976 ਦੇ ਕਰਵਾਏ ਕੋਵਿਡ ਟੈਸਟ, 83 ਦੇ ਕੀਤੇ ਚਲਾਨ
ਨਵਾਂਸ਼ਹਿਰ, 5 ਮਈ :- ਜ਼ਿਲੇ ਵਿਚ ਲਾਕਡਾਊਨ ਅਤੇ ਕੋਵਿਡ ਨਿਯਮਾਂ ਪ੍ਰਤੀ ਲਾਪਰਵਾਹੀ ਵਰਤਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕਰਦਿਆਂ ਪੁਲਿਸ ਵੱਲੋਂ 4 ਮੁਕੱਦਮੇ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ ਬਿਨਾਂ ਮਾਸਕ ਵਾਲੇ 976 ਵਿਅਕਤੀਆਂ ਦੇ ਕੋਵਿਡ ਟੈਸਟ ਕਰਵਾਉਣ ਤੋਂ ਇਲਾਵਾ 83 ਦੇ ਚਲਾਨ ਕੀਤੇ ਗਏ ਹਨ। ਇਹ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਕਪਤਾਨ ਅਲਕਾ ਮੀਨਾ ਨੇ ਦੱਸਿਆ ਕਿ ਲਾਕਡਾਊਨ ਦੌਰਾਨ ਪਿੰਡ ਉੜਾਪੜ ਵਿਖੇ ਸ਼ਰਾਬ ਦਾ ਠੇਕਾ ਖੋਲਣ ਵਾਲੇ ਠੇਕੇ ਦੇ ਕਰਿੰਦੇ ਗੁਰਦੀਪ ਸਿੰਘ ਉਰਫ ਦੀਪਾ ਪੁੱਤਰ ਰਾਵਲ ਸਿੰਘ ਵਾਸੀ ਅਮਰਗੜ ਭੰਗਲ ਅਤੇ ਰਾਮ ਕੁਮਾਰ ਉਰਫ ਰਾਜੂ ਪੂੱਤਰ ਰਾਮ ਸਰੂਪ ਵਾਸੀ ਯੂ. ਪੀ ਹਾਲ ਵਾਸੀ ਗੜੀ ਅਜੀਤ ਸਿੰਘ ਦੇ ਖਿਲਾਫ਼ ਥਾਣਾ ਔੜ ਵਿਖੇ ਮੁਕੱਦਮਾ ਦਰਜ ਕੀਤਾ ਗਿਲਾ ਹੈ। ਇਸ ਤੋਂ ਇਲਾਵਾ ਕਚਹਿਰੀ ਰੋਡ, ਨਵਾਂਸ਼ਹਿਰ ਵਿਖੇ ਢਾਬੇ ਨੂੰ ਖੋਲ ਕੇ ਲਾਕਡਾਊਨ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸੁਖਵਿੰਦਰ ਸਿੰਘ ਪੁੱਤਰ ਨੰਦ ਲਾਲ ਵਾਸੀ ਬੱਕਰਖਾਨਾ ਰੋਡ, ਨਵਾਂਸ਼ਹਿਰ ਖਿਲਾਫ਼ ਥਾਣਾ ਸਿਟੀ ਨਵਾਂਸ਼ਹਿਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ। ਇਸੇ ਤਰਾਂ ਬੱਸ ਅੱਡਾ ਜਾਡਲਾ ਵਿਖੇ ਕਬਾੜ ਦੀ ਦੁਕਾਨ ਖੋਲਣ ਵਾਲੇ ਕਬਾੜੀਏ ਅਮਿਤ ਪੁੱਤਰ ਰਾਜੂ ਵਾਸੀ ਮਜਾਰਾ ਕਲਾਂ ਦੇ ਖਿਲਾਫ਼ ਥਾਣਾ ਸਦਰ ਨਵਾਂਸ਼ਹਿਰ ਵਿਖੇ ਪਬਚਾ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਸੋਸ਼ਲ ਡਿਸਟੈਂਸ ਤੋਂ ਬਿਨਾਂ ਸਵਾਰੀਆਂ ਬਿਠਾਉਣ 'ਤੇ ਪਿੰਡ ਜੁਲੇਵਾਲ ਸਾਈਡ ਤੋਂ ਬਲਾਚੌਰ ਆ ਰਹੇ ਇਕ ਆਟੋ ਰਿਕਸ਼ਾ ਚਾਲਕ ਦਿਲਬਾਗ ਸਿੰਘ ਪੁੱਤਰ ਜਗਤ ਰਾਮ ਵਾਸੀ ਕੌਲਗੜ ਖਿਲਾਫ਼ ਥਾਣਾ ਸਦਰ ਬਲਾਚੌਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ। ਉਨਾਂ ਦੱਸਿਆ ਕਿ ਇਸੇ ਤਰਾਂ ਅੱਜ ਪੁਲਿਸ ਵੱਲੋਂ ਜ਼ਿਲੇ ਦੀ ਹਦੂਦ ਅੰਦਰ ਵੱਖ-ਵੱਖ ਮੈਡੀਕਲ ਟੀਮਾਂ ਨੂੰ ਨਾਲ ਲੈ ਕੇ ਜਨਤਕ ਥਾਵਾਂ 'ਤੇ ਬਗੈਰ ਮਾਸਕ ਘੁੰਮਣ ਵਾਲੇ 976 ਵਿਅਕਤੀਆਂ ਦੇ ਕੋਵਿਡ ਟੈਸਟ ਕਰਵਾਏ ਗਏ ਜਦਕਿ ਬਿਨਾਂ ਮਾਸਕ ਘੁੰਮ ਰਹੇ 83 ਵਿਅਕਤੀਆਂ ਦੇ ਚਲਾਨ ਕੱਟੇ ਗਏ। ਉਨਾਂ ਦੱਸਿਆ ਕਿ ਪੁਲਿਸ ਵੱਲੋਂ ਸਾਂਝ ਕੇਂਦਰ ਦੀ ਮੀਡੀਆ ਵੈਨ ਅਤੇ ਥਾਣਿਆਂ ਦੇ ਮੁੱਖ ਅਫ਼ਸਰਾਂ ਵੱਲੋਂ ਲੋਕਾਂ ਨੂੰ ਕੋਵਿਡ ਪ੍ਰਤੀ ਸਾਵਧਾਨੀਆਂ ਵਰਤਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਨਿਯਮਾਂ ਪ੍ਰਤੀ ਲਾਪਰਵਾਹੀ ਨਾ ਦਿਖਾਉਣ ਅਤੇ ਲਾਕਡਾਊਨ ਅਤੇ ਨਾਈਟ ਕਰਫ਼ਿਊ ਦੇ ਸਮੇਂ ਦੌਰਾਨ ਘਰਾਂ ਤੋਂ ਬਾਹਰ ਨਾ ਨਿਕਲਣ ਅਤੇ ਇਸ ਘਾਤਕ ਬਿਮਾਰੀ ਨੂੰ ਹਲਕੇ ਵਿਚ ਨਾ ਲੈਣ। ਉਨਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਲਾਪਰਵਾਹੀ ਵਰਤਣ ਵਾਲਿਆਂ ਖਿਲਾਫ਼ ਪੁਲਿਸ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਕੈਪਸ਼ਨ : - ਪਿੰਡ ਭਰੋਮਜਾਰਾ (ਕੰਟੇਨਮੈਂਟ ਜ਼ੋਨ) ਵਿਖੇ ਮੋਹਤਬਰ ਵਿਅਕਤੀਆਂ ਨੂੰ ਸਰਕਾਰ ਵੱਲੋਂ ਜਾਰੀ ਨਵੀਆਂ ਹਦਾਇਤਾਂ ਤੋਂ ਜਾਣੂ ਕਰਵਾਉਂਦੇ ਹੋਏ ਉੱਪ ਪੁਲਿਸ ਕਪਤਾਨ ਬੰਗਾ ਗੁਰਿੰਦਰ ਪਾਲ ਸਿੰਘ।