ਨਵਾਂਸ਼ਹਿਰ, 29 ਮਈ :- ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਚੇਅਰਮੈਨ ਇੰਜ: ਮੋਹਨ ਲਾਲ ਸੂਦ ਵੱਲੋਂ ਬੰਗਾ ਤਹਿਸੀਲ ਵਿਚ ਪਟਵਾਰੀਆਂ ਦੀ ਘਾਟ ਦਾ ਮੁੱਦਾ ਪੰਜਾਬ ਦੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਕੋਲ ਉਠਾਇਆ ਗਿਆ ਹੈ। ਇਸ ਸਬੰਧੀ ਮਾਲ ਮੰਤਰੀ ਨੂੰ ਲਿਖੇ ਪੱਤਰ ਵਿਚ ਚੇਅਰਮੈਨ ਸੂਦ ਨੇ ਉਨਾਂ ਦੇ ਧਿਆਨ ਵਿਚ ਲਿਆਂਦਾ ਕਿ ਪਿੰਡ ਮਜਾਰੀ ਅਤੇ ਢਾਹਾਂ, ਤਹਿਸੀਲ ਬੰਗਾ ਵਿਖੇ ਰਾਸ਼ਟਰੀ ਰਾਜ ਮਾਰਗ 344-ਏ ਫੋਰ ਲੇਨ ਕਰਨ ਸਮੇਂ ਐਕਵਾਇਰ ਕੀਤੀਆਂ ਜਾਇਦਾਦਾਂ ਦਾ ਮੁਆਵਜ਼ਾ ਦਿਵਾਉਣ ਲਈ ਮਾਲ ਵਿਭਾਗ ਵਿਚ ਰਿਕਾਰਡ ਦਰੁਸਤੀ ਬੇਹੱਦ ਲੋੜੀਂਦੀ ਹੈ, ਪਰੰਤੂ ਪਟਵਾਰੀਆਂ ਦੀ ਘਾਟ ਕਾਰਨ ਇਸ ਕੰਮ ਵਿਚ ਦੇਰੀ ਹੋ ਰਹੀ ਹੈ। ਉਨਾਂ ਦੱਸਿਆ ਕਿ ਇਨਾਂ ਜਾਇਦਾਦ ਮਾਲਕਾਂ ਦੀਆਂ ਦੁਕਾਨਾਂ, ਪੈਟਰੋਲ ਪੰਪ, ਮਕਾਨ ਆਦਿ ਇਕੋ ਖਸਰੇ ਵਿਚ ਪੈਂਦੀਆਂ ਹੋਣ ਕਾਰਨ ਉਨਾਂ ਨੂੰ ਮੁਆਵਜ਼ਾ ਦੇਣ ਵਿਚ ਦਿੱਕਤ ਪੇਸ਼ ਆ ਰਹੀ ਹੈ। ਉਨਾਂ ਦੱਸਿਆ ਕਿ ਇਨਾਂ ਨੂੰ ਸਟਰੱਕਚਰਾਂ ਦੇ ਮਲਬੇ ਦਾ ਮੁਆਵਜ਼ਾ ਤਾਂ ਦੇ ਦਿੱਤਾ ਗਿਆ ਹੈ ਪਰੰਤੂ ਜਿਸ ਜਗਾ ਉੱਤੇ ਮਕਾਨ ਆਦਿ ਦੇ ਮਲਬੇ ਦੀ ਕੰਪਨਸੇਸ਼ਨ ਦਿੱਤੀ ਗਈ ਸੀ, ਉਸ ਐਕਵਾਇਰ ਕੀਤੀ ਜ਼ਮੀਨ ਦਾ ਮੁਆਵਜ਼ਾ ਨਹੀਂ ਦਿੱਤਾ ਗਿਆ। ਉਨਾਂ ਕਿਹਾ ਕਿ ਇਸ ਕੇਸ ਦੀ ਮਾਲ ਵਿਭਾਗ ਵੱਲੋਂ ਦਰੁਸਤੀ ਕਰਨੀ ਜ਼ਰੂਰੀ ਹੈ। ਉਨਾਂ ਮਾਲ ਮੰਤਰੀ ਨੂੰ ਇਸ ਕੰਮ ਲਈ ਲੋੜੀਂਦੇ ਪਟਵਾਰੀਆਂ ਨੂੰ ਲੋਕ ਹਿੱਤ ਵਿਚ ਨਿਯੁਕਤ ਕਰਨ ਦੀ ਅਪੀਲ ਕੀਤੀ ਗਈ, ਤਾਂ ਜੋ ਸਬੰਧਤ ਵਿਅਕਤੀਆਂ ਨੂੰ ਲੰਬੇ ਸਮੇਂ ਤੋਂ ਲੰਬਿਤ ਪਈ ਮੁਆਵਜ਼ੇ ਦੀ ਬਣਦੀ ਰਕਮ ਦੀ ਅਦਾਇਗੀ ਕਰਵਾਈ ਜਾ ਸਕੇ। ਉਨਾਂ ਮਾਲ ਮੰਤਰੀ ਦੇ ਧਿਆਨ ਵਿਚ ਲਿਆਂਦਾ ਕਿ ਬੰਗਾ ਤਹਿਸੀਲ ਵਿਚ 46 ਸੈਂਕਸ਼ਨ ਪੋਸਟਾਂ ਦੇ ਮੁਕਾਬਲੇ ਇਸ ਵੇਲੇ ਕੇਵਲ 9 ਪਟਵਾਰੀ ਕੰਮ ਕਰ ਰਹੇ ਹਨ। ਉਨਾਂ ਕਿਹਾ ਇਸੇ ਤਰਾਂ ਜ਼ਿਲੇ ਵਿਚ ਵੀ ਪਟਵਾਰੀਆਂ ਦੀ ਕਾਫੀ ਘਾਟ ਚੱਲ ਰਹੀ ਹੈ।
ਫੋਟੋ :- ਚੇਅਰਮੈਨ ਇੰਜ: ਮੋਹਨ ਲਾਲ ਸੂਦ।