ਪਟਿਆਲਾ,17 ਮਈ:- ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਦੇ
ਵਿਦਿਆਰਥੀਆਂ ਦੀਆਂ ਵਿੱਦਿਅਕ ਪ੍ਰਾਪਤੀਆਂ ਬਿਹਤਰ ਬਣਾਉਣ ਲਈ ਸਿੱਖਿਆ ਮੰਤਰੀ ਵਿਜੇ
ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ
ਕੀਤੇ ਜਾ ਰਹੇ ਉਪਰਾਲਿਆਂ ਤਹਿਤ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ
ਵੱਲੋਂ ਪੜ੍ਹੋ ਪੰਜਾਬ ਪ੍ਰਾਜੈਕਟ ਦੀ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਟੀਮ ਵੱਲੋਂ
ਵਿਦਿਆਰਥੀਆਂ ਨੂੰ ਨਕਸ਼ਾ ਭਰਨ ਦੀਆਂ ਤਕਨੀਕਾਂ ਤੋਂ ਜਾਣੂ ਕਰਵਾਉਣ ਲਈ ਆਨਲਾਈਨ ਜਮਾਤ
ਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ਤਹਿਤ ਪਹਿਲੇ ਦਿਨ ਉਮੇਸ਼ਵਰ ਨਰਾਇਣ ਅਤੇ ਕਮਲਦੀਪ ਸਿੰਘ
ਵੱਲੋਂ ਨਕਸ਼ਾ ਭਰਨ ਦੀਆਂ ਤਕਨੀਕਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ।
ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਹਰਿੰਦਰ ਕੌਰ ਨੇ ਦੱਸਿਆ ਕਿ
ਸਰਕਾਰੀ ਸਕੂਲਾਂ ਦੇ ਸਮੂਹ ਵਿਦਿਆਰਥੀਆਂ ਦੀਆਂ ਅਕਾਦਮਿਕ ਪ੍ਰਾਪਤੀਆਂ ਬਿਹਤਰ ਬਣਾਉਣ ਲਈ
ਵਿਭਾਗ ਵੱਲੋਂ ਹਰ ਵਿਸ਼ੇ ਬਾਰੇ ਬਹੁਤ ਹੀ ਬਾਰੀਕੀ ਨਾਲ ਯਤਨ ਕੀਤੇ ਜਾ ਰਹੇ ਹਨ।
ਵਿਦਿਆਰਥੀਆਂ ਲਈ ਮੁਸ਼ਕਿਲ ਉਪ ਵਿਸ਼ਿਆਂ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਨੂੰ ਸਰਲ ਤਰੀਕੇ
ਨਾਲ ਸਮਝਾਇਆ ਜਾ ਰਿਹਾ ਹੈ।
ਡੀ.ਈ.ਓ. (ਸੈ.ਸਿੱ.) ਨੇ ਦੱਸਿਆ ਕਿ ਪੜ੍ਹੋ ਪੰਜਾਬ ਦੀ ਸਮਾਜਿਕ ਸਿੱਖਿਆ ਅਤੇ
ਅੰਗਰੇਜ਼ੀ ਟੀਮ ਵੱਲੋਂ ਜਿੱਥੇ ਵਿਦਿਆਰਥੀਆਂ ਦੀ ਅੰਗਰੇਜ਼ੀ ਵਿਸ਼ੇ ਵਿੱਚ ਕਾਰਗੁਜ਼ਾਰੀ
ਬਿਹਤਰ ਬਣਾਉਣ ਲਈ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਹਨ,ਉੱਥੇ ਹੁਣ ਵਿਦਿਆਰਥੀਆਂ ਦੀ
