ਤਿੰਨ ਮੈਡੀਕਲ ਕਾਲਜਾਂ ਵਿੱਚੋਂ 13037 ਮਰੀਜ ਠੀਕ ਹੋ ਕੇ ਘਰਾਂ ਨੂੰ ਪੁੱਜੇ
ਅੰਮ੍ਰਿਤਸਰ, 17 ਮਈ: - ਸੂਬੇ ਭਰ ਵਿੱਚ ਕਰੋਨਾ ਦੇ ਮਰੀਜਾਂ ਲਈ 790 ਬੈਡ ਹੋਰ ਸਥਾਪਤ
ਕੀਤੇ ਜਾ ਰਹੇ ਹਨ ਜਿੰਨਾਂ ਵਿੱਚੋਂ ਪਟਿਆਲਾ ਮੈਡੀਕਲ ਕਾਲਜ ਵਿਖੇ 240, ਫਰੀਦਕੋਟ ਅਤੇ
ਅੰਮ੍ਰਿਤਸਰ ਮੈਡੀਕਲ ਕਾਲਜ ਵਿਖੇ 100-100, ਜਲਾਲਾਬਾਦ ਅਤੇ ਬਠਿੰਡਾ ਵਿਖੇ 50-50 ਬੈਡ
ਪੱਕੇ ਤੌਰ ਤੇ ਸਥਾਪਤ ਕੀਤੇ ਜਾ ਰਹੇ ਹਨ । ਇਸ ਦੇ ਨਾਲ ਨਾਲ ਮੁਹਾਲੀ ਹਸਪਤਾਲ ਅਤੇ
ਬਠਿੰਡਾ ਰਿਫਾਨਿਰੀ ਵਿਖੇ 100-100, ਤਰਨਤਾਰਨ ਅਤੇ ਗੁਰਦਾਸਪੁਰ ਹਸਪਤਾਲ ਵਿਖੇ 25-
25 ਬੈਡ ਆਰਜੀ ਤੌਰ ਤੇ ਕੋਰੋਨਾ ਮਰੀਜ਼ਾਂ ਲਈ ਲਗਾਏ ਜਾ ਰਹੇ ਹਨ। ਇਨ੍ਹਾਂ ਸ਼ਬਦਾ ਦਾ
ਪ੍ਰਗਟਾਵਾ ਸ੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਨੇ ਆਪਣੇ
ਨਿਵਾਸ ਅਸਥਾਨ ਵਿਖੇ ਕਰੋਨਾ ਦੀ ਰੀਵਿਊ ਮੀਟਿੰਗ ਕਰਨ ਉਪਰੰਤ ਕੀਤਾ। ਮੀਟਿੰਗ ਨੂੰ
ਸੰਬੋਧਨ ਕਰਦਿਆਂ ਸ੍ਰੀ ਸੋਨੀ ਨੇ ਦੱਸਿਆ ਕਿ ਸੂਬੇ ਭਰ ਦੇ 7 ਸਰਕਾਰੀ ਹਸਪਤਾਲਾਂ ਵਿੱਚ
ਹੁਣ ਤੱਕ 64 ਲੱਖ 24 ਹਜਾਰ 719 ਮਰੀਜਾਂ ਦੇ ਕੋਵਿਡ ਟੈਸਟ ਕੀਤੇ ਜਾ ਚੁੱਕੇ ਹਨ
ਜਿੰਨਾਂ ਵਿੱਚੋਂ ਅੰਮ੍ਰਿਤਸਰ 1862744, ਪਟਿਆਲਾ 2051446, ਫਰੀਦਕੋਟ ਵਿਖੇ 1672016,
ਲੁਧਿਆਣਾ 276962, ਜਲੰਧਰ 186609, ਐਫ:ਸੀ:ਐਲ ਮੁਹਾਲੀ ਵਿਖੇ 189923 ਅਤੇ ਪੀ:ਬੀ:ਟੀ
ਮੁਹਾਲੀ ਵਿਖੇ 185019 ਟੈਸਟ ਕੀਤੇ ਗਏ ਹਨ ਅਤੇ ਹੁਣ ਤੱਕ 2 ਲੱਖ 79 ਹਜ਼ਾਰ 574
ਕਰੋਨਾ ਪਾਜਟਿਵ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਸੂਬੇ ਦੇ ਤਿੰਨ ਮੈਡੀਕਲ ਕਾਲਜਾਂ
ਵਿੱਚ 17847 ਕਰੋਨਾ ਮਰੀਜ ਦਾਖਲ ਹੋਏ ਸਨ ਜਿੰਨਾਂ ਵਿੱਚੋਂ 13037 ਮਰੀਜ ਠੀਕ ਹੋ ਕੇ
ਆਪਣੇ ਘਰਾਂ ਨੂੰ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਤਿੰਨ ਮੈਡੀਕਲ ਕਾਲਜਾਂ ਵਿੱਚ
