ਲਾਕਡਾਊਨ ਤੇ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ ਸ਼ਰਾਬ ਦੇ ਠੇਕੇਦਾਰਾਂ ਅਤੇ ਹੋਰਨਾਂ ਖਿਲਾਫ਼ 9 ਮੁਕੱਦਮੇ ਦਰਜ

*ਬਿਨਾਂ ਮਾਸਕ ਵਾਲੇ 733 ਵਿਅਕਤੀਆਂ ਦੇ ਕਰਵਾਏ ਕੋਵਿਡ ਟੈਸਟ, 4 ਖਿਲਾਫ਼ ਪਰਚੇ ਅਤੇ 60 ਦੇ ਕੀਤੇ ਚਲਾਨ
*ਲਾਪਰਵਾਹੀ ਵਰਤਣ ਵਾਲਿਆਂ ਖਿਲਾਫ਼ ਹੋਵੇਗੀ ਸਖ਼ਤ ਕਾਰਵਾਈ-ਐਸ. ਐਸ. ਪੀ
ਨਵਾਂਸ਼ਹਿਰ, 5 ਮਈ : ਜ਼ਿਲੇ ਵਿਚ ਲਾਕਡਾਊਨ ਅਤੇ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ ਸ਼ਰਾਬ ਦੇ ਠੇਕੇਦਾਰਾਂ ਅਤੇ ਹੋਰਨਾਂ ਖਿਲਾਫ਼ ਸਖ਼ਤ ਕਾਰਵਾਈ ਕਰਦਿਆਂ ਪੁਲਿਸ ਵੱਲੋਂ 9 ਮੁਕੱਦਮੇ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ ਬਿਨਾਂ ਮਾਸਕ ਵਾਲੇ 733 ਵਿਅਕਤੀਆਂ ਦੇ ਕੋਵਿਡ ਟੈਸਟ ਕਰਵਾਉਣ ਤੋਂ ਇਲਾਵਾ 4 ਵਿਅਕਤੀਆਂ ਖਿਲਾਫ਼ ਪਰਚੇ ਅਤੇ 60 ਚਲਾਨ ਕੀਤੇ ਗਏ ਹਨ। ਇਹ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਕਪਤਾਨ ਅਲਕਾ ਮੀਨਾ ਨੇ ਦੱਸਿਆ ਕਿ ਲਾਕਡਾਊਨ ਅਤੇ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ ਸ਼ਰਾਬ ਦੇ ਠੇਕੇਦਾਰ, ਜੋ ਕਿ ਸ਼ਟਰ ਬੰਦ ਕਰ ਕੇ ਚੋਰ ਮੋਰੀ ਰਾਹੀਂ ਸ਼ਰਾਬ ਵੇਚ ਰਹੇ ਸਨ, ਖਿਲਾਫ਼ ਮੁੱਖ ਅਫ਼ਸਰ ਥਾਣਾ ਮੁਕੰਦਪੁਰ ਵੱਲੋਂ ਪਿੰਡ ਸਰਹਾਲ ਕਾਜੀਆਂ ਵਿਖੇ ਸ਼ਰਾਬ ਦਾ ਠੇਕਾ ਖੋਲਣ ਵਾਲੇ ਨਰਿੰਦਰ ਸਿੰਘ ਵਾਸੀ ਚੰਦੀਆਣੀ ਦੇ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ। ਇਸੇ ਤਰਾਂ ਮੁੱਖ ਅਫ਼ਸਰ ਥਾਣਾ ਸਿਟੀ ਨਵਾਂਸ਼ਹਿਰ ਵੱਲੋਂ ਰੇਲਵੇ ਰੋਡ ਨਵਾਂਸ਼ਹਿਰ ਵਿਖੇ ਸ਼ਰਾਬ ਦਾ ਠੇਕਾ ਖੋਲਣ ਵਾਲੇ ਬਲਜੀਤ ਸਿੰਘ ਠੇਕੇਦਾਰ (ਮਾਲਕ) ਅਤੇ ਇਕ ਨਾਮਲੂਮ ਵਿਅਕਤੀ ਖਿਲਾਫ਼, ਚੰਡੀਗੜ ਰੋਡ 'ਤੇ ਸ਼ਰਾਬ ਦਾ ਠੇਕਾ ਖੋਲਣ ਵਾਲੇ ਠੇਕੇਦਾਰ ਅਨੂਪ ਕੁਮਾਰ ਵਾਸੀ ਨਵਾਂਸ਼ਹਿਰ ਅਤੇ ਚੰਡੀਗੜ ਚੌਕ ਵਿਖੇ ਸ਼ਰਾਬ ਦਾ ਠੇਕਾ ਖੋਲਣ ਵਾਲੇ ਨਰਿੰਦਰ ਕੁਮਾਰ ਪੁੱਤਰ ਸ਼ਿਵ ਰਾਮ ਵਾਸੀ ਨਵਾਂਸ਼ਹਿਰ ਖਿਲਾਫ਼ ਮੁਕੱਦਮੇ ਦਰਜ ਕੀਤੇ ਗਏ ਹਨ। 
ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਲਾਕਡਾਊਨ ਦੌਰਾਨ ਕੁਲਾਮ ਰੋਡ ਨਵਾਂਸ਼ਹਿਰ ਵਿਖੇ ਲੱਕੜ ਦੀ ਦੁਕਾਨ ਖੋਲਣ ਵਾਲੇ ਧਰਮਿੰਦਰ ਕੁਮਾਰ ਵਾਸੀ ਨਵਾਂਸ਼ਹਿਰ ਅਤੇ ਥਾਣਾ ਸਿਟੀ ਬਲਾਚੌਰ ਵਿਖੇ ਹਅਰ ਡਰੈਸਰ ਦੀ ਦੁਕਾਨ ਖੋਲਣ ਵਾਲੇ ਸੋਹਣ ਸਿੰਘ ਪੁੱਤਰ ਗੁਰਮੇਜ ਸਿੰਘ ਅਤੇ ਸੋਨੂੰ ਪੁੱਤਰ ਚੰਦਰ ਮੋਹਣ ਵਾਸੀ ਬਲਾਚੌਰ ਦੇ ਖਿਲਾਫ਼ ਵੱਖ-ਵੱਖ ਮੁਕੱਦਮੇ ਦਰਜ ਕੀਤੇ ਗਏ ਹਨ। ਇਸੇ ਤਰਾਂ ਥਾਣਾ ਰਾਹੋਂ ਦੇ ਏਰੀਏ ਵਿਚ ਬਣੇ ਕਿਲਾ ਬਹਾਦਰਗੜ (ਜਥੇਦਾਰ ਫਾਰਮ ਐਂਡ ਰਿਜ਼ਾਰਟ) ਨਾਂਅ ਦਾ ਫਾਰਮ ਹਾਊਸ ਪਬਲਿਕ ਲਈ ਖੁੱਲਾ ਸੀ, ਜਿਸ 'ਤੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਰਿਜ਼ਾਰਟ ਦੇ ਮਾਲਕ ਬਹਾਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਰਾਹੋਂ ਦੇ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। 
  ਉਨਾਂ ਦੱਸਿਆ ਕਿ ਇਸੇ ਤਰਾਂ ਅੱਜ ਪੁਲਿਸ ਵੱਲੋਂ ਜ਼ਿਲੇ ਦੀ ਹਦੂਦ ਅੰਦਰ ਵੱਖ-ਵੱਖ ਮੈਡੀਕਲ ਟੀਮਾਂ ਨੂੰ ਨਾਲ ਲੈ ਕੇ ਜਨਤਕ ਥਾਵਾਂ 'ਤੇ ਬਿਨਾਂ ਮਾਸਕ ਘੁੰਮਣ ਵਾਲੇ 733  ਵਿਅਕਤੀਆਂ ਦੇ ਕੋਵਿਡ ਟੈਸਟ ਕਰਵਾਏ ਗਏ ਜਦਕਿ ਬਿਨਾਂ ਮਾਸਕ ਘੁੰਮ ਰਹੇ 60 ਵਿਅਕਤੀਆਂ ਦੇ ਚਲਾਨ ਅਤੇ 4 ਪਰਚੇ ਕੀਤੇ ਗਏ।
    ਉਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਨਿਯਮਾਂ ਪ੍ਰਤੀ ਲਾਪਰਵਾਹੀ ਨਾ ਦਿਖਾਉਣ ਅਤੇ ਲਾਕਡਾਊਨ ਅਤੇ ਨਾਈਟ ਕਰਫ਼ਿਊ ਦੇ ਸਮੇਂ ਦੌਰਾਨ ਘਰਾਂ ਤੋਂ ਬਾਹਰ ਨਾ ਨਿਕਲਣ। ਉਨਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਲਾਪਰਵਾਹੀ ਵਰਤਣ ਵਾਲਿਆਂ ਖਿਲਾਫ਼ ਪੁਲਿਸ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।