ਸਮਾਜਿਕ ਸਿੱਖਿਆ ਵਿਸ਼ੇ ਵਿੱਚ ਕਾਰਗੁਜ਼ਾਰੀ ਬਿਹਤਰੀਨ ਕਰਨ ਲਈ ਨਕਸ਼ਾ ਭਰਨ ਦੀਆਂ
ਤਕਨੀਕਾਂ ਤੋਂ ਜਾਣੂ ਕਰਵਾਉਣ ਲਈ ਆਨਲਾਈਨ ਜਮਾਤਾਂ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ
ਦੱਸਿਆ ਕਿ ਇਹ ਆਨਲਾਈਨ ਜਮਾਤ ਸਟੇਟ ਕੋਆਰਡੀਨੇਟਰ ਚੰਦਰ ਸ਼ੇਖਰ ਦੀ ਦੇਖ-ਰੇਖ 'ਚ ਹਰ
ਐਤਵਾਰ ਸ਼ਾਮ ਨੂੰ 6 ਤੋਂ 7 ਵਜੇ ਤੱਕ ਲਗਾਈ ਜਾਇਆ ਕਰੇਗੀ।
ਉਪ ਜ਼ਿਲ੍ਹਾ ਸਿੱਖਿਆ (ਸੈ.ਸਿੱ.) ਸੁਖਵਿੰਦਰ ਖੋਸਲਾ ਨੇ ਕਿਹਾ ਕਿ ਸਮਾਜਿਕ ਸਿੱਖਿਆ
ਵਿਸ਼ੇ ਵਿੱਚੋਂ ਅੰਕ ਪ੍ਰਾਪਤ ਕਰਨ ਲਈ ਨਕਸ਼ ਭਰਨ ਵਾਲੇ ਪ੍ਰਸ਼ਨ ਦਾ ਬਹੁਤ ਵੱਡਾ
ਯੋਗਦਾਨ ਹੁੰਦਾ ਹੈ। ਇਸ ਆਨਲਾਈਨ ਜਮਾਤ ਜਰੀਏ ਨਕਸ਼ਾ ਭਰਨ ਦੀਆਂ ਤਕਨੀਕਾਂ ਦੀ ਜਾਣਕਾਰੀ
ਹਾਸਿਲ ਕਰਕੇ ਵਿਦਿਆਰਥੀ ਸਹੀ ਨਕਸ਼ਾ ਭਰਨ ਵਿੱਚ ਕਾਮਯਾਬ ਹੋਣਗੇ। ਉਨ੍ਹਾਂ ਅਧਿਆਪਕਾਂ
ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਖੁਦ ਅਤੇ ਵਿਦਿਆਰਥੀਆਂ ਨੂੰ ਇਸ ਆਨਲਾਈਨ ਜਮਾਤ ਦਾ
ਲਾਹਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਇਸ ਆਨਲਾਈਨ ਜਮਾਤ ਦੀ ਰਿਕਾਰਡਿੰਗ
ਵਿਭਾਗ ਦੀ ਐਜੂਕੇਅਰ ਐਪ 'ਤੇ ਵੀ ਉਪਲਬਧ ਕਰਵਾਈ ਜਾਵੇਗੀ। ਕਿਸੇ ਕਾਰਨ ਆਨਲਾਈਨ ਜਮਾਤ
ਅਟੈਂਡ ਨਾ ਕਰ ਸਕਣ ਵਾਲੇ ਵਿਦਿਆਰਥੀ ਐਜੂਕੇਅਰ ਐਪ 'ਤੇ ਜਾ ਕੇ ਵੀ ਨਕਸ਼ਾ ਭਰਨ ਦੀਆਂ
ਤਕਨੀਕਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਅਧਿਆਪਕ ਇਕਬਾਲ ਸਿੰਘ ਕਲਿਆਣ ਨੇ
ਕਿਹਾ ਕਿ ਇਸ ਆਨਲਾਈਨ ਜਮਾਤ ਦੌਰਾਨ ਮਾਹਿਰਾਂ ਵੱਲੋਂ ਨਕਸ਼ਾ ਭਰਨ ਦੀਆਂ ਦੱਸੀਆਂ ਜਾਣ
ਵਾਲੀਆਂ ਤਕਨੀਕਾਂ ਨਾ ਕੇਵਲ ਵਿਦਿਆਰਥੀਆਂ ਲਈ ਵਰਦਾਨ ਸਿੱਧ ਹੋਣਗੀਆਂ ਸਗੋਂ ਇਸ ਨਾਲ
ਅਧਿਆਪਕਾਂ ਦੀ ਨਿਪੁੰਨਤਾ ਵਿੱਚ ਵੀ ਨਿਖਾਰ ਆਵੇਗਾ।