ਲਿਪੋਸੋਮਲ ਐਂਮਫੋਟੇਰੀਸਿਨ-ਬੀ ਟੀਕੇ ਦੀ ਵੰਡ ਅਤੇ ਕੀਮਤ ਸਬੰਧੀ ਹਦਾਇਤਾਂ ਜਾਰੀ

-ਡਿਪਟੀ ਕਮਿਸ਼ਨਰ ਵੱਲੋਂ ਸਿਵਲ ਸਰਜਨ ਨੂੰ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਦੇ ਨਿਰਦੇਸ਼
ਪਟਿਆਲਾ, 28 ਮਈ: - ਕੋਵਿਡ-19 ਮਰੀਜ ਦੇ ਇਲਾਜ ਸਮੇਂ ਵਰਤੇ ਜਾਣ ਵਾਲੇ ਟੀਕੇ ਲਿਪੋਸੋਮਲ ਐਮਫੋਟੇਰੀਸਿਨ-ਬੀ ਦੀ ਵੰਡ ਅਤੇ ਕੀਮਤ ਸਬੰਧੀ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਸਰਕਾਰ ਵੱਲੋਂ ਵੱਖ-ਵੱਖ ਸਿਹਤ ਸੰਭਾਲ ਕੇਂਦਰਾਂ, ਜਿਨ੍ਹਾਂ 'ਚ ਸਰਕਾਰੀ ਤੇ ਪ੍ਰਾਈਵੇਟ ਕੋਵਿਡ ਕੇਅਰ ਸੈਂਟਰਾਂ ਤੋਂ ਇਲਾਵਾ ਪ੍ਰਾਈਵੇਟ ਹਸਪਤਾਲਾਂ ਦੇ ਅੰਦਰ ਕੈਮਿਸਟਾਂ ਦੀਆਂ ਦੁਕਾਨਾਂ 'ਚ ਲਿਪੋਸੋਮਲ ਐਮਫੋਟੇਰੀਸਿਨ-ਬੀ ਟੀਕੇ ਦੀ ਸਪਲਾਈ ਕਰਨ ਦਾ ਫੈਸਲਾ ਕੀਤਾ ਗਿਆ ਹੈ। ਸਕੱਤਰ ਸਿਹਤ-ਕਮ-ਕਮਿਸ਼ਨਰ, ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਸ੍ਰੀ ਕੁਮਾਰ ਰਾਹੁਲ ਵੱਲੋਂ ਜਾਰੀ ਹੁਕਮਾਂ ਦੇ ਹਵਾਲੇ ਨਾਲ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਸਿਵਲ ਸਰਜਨ ਪਟਿਆਲਾ ਨੂੰ ਇਨ੍ਹਾਂ ਹੁਕਮਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਹੈ। ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਜਾਰੀ ਹੁਕਮਾਂ 'ਚ ਕਿਹਾ ਗਿਆ ਹੈ ਲਿਪੋਸੋਮਲ ਐਮਫੋਟੇਰੀਸਿਨ ਬੀ ਟੀਕੇ ਦੀ ਸਪਲਾਈ, ਜਿਸ ਕੀਮਤ 'ਤੇ ਨੈਸ਼ਨਲ ਹੈਲਥ ਮਿਸ਼ਨ ਵੱਲੋਂ ਮੁਹੱਈਆ ਕਰਵਾਈ ਜਾਵੇਗੀ, ਪ੍ਰਾਈਵੇਟ ਕੋਵਿਡ ਕੇਅਰ ਸੈਂਟਰਾਂ/ਇਨ੍ਹਾਂ ਕੇਂਦਰਾਂ 'ਚ ਸਥਿਤ ਦਵਾਈਆਂ ਦੀਆਂ ਦੁਕਾਨਾਂ ਵਿਖੇ ਵੀ ਉਹੋ ਕੀਮਤ ਹੋਵੇਗੀ। ਇਸ ਤਰ੍ਹਾਂ ਸਿਪਲਾ ਕੰਪਨੀ ਵੱਲੋਂ ਨਿਰਮਿਤ ਇਸ ਲਿਪੋਸੋਮਲ ਐਮਫੋਟੇਰੀਸਿਨ ਬੀ, 50 ਐਮ.ਜੀ. ਦੇ ਟੀਕੇ ਦੀ ਕੀਮਤ 5400 ਰੁਪਏ ਅਤੇ 5 ਫੀਸਦੀ ਜੀ.ਐਸ.ਟੀ. ਵੱਖਰਾ ਤੈਅ ਕੀਤੀ ਗਈ ਹੈ। ਇਨ੍ਹਾਂ ਹੁਕਮਾਂ 'ਚ ਇਹ ਵੀ ਕਿਹਾ ਗਿਆ ਹੈ ਕਿ ਪ੍ਰਾਈਵੇਟ ਕੋਵਿਡ ਕੇਅਰ ਸੈਂਟਰਾਂ/ਇੱਥੇ ਸਥਿਤ ਦਵਾਈਆਂ ਦੀਆਂ ਦੁਕਾਨਾਂ 'ਚ ਸਪਲਾਈ ਹੋਣ ਵਾਲੇ ਟੀਕੇ ਦੀ ਨਿਰਧਾਰਤ ਕੀਮਤ ਦੀ ਅਦਾਇਗੀ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵੱਲੋਂ ਖੋਲ੍ਹੇ ਗਏ ਵੱਖਰੇ ਬੈਂਕ ਖਾਤੇ ਐਚ.ਡੀ.ਐਫ.ਸੀ. ਬ੍ਰਾਂਚ ਸੈਕਟਰ 17, ਚੰਡੀਗੜ੍ਹ ਦੇ ਖਾਤਾ ਨੰਬਰ 50100077800624, ਆਈ.ਐਫ.ਐਸ.ਸੀ. ਕੋਡ ਐਚ.ਡੀ.ਐਫ.ਸੀ.0000213 'ਚ ਪਾਈ ਜਾਵੇਗੀ।