ਨਵਾਂਸ਼ਹਿਰ, 5 ਮਈ :- ਕੋਵਿਡ-19 ਮਹਾਮਾਰੀ ਦੇ ਫ਼ੈਲਾਅ ਨੂੰ ਰੋਕਣ ਲਈ ਗ੍ਰਹਿ ਅਤੇ ਨਿਆਂ ਵਿਭਾਗ, ਪੰਜਾਬ ਸਰਕਾਰ ਵੱਲੋਂ ਜਾਰੀ ਤਾਜ਼ਾ ਆਦੇਸ਼ਾਂ ਦੀ ਰੋਸ਼ਨੀ ਵਿਚ ਜ਼ਿਲਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਡਾ. ਸ਼ੇਨਾ ਅਗਰਵਾਲ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਪਹਿਲਾਂ ਤੋਂ ਜਾਰੀ ਆਪਣੇ ਆਦੇਸ਼ਾਂ ਦੀ ਲਗਾਤਾਰਤਾ ਵਿਚ ਜ਼ਿਲੇ ਵਿਚ 15 ਮਈ ਤੱਕ ਲੱਗੀਆਂ ਬੰਦਿਸ਼ਾਂ ਦੌਰਾਨ ਕੁਝ ਹੋਰ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਅਤੇ ਗਤੀਵਿਧੀਆਂ ਨੂੰ ਸ਼ਾਮ 5 ਵਜੇ ਤੱਕ (ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਲੱਗਣ ਵਾਲੇ ਹਫ਼ਤਾਵਾਰੀ ਕਰਫ਼ਿਊ ਨੂੰ ਛੱਡ ਕੇ) ਛੋਟ ਦਿੱਤੀ ਹੈ। ਜਾਰੀ ਹੁਕਮਾਂ ਅਨੁਸਾਰ ਜ਼ਿਲੇ ਵਿਚ ਰੋਜ਼ਾਨਾ ਰਾਤ ਦੇ ਕਰਫ਼ਿਊ ਵਿਚ ਆਮ ਲੋਕਾਂ ਦੀ ਗੈਰ ਜ਼ਰੂਰੀ ਆਵਾਜਾਈ ਉੱਤੇ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਪਾਬੰਦੀ ਲਗਾਈ ਗਈ ਹੈ ਜਦਕਿ ਹਫ਼ਤਾਵਰੀ ਕਰਫ਼ਿਊ ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਲਾਗੂ ਰਹੇਗਾ। ਜ਼ਿਲੇ ਵਿਚ ਗ਼ੈਰ-ਜ਼ਰੂਰੀ ਵਸਤਾਂ ਦੀਆਂ ਸਾਰੀਆਂ ਦੁਕਾਨਾਂ 15 ਮਈ ਤੱਕ ਬੰਦ ਰਹਿਣਗੀਆਂ। ਜਦਕਿ ਖਾਦ, ਬੀਜ, ਕੀਟਨਾਸ਼ਕ, ਖੇਤੀਬਾੜੀ ਮਸ਼ੀਨਰੀ, ਖੇਤੀਬਾੜੀ ਤੇ ਬਾਗਬਾਨੀ ਦੇ ਉਪਕਰਣ, ਕੈਮਿਸਟ, ਕਰਿਆਨਾ ਤੇ ਰਾਸ਼ਨ (ਪੀ. ਡੀ. ਐਸ ਦੁਕਾਨਾਂ ਸਮੇਤ), ਦੁੱਧ, ਬਰੈਡ, ਸਬਜ਼ੀਆਂ, ਫਲ, ਡੇਅਰੀ ਅਤੇ ਪੋਲਟਰੀ ਉਤਪਾਦ, ਅੰਡੇ, ਮੀਟ, ਮੋਬਾਈਲ ਰਿਪੇਅਰ, ਰਿਟੇਲ ਅਤੇ ਹੋਲਸੇਲ ਸ਼ਰਾਬ ਦੀਆਂ ਦੁਕਾਨਾਂ (ਪਰ ਅਹਾਤੇ ਨਹੀਂ), ਉਦਯੋਗਿਕ ਸਮੱਗਰੀ, ਹਾਰਡਵੇਅਰ ਦਾ ਸਾਮਾਨ, ਸੰਦ, ਮੋਟਰ ਵਾਹਨ ਅਤੇ ਪਾਈਪ ਆਦਿ ਦੀ ਵਿਕਰੀ ਕਰਨ ਵਾਲੀਆਂ ਦੁਕਾਨਾਂ ਨੂੰ ਸ਼ਾਮ 5 ਵਜੇ ਤੱਕ ਛੋਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਹਸਪਤਾਲ, ਪਸ਼ੂ ਹਸਪਤਾਲ, ਲੈਬਾਂ, ਨਰਸਿੰਗ ਹੋਮਾਂ ਨੂੰ ਛੋਟ ਰਹੇਗੀ। ਸਰਕਾਰੀ ਤੇ ਪ੍ਰਾਈਵੇਟ ਸੈਕਟਰ ਵਿਚ ਦਵਾਈਆਂ ਤੇ ਮੈਡੀਕਲ ਉਪਕਰਣਾਂ ਦੇ ਉਤਪਾਦਨ ਅਤੇ ਸਪਲਾਈ ਨਾਲ ਸਬੰਧਤ ਹੋਰ ਸਾਰੇ ਮੈਡੀਕਲ ਅਦਾਰਿਆਂ ਨੂੰ ਵੀ ਛੋਟ ਹੋਵੇਗੀ। ਇਨਾਂ ਅਦਾਰਿਆਂ ਦੇ ਸਾਰੇ ਕਰਮਚਾਰੀਆਂ ਨੂੰ ਸਾਰੇ ਦਿਨ ਆਵਾਜਾਈ ਦੀ ਇਜਾਜ਼ਤ ਹੋਵੇਗੀ, ਇਸ ਦੇ ਲਈ ਉਨਾਂ ਨੂੰ ਆਪਣਾ ਪਹਿਚਾਣ ਪੱਤਰ ਦਿਖਾਉਣਾ ਹੋਵੇਗਾ। ਇਸੇ ਤਰਾਂ ਈ-ਕਾਮਰਸ ਗਤੀਵਿਤੀ ਅਤੇ ਸਾਮਾਨ ਦੀ ਆਵਾਜਾਈ ਨੂੰ ਵੀ ਛੋਟ ਹੋਵੇਗੀ। ਇਸ ਤੋਂ ਇਲਾਵਾ ਮੈਨੂੰਫੈਕਚਰਿੰਗ ਇੰਡਸਰੀ ਅਤੇ ਸੇਵਾਵਾਂ ਅਤੇ ਉਨਾਂ ਦੇ ਸਾਰੇ ਕਰਮਚਾਰੀਆਂ, ਵਰਕਰਾਂ ਅਤੇ ਵਾਹਨਾਂ ਦੀ ਆਵਾਜਾਈ ਨੂੰ ਉਨਾਂ ਦੇ ਮਾਲਕਾਂ ਦੁਆਰਾ ਜਾਰੀ ਪ੍ਰਵਾਨਗੀ ਤਹਿਤ ਛੋਟ ਹੋਵੇਗੀ। ਇਨਾਂ ਵਿਚ ਟੈਲੀਕਮਿਊਨੀਕੇਸ਼ਨ, ਇੰਟਰਨੈੱਟ ਸੇਵਾਵਾਂ, ਬਰਾਡਕਾਸਟਿੰਗ ਅਤੇ ਕੇਬਲ ਸੇਵਾਵਾਂ, ਆਈ. ਟੀ ਅਤੇ ਆਈ. ਟੀ ਤੋਂ ਸਬੰਧਤ ਸੇਵਾਵਾਂ, ਮੋਬਾਈਲ ਰਿਪੇਅਰ, ਪੈਟਰੋਲ ਪੰਪ ਅਤੇ ਪੈਟਰੋਲੀਅਮ ਉਤਪਾਦ, ਐਲ. ਪੀ. ਜੀ, ਪੈਟਰੋਲੀਅਮ ਤੇ ਗੈਸ ਰਿਟੇਲ ਤੇ ਸਟੋਰੇਜ ਆਊਟਲੈਟ, ਪਾਵਰ ਜਨਰੇਸ਼ਨ, ਟ੍ਰਾਂਸਮਿਸ਼ਨ ਅਤੇ ਵੰਡ ਯੂਨਿਟ ਅਤੇ ਸੇਵਾਵਾਂ, ਕੋਲਡ ਸਟੋਰੇਜ ਤੇ ਵੇਅਰਹਾਊਸ ਸੇਵਾਵਾਂ, ਸਾਰੀਆਂ ਬੈਂਕਿੰਗ/ਆਰ. ਬੀ. ਆਈ ਸੇਵਾਵਾਂ, ਏ. ਟੀ. ਐਮ, ਕੈਸ਼ ਵੈਨ ਤੇ ਕੈਸ਼ ਹੈਂਡਲਿੰਗ/ਡਿਸਟ੍ਰੀਬਿਊਸ਼ਨ ਸੇਵਾਵਾਂ ਅਤੇ ਉਸਾਰੀ ਨਾਲ ਸਬੰਧਤ ਗਤੀਵਿਧੀਆਂ ਨੂੰ ਛੋਟ ਹੋਵੇਗੀ।
ਇਨਾਂ ਤੋਂ ਇਲਾਵਾ ਜ਼ਿਲੇ ਵਿਚ ਇਸ ਸਬੰਧੀ ਪਹਿਲਾਂ ਤੋਂ ਲਾਗੂ ਹੁਕਮ ਜਾਰੀ ਰਹਿਣਗੇ।