ਚੇਅਰਮੈਨ ਮੋਹਨ ਲਾਲ ਸੂਦ ਨੇ ਡਿਪਟੀ ਕਮਿਸ਼ਨਰ ਨਾਲ ਵੱਖ-ਵੱਖ ਮੁੱਦਿਆਂ ’ਤੇ ਕੀਤੀ ਚਰਚਾ

*ਨੈਸ਼ਨਲ ਹਾਈਵੇਅ ਵਿਚ ਆਈਆਂ ਜਾਇਦਾਦਾਂ ਦੇ ਮੁਆਵਜ਼ੇ ਅਤੇ ਹਾਦਸਿਆਂ ਆਦਿ ਸਬੰਧੀ ਮਸਲੇ ਵਿਚਾਰੇ 
ਨਵਾਂਸ਼ਹਿਰ, 26 ਮਈ :- ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਚੇਅਰਮੈਨ ਇੰਜ: ਮੋਹਨ ਲਾਲ ਸੂਦ ਵੱਲੋਂ ਅੱਜ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨਾਲ ਮੁਲਾਕਾਤ ਕਰ ਕੇ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ ਗਈ। ਇਸ ਦੌਰਾਨ ਉਨਾਂ ਬੰਗਾ ਤਹਿਸੀਲ ਦੇ ਪਿੰਡ ਮਜਾਰੀ ਅਤੇ ਢਾਹਾਂ ਦੇ ਨਿਵਾਸੀਆਂ ਦੀ ਨੈਸ਼ਨਲ ਹਾਈਵੇਅ ਵਿਚ ਆਈ ਜਾਇਦਾਦ ਦਾ ਮੁਆਵਜ਼ਾ ਨਾ ਮਿਲਣ ਦਾ ਮਸਲਾ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੇ ਧਿਆਨ ਵਿਚ ਲਿਆਂਦਾ। ਉਨਾਂ ਦੱਸਿਆ ਕਿ ਇਨਾਂ ਜਾਇਦਾਦ ਮਾਲਕਾਂ ਦੀਆਂ ਦੁਕਾਨਾਂ, ਪੈਟਰੋਲ ਪੰਪ, ਮਕਾਨ ਆਦਿ ਇਕੋ ਖਸਰੇ ਵਿਚ ਪੈਂਦੀਆਂ ਹੋਣ ਕਾਰਨ ਉਨਾਂ ਨੂੰ ਮੁਆਵਜ਼ਾ ਦੇਣ ਵਿਚ ਦਿੱਕਤ ਪੇਸ਼ ਆ ਰਹੀ ਹੈ। ਉਨਾਂ ਦੱਸਿਆ ਕਿ ਇਨਾਂ ਨੂੰ ਸਟਰੱਕਚਰਾਂ ਦੇ ਮਲਬੇ ਦਾ ਮੁਆਵਜ਼ਾ ਤਾਂ ਦੇ ਦਿੱਤਾ ਗਿਆ ਹੈ ਪਰੰਤੂ ਜਿਸ ਜਗਾ ਉੱਤੇ ਮਕਾਨ ਆਦਿ ਦੇ ਮਲਬੇ ਦੀ ਕੰਪਨਸੇਸ਼ਨ ਦਿੱਤੀ ਗਈ ਸੀ, ਉਸ ਐਕਵਾਇਰ ਕੀਤੀ ਜ਼ਮੀਨ ਦਾ ਮੁਆਵਜ਼ਾ ਨਹੀਂ ਦਿੱਤਾ ਗਿਆ। ਉਨਾਂ ਕਿਹਾ ਕਿ ਇਸ ਕੇਸ ਦੀ ਮਾਲ ਵਿਭਾਗ ਵੱਲੋਂ ਦਰੁਸਤੀ ਕਰਵਾ ਕੇ ਸਬੰਧਤ ਵਿਅਕਤੀਆਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਇਸੇ ਤਰਾਂ ਉਨਾਂ ਬੰਗਾ ਵਿਚ ਨੈਸ਼ਨਲ ਹਾਈਵੇਅ ਵਿਚ ਆਏ ਲਾਲ ਲਕੀਰ ਦੇ ਤੋੜੇ ਗਏ ਮਕਾਨਾਂ ਲਈ ਵੀ ਮੁਆਵਜ਼ੇ ਦੀ ਮੰਗ ਉਠਾਈ। ਇਸ ਤੋਂ ਇਲਾਵਾ ਉਨਾਂ ਰੋਪੜ-ਫਗਵਾੜਾ ਨੈਸ਼ਨਲ ਹਾਈਵੇਅ 'ਤੇ ਬਹਿਰਾਮ ਤੋਂ ਮਾਹਲਪੁਰ ਪਲਾਨ ਰੋਡ ਜੰਕਸ਼ਨ 'ਤੇ ਵਾਰ-ਵਾਰ ਹੋ ਰਹੇ ਹਾਦਸਿਆਂ ਸਬੰਧੀ ਸੁਝਾਅ ਦਿੱਤਾ ਕਿ ਇਸ ਇਸ ਹਾਦਸਾ ਪਰੋਨ ਏਰੀਏ ਸਬੰਧੀ ਮਾਹਿਰਾਂ ਤੋਂ ਸੁਝਾਅ ਲੈ ਕੇ ਨੈਸ਼ਨਲ ਹਾਈਵੇਅ ਦੇ ਪ੍ਰਾਜੈਕਟ ਡਾਇਰੈਕਟਰ ਨਾਲ ਮੀਟਿੰਗ ਕੀਤੀ ਜਾਵੇ ਅਤੇ ਇਸ ਨੂੰ ਸੁਧਾਰਨ ਲਈ ਪੰਜਾਬ ਸਰਕਾਰ ਰਾਹੀਂ ਕੇਸ ਕੇਂਦਰ ਸਰਕਾਰ ਨੂੰ ਭੇਜਿਆ ਜਾਵੇ। ਉਨਾਂ ਕਿਹਾ ਕਿ ਇਸੇ ਤਰਾਂ ਢਾਹਾਂ ਕਲੇਰਾਂ ਜੰਕਸ਼ਨ ਵੀ ਹਾਦਸਾ ਪਰੋਨ ਏਰੀਆ ਹੈ ਅਤੇ ਉਸ ਵਿਚ ਵੀ ਲੋੜੀਂਦੇ ਸੁਧਾਰ ਦੀ ਲੋੜ ਹੈ। ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਮੌਕੇ 'ਤੇ ਹੀ ਐਸ. ਡੀ. ਐਮ ਬੰਗਾ ਨੂੰ ਫੋਨ ਕਰ ਕੇ ਸਬੰਧਤ ਮੁੱਦਿਆਂ ਦੇ ਯੋਗ ਹੱਲ ਲਈ ਨਿਰਦੇਸ਼ ਦਿੱਤੇ। 
ਕੈਪਸ਼ਨ :- ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੂੰ ਜ਼ਮੀਨ ਮਾਲਕਾਂ ਦੇ ਮੁਆਵਜ਼ੇ ਸਬੰਧੀ ਪੱਤਰ ਸੌਂਪਦੇ ਹੋਏ ਚੇਅਰਮੈਨ ਇੰਜ: ਮੋਹਨ ਲਾਲ ਸੂਦ।