ਹੁਣ ਤੱਕ 3872 ਵਿਅਕਤੀਆਂ ਦੀ ਮੌਤ ਹੋਈ ਹੈ ਜਿੰਨਾਂ ਵਿੱਚ ਅੰਮ੍ਰਿਤਸਰ ਮੈਡੀਕਲ ਕਾਲਜ
ਵਿੱਚ 1359, ਪਟਿਆਲਾ ਮੈਡੀਕਲ ਕਾਲਜ ਵਿੱਚ 1890 ਅਤੇ ਫਰੀਦਕੋਟ ਮੈਡੀਕਲ ਵਿੱਚ 623
ਵਿਅਕਤੀ ਹਨ। ਇਸ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਸ੍ਰ ਗੁਰਪ੍ਰੀਤ ਸਿੰਘ ਖਹਿਰਾ, ਪੁਲਿਸ
ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਅਗਰਵਾਲ,
ਕਮਿਸ਼ਨਰ ਨਗਰ ਨਿਗਮ ਮੈਡਮ ਕੋਮਲ ਮਿੱਤਲ, ਪ੍ਰਿੰਸੀਪਲ ਮੈਡੀਕਲ ਕਾਲਜ ਡਾ: ਰਾਜੀਵ ਦੇਵਗਨ
ਅਤੇ ਸਿਵਲ ਸਰਜਨ ਡਾ: ਚਰਨਜੀਤ ਸਿੰਘ ਹਾਜਰ ਸਨ।
ਮੀਟਿੰਗ ਉਪਰੰਤ ਸ੍ਰੀ ਸੋਨੀ ਵੱਲੋਂ ਹਾਲਗੇਟ ਤੋਂ ਲੈ ਕੇ ਲੋਹਗੜ੍ਹ ਗੇਟ ਤੱਕ ਸ਼ਹਿਰ
ਦਾ ਦੌਰਾ ਕਰਕੇ ਲਾਕਡਾਊਨ ਦੀ ਸਥਿਤੀ ਦਾ ਜਾਇਜਾ ਲਿਆ ਗਿਆ। ਉਨ੍ਹਾਂ ਦੌਰੇ ਦੌਰਾਨ
ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਵੀ ਉਨ੍ਹਾਂ ਦੇ ਨਾਲ ਸਨ। ਇਸ ਮੌਕੇ ਸ੍ਰੀ ਸੋਨੀ
ਨੇ ਦੱਸਿਆ ਕਿ ਅੰਮ੍ਰਿਤਸਰ ਵਿਖੇ ਕਰੋਨਾ ਦੇ ਮਰੀਜਾਂ ਦੀ ਗਿਣਤੀ ਥੋੜੀ ਘਟੀ ਹੈ ਅਤੇ
ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਲਾਕਡਾਊਨ ਦੌਰਾਨ ਸਰਕਾਰ ਵੱਲੋਂ ਦਿੱਤੀਆਂ ਗਈਆਂ
ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਮਾਸਕ ਦੀ ਵਰਤੋਂ ਸਮਾਜਿਕ
ਦੂਰੀ ਦੇ ਨਿਯਮਾਂ ਦੀ ਪਾਲਣਾ, ਸਮੇਂ ਸਮੇਂ ਸਿਰ ਆਪਣੇ ਹੱਥ ਧੋਣਾ ਅਤੇ ਇਸ ਤੋ ਇਲਾਵਾ
ਕਰੋਨਾ ਵੈਕਸੀਨ ਨੂੰ ਜਰੂਰ ਲਗਾਉਣ। ਸ੍ਰੀ ਸੋਨੀ ਨੇ ਕਿਹਾ ਕਿ ਜਿਲ੍ਹਾ ਪ੍ਰਸਾਸ਼ਨ ਵੱਲੋਂ
ਲਾਕਡਾਊਨ ਦੀ ਪਾਲਣਾ ਲਈ ਇਕ ਦਿਨ ਖੱਬਾ ਅਤੇ ਇਕ ਦਿਨ ਸੱਜਾ ਪਾਸੇ ਦੀਆਂ ਦੁਕਾਨਾਂ ਖੋਲਣ
ਦੀ ਆਗਿਆ ਦਿੱਤੀ ਗਈ ਹੈ ਅਤੇ ਇਨ੍ਹਾਂ ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲਿਆਂ ਵਿਰੁੱਧ
ਪੁਲਿਸ ਕਮਿਸ਼ਨਰ ਨੂੰ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਵੀ ਦਿੱਤੇ।