹਿਰਾਂ ਦੀ ਨੁਹਾਰ ਬਦਲੀ ਜਾ ਰਹੀ ਹੈ। ਇਸ ਦੌਰਾਨ ਉਨਾਂ ਪਾਵਰ ਕਾਰਪੋਰੇਸ਼ਨ ਦੇ ਬੰਗਾ ਪਾਵਰ ਹਾਊਸ ਦਾ ਸ਼ੁੱਭ ਆਰੰਭ ਕੀਤਾ, ਜਿਸ ਨੂੰ 16 ਕਰੋੜ ਰੁਪਏ ਦੀ ਲਾਗਤ ਨਾਲ 132 ਮੈਗਾਵਾਟ ਤੋਂ 220 ਮੈਗਾਵਾਟ ਤੱਕ ਅਪਗ੍ਰੇਡ ਕੀਤਾ ਗਿਆ ਹੈ। ਉਨਾਂ ਕਿਹਾ ਕਿ ਇਸ ਪਾਵਰ ਹਾਊਸ ਦੀ ਸਮਰੱਥਾ ਵਧਣ ਨਾਲ ਹੁਣ ਬੰਗਾ ਇਲਾਕੇ ਵਿਚ ਬਿਜਲੀ ਦੀ ਸੁਚਾਰੂ ਅਤੇ ਨਿਰਵਿਘਨ ਸਪਲਾਈ ਯਕੀਨੀ ਬਣ ਗਈ ਹੈ। ਇਸੇ ਤਰਾਂ ਉਨਾਂ ਪਿੰਡ ਬੀਸਲਾ ਵਿਖੇ 42.53 ਲੱਖ ਰੁਪਏ ਦੀ ਲਾਗਤ ਵਾਲੇ ਵਾਟਰ ਸਪਲਾਈ ਪ੍ਰਾਜੈਕਟ ਵੀ ਲੋਕ ਅਰਪਿਤ ਕੀਤਾ, ਜਿਸ ਨਾਲ ਇਲਾਕਾ ਵਾਸੀਆਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਹੋਵੇਗਾ। ਇਸ ਤੋਂ ਇਲਾਵਾ ਉਨਾਂ ਵਾਰਡ ਨੰਬਰ 7 ਵਿਚ ਝਿੱਕਾ ਰੋਡ 'ਤੇ 22 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਗਲੀ ਵੀ ਇਲਾਕਾ ਵਾਸੀਆਂ ਨੂੰ ਸਪਰਪਿਤ ਕੀਤੀ। ਇਸ ਦੌਰਾਨ ਉਨਾਂ ਬੰਗਾ ਹਲਕੇ ਦੇ ਬੇਘਰੇ ਲੋਕਾਂ ਨੂੰ 5-5 ਮਰਲੇ ਦੇ 36 ਪਲਾਟਾਂ ਦੇ ਮਾਲਕੀ ਪੱਤਰ ਵੀ ਸੌਂਪੇ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਬੰਗਾ ਦਰਵਜੀਤ ਸਿੰਘ ਪੂਨੀਆ, ਸਾਬਕਾ ਵਿਧਾਇਕ ਚੌਧਰੀ ਮੋਹਣ ਲਾਲ, ਠੇਕੇਦਾਰ ਰਜਿੰਦਰ ਸਿੰਘ, ਡਾ. ਹਰਪ੍ਰੀਤ ਸਿੰਘ ਕੈਂਥ, ਡਾ. ਬਖਸ਼ੀਸ਼ ਸਿੰਘ, ਸੋਖੀ ਰਾਮ ਬੱਜੋਂ, ਐਮ. ਸੀ ਰਛਪਾਲ ਕੌਰ, ਤਰਵਿੰਦਰ ਕੌਰ ਅਤੇ ਜਤਿੰਦਰ ਕੌਰ ਮੂੰਗਾ, ਨਿਰਮਲਜੀਤ ਸੋਨੂੰ, ਹਰਪਾਲ ਸਿੰਘ ਤੇ ਹੋਰ ਹਾਜ਼ਰ ਸਨ।
ਕੈਪਸ਼ਨ :- ਬੰਗਾ ਵਿਖੇ ਅਪਗ੍ਰੇਡ ਕੀਤੇ ਪਾਵਰ ਹਾਊਸ ਦਾ ਸ਼ੁੱਭ ਆਰੰਭ ਕਰਦੇ ਹੋਏ ਐਮ. ਪੀ ਮਨੀਸ਼ ਤਿਵਾੜੀ। ਨਾਲ ਹਨ ਜ਼ਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ ਅਤੇ ਹੋਰ ਆਗੂ।