ਬੰਗਾ, 24 ਮਈ :- ਇੱਕ ਪਾਸੇ ਕੋਰੋਨਾ ਨਾਲ ਮਰਨ ਵਾਲੇ ਮਰੀਜ਼ਾਂ ਦੇ ਸੰਸਕਾਰ ਸਮੇਂ ਆਪਣਿਆਂ ਵਲੋਂ ਮੁੱਖ ਮੋੜ ਲੈਣ ਦੀਆਂ ਕਈ ਦੁੱਖਦ ਘਟਨਾਵਾਂ ਸਾਹਮਣੇ ਆਈਆਂ, ਦੂਜੇ ਪਾਸੇ ਪਿੰਡ ਪਠਲਾਵਾ ਵਾਸੀ ਚਾਰ ਨੌਜਵਾਨਾਂ ਨੇ ਸਵੈ ਸੇਵਾ ਵਜੋਂ ਇਹ ਫ਼ਰਜ ਨਿਭਾ ਕੇ ਸ਼ਲਾਘਾਮਈ ਪਿਰਤ ਪਾਈ ਹੈ। ਇਹਨਾਂ 'ਚ ਜਸਪਾਲ ਵਾਲੀਆ ਪੁੱਤਰ, ਜੁਗਿੰਦਰ ਸਿੰਘ, ਹਰਮਿੰਦਰ ਸਿੰਘ ਪੁੱਤਰ ਅਮਰਪ੍ਰੀਤ ਸਿੰਘ ਲਾਲੀ, ਹਰਪ੍ਰੀਤ ਸਿੰਘ ਖਾਲਸਾ ਪਠਲਾਵਾ ਪੁੱਤਰ ਸਤਨਾਮ ਸਿੰਘ ਅਤੇ ਹਸਨ ਮੁਹੰਮਦ ਪੁੱਤਰ ਮਹਿੰਦੀ ਖ਼ਾਨ ਸ਼ਾਮਲ ਹਨ। ਉਹ ਹੁਣ ਤੱਕ ਵੱਖ ਵੱਖ ਪਿੰਡਾਂ 'ਚ ਪੁੱਜ ਕੇ ਇਸ ਸੇਵਾ ਨੂੰ ਨਿਭਾ ਚੁੱਕੇ ਹਨ। ਇਸੇ ਲੜੀ ਤਹਿਤ ਬੀਤੇ ਦਿਨੀਂ ਵੀ ਪਿੰਡ ਸੁੱਜੋਂ ਵਿਖੇ ਕੋਰੋਨਾ ਦੀ ਭੇਂਟ ਚੜ੍ਹੇ ਬਲਵਿੰਦਰ ਸਿੰਘ (47) ਦਾ ਸੰਸਕਾਰ ਵੀ ਇਹਨਾਂ ਨੌਜਵਾਨਾਂ ਨੇ ਕੀਤਾ। ਇਹ ਨੌਜਵਾਨ ਪਹਿਲਾਂ ਮਿਤ੍ਰਕ ਦੇ ਪਿੰਡ ਸ਼ਮਸ਼ਾਨਘਾਟ ਪੁੱਜ ਕੇ ਅੰਗੀਠਾ ਤਿਆਰ ਕਰਦੇ ਹਨ ਫਿਰ ਸੰਸਕਾਰ ਸਮੇਂ ਹੋਣ ਵਾਲੀਆਂ ਸਾਰੀਆਂ ਰਸਮਾਂ ਖੁਦ ਹੀ ਨਿਭਾਉਂਦੇ ਹਨ। ਇਹਨਾਂ ਨੌਜ਼ਵਾਨਾਂ ਨੇ ਆਪਣੇ ਸੰਪਰਕ ਨੰਬਰ ਸ਼ੋਸ਼ਲ ਮੀਡੀਆ 'ਤੇ ਵੀ ਸਾਂਝੇ ਕੀਤੇ ਹੋਏ ਹਨ। ਸੰਸਕਾਰ ਸਮੇਂ ਇਹ ਚਾਰੇ ਜਣੇ ਮੈਡੀਕਲ ਕਿੱਟਾਂ 'ਚ ਲੈਸ ਹੁੰਦੇ ਹਨ। ਇਹਨਾਂ ਨੌਜ਼ਵਾਨਾਂ ਨੇ ਕਿਹਾ ਕਰੋਨਾ ਕਾਰਨ ਮਿਤ੍ਰਕਾਂ ਦੇ ਸਾਕ ਸਬੰਧੀਆਂ ਅਤੇ ਖ਼ੂਨ ਦੇ ਰਿਸ਼ਤਿਆਂ ਦਾ ਸੰਸਕਾਰ ਕਿਰਿਆ ਤੋਂ ਮੂੰਹ ਮੋੜਣਾ ਮੰਦਭਾਗਾ ਹੈ ਜਦੋਂ ਮੈਡੀਕਲ ਸੁਰੱਖਿਆ ਪੱਖੋਂ ਪੂਰੀ ਕਿੱਟ ਪਾ ਕੇ ਇਸ ਕਿਰਿਆ ਨੂੰ ਨਿਭਾਇਆ ਜਾ ਸਕਦਾ ਹੈ। ਦੱਸਣਯੋਗ ਹੈ ਕਿ ਸੂਬੇ 'ਚ ਸੱਭ ਤੋਂ ਪਹਿਲਾਂ ਜਦੋਂ ਪਿੰਡ ਪਠਲਾਵਾ 'ਚ ਕੋਰੋਨਾਂ ਦਾ ਵੱਡਾ ਹਮਲਾ ਹੋਇਆ ਸੀ ਤਾਂ ਕੋਰੋਨਾ ਪੀੜਤਾਂ ਦੀ ਮੱਦਦ ਲਈ ਵੀ ਇਹਨਾਂ ਨੌਜਵਾਨਾਂ ਦੀਆਂ ਸੇਵਾਵਾਂ ਮੋਹਰਲੀ ਕਤਾਰ 'ਚ ਰਹੀਆਂ ਸਨ। ਸਮਾਜਿਕ ਸਾਂਝ ਸੰਸਥਾ ਬੰਗਾ ਦੇ ਪ੍ਰਧਾਨ ਹਰਮਿੰਦਰ ਸਿੰਘ ਤਲਵੰਡੀ ਨੇ ਪਿੰਡ ਪਠਲਾਵਾ ਦੇ ਇਹਨਾਂ ਨੌਜ਼ਵਾਨਾਂ ਵਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਹੈ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਮਾਜ ਲਈ ਨਿਵੇਕਲੀ ਪ੍ਰੇਰਨਾਂ ਵਜੋਂ ਇਹਨਾਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਇਹਨਾਂ ਨੌਜ਼ਵਾਨਾਂ ਦਾ ਉਚੇਚੇ ਤੌਰ 'ਤੇ ਸਨਮਾਨ ਕੀਤਾ ਜਾਵੇ।