ਸੰਗਤ ਏਡ ਯੂ:ਕੇ ਨੇ ਜਿਲ੍ਹਾ ਪ੍ਰਸਾਸ਼ਨ ਨੂੰ ਮੁਹੱਈਆ ਕਰਵਾਏ 40ਆਕਸੀਜਨ ਸਿਲੰਡਰ

ਕਰੋਨਾ ਮਹਾਂਮਾਰੀ ਦੌਰਾਨ ਧਾਰਮਿਕ ਸੰਸਥਾਵਾਂ ਦਾ ਉਘਾ ਯੋਗਦਾਨ-ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 10 ਮਈ: -  ਕਰੋਨਾ ਮਹਾਂਮਾਰੀ ਦੌਰਾਨ ਲੋਕਾਂ ਦੀ ਸੇਵਾ ਲਈ ਜਿਥੇ ਕਈ ਨਿੱਜੀ ਸੰਸਥਾਵਾਂ ਵੱਧ ਚੜ ਕੇ ਅੱਗੇ ਆਈਆਂ ਹਨ ਉਥੇ ਕਈ ਧਾਰਮਿਕ ਸੰਸਥਾਵਾਂ ਵਲੋਂ ਵੀ ਆਪਣਾ ਲੋਕ ਭਲਾਈ ਲਈ ਵੱਡੇ ਪੱਧਰ ਤੇ ਯੋਗਦਾਨ ਪਾਇਆ ਜਾ ਰਿਹਾ ਹੈ ਜੋ ਕਿ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਸ੍ਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਸੰਗਤ ਏਡ ਯੂ:ਕੇ ਦੀ ਸੰਸਥਾ ਵਲੋਂ ਬਾਬਾ ਜਗਤਾਰ ਸਿੰਘ ਕਾਰ ਸੇਵਾ ਤਰਨਤਾਰਨ ਵਾਲਿਆਂ ਦੇ ਸਹਿਯੋਗ ਨਾਲ ਜਿਲ੍ਹਾ ਪ੍ਰਸਾਸ਼ਨ ਨੂੰ ਕੋਵਿਡ -19 ਦੇ ਮਰੀਜਾ ਲਈ 40 ਆਕਸੀਜਨ ਸਿਲੰਡਰ ਭੇਂਟ ਕੀਤੇ ਹਨ। ਸ੍ਰ ਖਹਿਰਾ ਨੇ ਦੱਸਿਆ ਇਸ ਸਮੇਂ ਕੋਵਿਡ ਦੇ ਮਰੀਜਾਂ ਲਈ ਆਕਸੀਜਨ ਹੀ ਸਭ ਤੋਂ ਪਹਿਲਾਂ ਸੰਜੀਵਨੀ ਬੂਟੀ ਦਾ ਕੰਮ ਕਰਦੀ ਹੈ ਅਤੇ ਕਈ ਹਸਪਤਾਲਾਂ ਵਿੱਚ ਖਾਲੀ ਸਿਲੰਡਰਾਂ ਕਾਫੀ ਘਾਟ ਮਹਿਸੂਸ ਹੋ ਰਹੀ ਹੈ ਜਾਂ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਲੀਕੁਡ ਆਕਸੀਜਨ ਦੀ ਮੁਸ਼ਕਲ ਆਉਂਦੀ ਹੈ ਤਾਂ ਸਿਲੰਡਰਾਂ ਨੂੰ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ। ਉਨ੍ਹਾਂ ਸੰਗਤ ਏਡ ਯੂ:ਕੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੁਹਾਡੇ ਇਸ ਉਪਰਾਲੇ ਨਾਲ ਸਾਨੂੰ ਕਾਫੀ ਰਾਹਤ ਮਿਲੇਗੀ। ਉਨ੍ਹਾਂ ਗੱਲਬਾਤ ਕਰਦਿਆਂ ਦੱਸਿਆ ਕਿ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਮਾਝੇ ਵਿੱਚੋਂ ਪਾਠਾਨਕੋਟ, ਗੁਰਦਾਸਪੁਰ, ਤਰਨਤਾਰਨ, ਕਪੂਰਥਲਾ ਅਤੇ ਜਲੰਧਰ ਤੋਂ ਵੀ  ਐਲ 3 ਦੇ ਕਾਫੀ ਮਰੀਜ ਆ ਰਹੇ ਰਹੇ ਹਨ ਜਿੰਨਾਂ ਨੂੰ ਆਕਸੀਜਨ ਦੀ ਕਾਫੀ ਲੋੜ ਹੁੰਦੀ ਹੈ। ਉਨ੍ਰਾਂ ਅੰਮ੍ਰਿਤਸਰ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਤੁਹਾਨੂੰ ਕੋਵਿਡ ਮਹਾਂਮਾਰੀ ਦੇ ਲੱਛਣ ਮਹਿਸੂਸ ਹੁੰਦੇ ਹਨ ਤਾਂ ਤੁਰੰਤ ਕੋਵਿਡ ਟੈਸਟ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਇਹ ਟੈਸਟ ਹਰ ਸਰਕਾਰੀ ਹਸਪਤਾਲ ਤੇ ਪ੍ਰਾਇਮਰੀ ਹੈਲਥ ਸੈਂਟਰ ਵਿਖੇ ਬਿਲਕੁਲ ਮੁਫ਼ਤ ਕੀਤੇ ਜਾਂਦੇ ਹਨ।   ਸ ਖਹਿਰਾ ਨੇ ਕਿਹਾ ਕਿ ਇਸ ਨਾਜੁਕ ਸਥਿਤੀ ਨਾਲ ਨਿਪਟਣ ਲਈ ਸਾਡਾ ਸਭ ਦਾ ਫਰਜ ਬਣਦਾ ਹੈ ਕਿ ਸਿਹਤ ਵਿਭਾਗ ਵੱਲੋਂ ਦਿੱਤੀਆਂ ਗਈਆਂ ਹਦਾੲਤਾਂ ਦੀ ਪਾਲਣਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬੇਵਜਾ ਘਰ ਤੋਂ ਬਾਹਰ ਨਹੀਂ ਨਿਕਲਣਾ ਚਾਹੀਦਾ ਅਤੇ ਮਾਸਕ ਦੀ ਵਰਤੋ ਨੂੰ 100 ਫੀਸਦੀ ਯਕੀਨੀ ਬਣਾਉਣ ਦੀ ਲੋੜ ਤੇ ਜੋਰ ਦਿੱਤਾ। ਸ੍ਰ ਖਹਿਰਾ ਨੇ ਦੱਸਿਆ ਕਿ ਸਾਡੇ ਸਾਰੇ ਡਾਕਟਰ ਤੇ ਪੈਰਾ ਮੈਡੀਕਲ ਸਟਾਫ ਇਸ ਔਖੀ ਘੜੀ ਵਿੱਚ ਦਿਨ ਰਾਤ ਕੰਮ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਾਤਲਾਂ ਵਿੱਚ ਕੋਵਿਡ 19 ਦੇ ਇਲਾਜ ਲਈ ਕੋਈ ਵੀ ਫੀਸ ਨਹੀਂ ਲਈ ਜਾਂਦੀ ਬਲਕਿ ਬਿਲਕੁਲ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਹਿਮਾਂਸ਼ੂ ਅਗਰਵਾਲ, ਸ੍ਰੀ ਰਣਜੀਤ ਸਿੰਘ, ਵਿਕਰਮ ਕੁਮਾਰ ਵੀ ਹਾਜਰ ਸਨ।
ਕੈਪਸ਼ਨ:- ਸੰਗਤ ਏਡ ਯੂ:ਕੇ ਸੰਸਥਾ ਕਰੋਨਾ ਮਹਾਂਮਾਰੀ ਨਾਲ ਨਿਪਟਣ ਲਈ ਡਿਪਟੀ ਕਮਿਸ਼ਨਰ ਸ੍ਰ ਗੁਰਪ੍ਰੀਤ ਸਿੰਘ ਖਹਿਰਾ ਨੂੰ ਆਕਸੀਜਨ ਸਿਲੰਡਰ ਭੇਂਟ ਕਰਦੇ ਹੋਏ।