ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਵਿਚ ਦਿੱਲੀ ਲਈ ਕਮਰਕੱਸੇ ਕਰਨ ਦਾ ਸੱਦਾ


ਨਵਾਂਸ਼ਹਿਰ 29 ਮਈ :- ਕਿਰਤੀ ਕਿਸਾਨ ਯੂਨੀਅਨ ਵਲੋਂ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਚਾਰ ਇਲਾਕਿਆਂ ਵਿਚ ਟਰੈਕਟਰ ਮਾਰਚ ਕਰਕੇ ਕਿਸਾਨੀ ਉਭਾਰ ਤਿੱਖਾ ਕਰਕੇ ਕਿਸਾਨਾਂ ਨੂੰ ਦਿੱਲੀ ਮੋਰਚੇ ਵੱਲ ਤੋਰਨ ਅਤੇ ਯੂਨੀਅਨ ਦੀ ਮੈਂਬਰਸ਼ਿਪ  ਕਰਕੇ  ਇਕਾਈਆਂ ਦੀ ਚੋਣ ਕਰਨ ਦਾ ਅਮਲ ਤੇਜ ਕਰਨ ਦਾ ਫੈਸਲਾ ਕੀਤਾ ਗਿਆ।ਅੱਜ ਇੱਥੇ ਰਿਲਾਇੰਸ ਕੰਪਨੀ ਦੇ ਸੁਪਰ ਸਟੋਰ ਅੱਗੇ ਚੱਲ ਰਹੇ ਧਰਨਾ ਸਥਾਨ ਉੱਤੇ ਯੂਨੀਅਨ ਦੀ ਜਿਲਾ ਕਮੇਟੀ ਦੀ ਇਸ ਸਬੰਧੀ ਮੀਟਿੰਗ ਕੀਤੀ ਗਈ।ਜਿਸ ਵਿਚ 31 ਮਈ ਨੂੰ ਕਿਸਾਨਾਂ ਦੀ ਇਕ ਬੱਸ ਦਿੱਲੀ ਰਵਾਨਾ ਕਰਨ ਦਾ ਫੈਸਲਾ ਕੀਤਾ ਗਿਆ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ, ਜਿਲਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਨੇ ਕਿਹਾ ਕਿ ਜਿਲੇ ਵਿਚ ਕੀਤੇ ਗਏ ਟਰੈਕਟਰ ਮਾਰਚਾਂ ਵਿਚ ਕਿਸਾਨਾਂ ਵਲੋਂ ਕੀਤੀ ਗਈ ਭਰਵੀਂ ਸ਼ਮੂਲੀਅਤ ਨੇ ਸਾਬਤ ਕਰ ਦਿੱਤਾ ਹੈ ਕਿ ਇਸ ਘੋਲ ਪ੍ਰਤੀ ਕਿਸਾਨਾਂ ਦਾ ਉਤਸ਼ਾਹ ਮੱਠਾ ਨਹੀਂ ਪਿਆ ਸਗੋਂ ਇਹ ਹੋਰ ਵੀ ਤਿੱਖਾ ਹੋਇਆ ਹੈ।ਅੰਤਾਂ ਦੀ ਗਰਮੀ ਅਤੇ ਤਿੱਖੇਰੀ ਧੁੱਪ ਵਿਚ ਵੀ ਟਰੈਕਟਰ ਮਾਰਚ ਕੱਢਕੇ ਕਿਸਾਨਾਂ ਨੇ ਮੋਦੀ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਆਪਣੇ ਰੋਹ ਦਾ ਤਿੱਖਾ ਪ੍ਰਗਟਾਵਾ ਕੀਤਾ ਹੈ।ਸੰਘਰਸ਼ਸ਼ੀਲ ਕਿਸਾਨਾਂ ਨੇ ਕਕਰਾਲੀਆਂ ਰਾਤਾਂ ਅਤੇ ਤੇਜ ਗਰਮੀ ਦੀ ਪ੍ਰਵਾਹ ਕੀਤੇ ਬਿਨਾਂ ਸਾਬਤ ਕਰ ਦਿੱਤਾ ਹੈ ਕਿ ਨਾ ਤਾਂ ਉਹਨਾਂ ਦੇ ਜਜ਼ਬਿਆਂ  ਦੇ ਵੇਗ ਨੂੰ ਮੌਸਮ ਦੀ ਮਾਰ ਮੱਠਾ ਪਾ ਸਕਦੀ ਹੈ ਅਤੇ ਨਾ ਹੀ ਸਰਕਾਰੀ ਜਬਰ ਉਹਨਾਂ ਦੇ ਹੌਸਲੇ ਪਸਤ ਕਰ ਸਕਦਾ ਹੈ।ਉਹਨਾਂ ਕਿਹਾ ਕਿ ਹਰ ਹਫਤੇ ਇਸ ਜਿਲੇ ਵਿਚੋਂ ਕਿਸਾਨਾਂ ਦੀਆਂ ਬੱਸਾਂ ਦਿੱਲੀ ਜਾਇਆ ਕਰਨਗੀਆਂ ਅਤੇ ਉਹਨਾਂ ਹੀ ਬੱਸਾਂ ਵਿਚ ਪਹਿਲਾਂ ਗਏ ਵਿਅਕਤੀ ਵਾਪਸ ਪਰਤ ਆਇਆ ਕਰਨਗੇ।ਮੀਟਿੰਗ ਵਿਚ ਇਹ ਵੀ ਫੈਸਲਾ ਕੀਤਾ ਗਿਆ ਕਿ ਪਿੰਡਾਂ ਵਿਚ ਯੂਨੀਅਨ ਦੀਆਂ ਇਕਾਈਆਂ ਨੂੰ ਮਜਬੂਤ ਕੀਤਾ ਜਾਵੇਗਾ।ਇਸ ਘੋਲ ਵਿਚ ਹਰ ਪਿੰਡ ਦੀ ਸ਼ਮੂਲੀਅਤ ਯਕੀਨੀ ਬਣਾਈ ਜਾਵੇਗੀ। ਮੀਟਿੰਗ ਵਿਚ ਟਰੈਕਟਰ ਮਾਰਚ ਦਾ ਮੁਲਾਂਕਣ ਕਰਦਿਆਂ ਇਸ ਦੀ ਸਫਲਤਾ ਉੱਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ।ਇਸ ਮੀਟਿੰਗ ਨੂੰ ਜਿਲਾ ਸਕੱਤਰ ਤਰਸੇਮ ਸਿੰਘ ਬੈਂਸ, ਬੂਟਾ ਸਿੰਘ ਮਹਿਮੂਦ ਪੁਰ ਨੇ ਵੀ ਸੰਬੋਧਨ ਕੀਤਾ।ਇਸ ਮੀਟਿੰਗ ਵਿਚ ਸੋਹਣ ਸਿੰਘ ਅਟਵਾਲ, ਪਰਮਜੀਤ ਸਿੰਘ ਸ਼ਹਾਬਪੁਰ,ਮੱਖਣ ਸਿੰਘ ਭਾਨਮਜਾਰਾ, ਬਿੱਕਰ ਸਿੰਘ ਅਤੇ ਹੋਰ ਆਗੂਆਂ ਨੇ ਵੀ ਭਾਗ ਲਿਆ।
ਕੈਪਸ਼ਨ:ਮੀਟਿੰਗ ਵਿਚ ਸ਼ਾਮਲ ਕਿਰਤੀ ਕਿਸਾਨ ਯੂਨੀਅਨ ਦੀ ਜਿਲਾ ਕਮੇਟੀ ਦੇ ਆਗੂ।