ਅੰਮ੍ਰਿਤਸਰ,6 ਮਈ :- ਪਿੰਡ ਮੌਦੇ ਦੇ ਇੱਕ ਜ਼ਿੰਮੀਂਦਾਰ ਪ੍ਰੀਵਾਰ ਵੱਲੋਂ ਦਲਿਤ ਪ੍ਰੀਵਾਰ ਦੀ 7 ਏਕੜ ਜ਼ਮੀਨ ਦੀ ਮਲਕੀਅਤ ਧੌਖੇ ਨਾਲ ਤਬਦੀਲ ਕਰਨ ਦਾ ਸਨਸਨੀਖੇਜ ਮਾਮਲਾ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਕੋਲ ਪੁੱਜਾ ਹੈ। ਪੀੜਤ ਦਲਿਤ ਵਿਅਕਤੀ ਸੁਖਚੈਨ ਸਿੰਘ ਪੁੱਤਰ ਸ੍ਰ ਇੰਦਰ ਸਿੰਘ ਅਤੇ ਸਕੱਤਰ ਸਿੰਘ ਪੁੱਤਰ ਜੇਠਾ ਸਿੰਘ ਵਾਸੀ ਪਿੰਡ ਮੌਦੇ ਤਹਿਸੀਲ ਅਟਾਰੀ ਜ਼ਿਲ੍ਹਾ ਅੰਮ੍ਰਿਤਸਰ ਨੇ ਅੱਜ ਇਥੇ ਰੈਸਟ ਹਾਊਸ ਵਿਖੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ. ਤਰਸੇਮ ਸਿੰਘ ਸਿਆਲਕਾ ਨਾਲ ਮੁਲਾਕਾਤ ਕਰਨ ਮੌਕੇ ਦਿੱਤੀ ਲਿਖਤੀ ਸ਼ਿਕਾਇਤ 'ਚ ਦੋਸ਼ ਲਗਾਇਆ ਹੈ ਕਿ ਇੱਕ ਜ਼ਿੰਮੀਂਦਾਰ ਪ੍ਰੀਵਾਰ ਨੇ ਉਹਨਾ ਦੀ 7 ਏਕੜ ਜ਼ਮੀਨ ਕਥਿਤ ਤੌਰ ਤੇ ਹੜੱਪਣ ਦੀ ਆੜ ਹੇਠ ਫਰਜ਼ੀ ਰਜਿਸਟਰੀ ਕਰਕੇ ਮਾਲ ਵਿਭਾਗ 'ਚ ਦਰਜ ਸਾਡੀ ਮਲਕੀਅਤ ਨੂੰ ਤਬਦੀਲ ਕਰਨ ਲਈ ਧੋਖਾਧੜੀ ਤੋਂ ਕੰਮ ਲਿਆ ਹੈ। ਸ਼ਿਕਾਇਤ ਕਰਤਾ ਧਿਰ ਨੇ ਦੱਸਿਆ ਕਿ ਪਿੰਡ ਅਟੱਲਗੜ ਅਤੇ ਮੌਦੇ ਵਿਖੇ ਸਾਡੀ ਜੋ ਪੁਸ਼ਤੈਨੀ ਜ਼ਮੀਨ ਹੈ ਉਸ ਨੂੰ ਵਾਪਸ ਕਰਵਾਇਆ ਜਾਵੇ। ਸ਼ਿਕਾਇਤ ਕਰਤਾ ਧਿਰ ਤੋਂ ਸ਼ਿਕਾਇਤ ਪ੍ਰਾਪਤ ਕਰਨ ਤੋਂ ਬਾਅਦ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ ਤਰਸੇਮ ਸਿੰਘ ਸਿਆਲਕਾ ਨੇ ਪ੍ਰੈਸ ਨੂੰ ਦੱਸਿਆ ਕਿ ਅਟਾਰੀ ਹਲਕੇ ਦੇ ਪਿੰਡ ਮੌਦੇ ਤੋਂ ਦਲਿਤ ਪ੍ਰੀਵਾਰਾਂ ਦੇ ਮੁੱਖੀਆਂ ਨੇ ਅੱਜ ਕਮਿਸ਼ਨ ਦੇ ਪੇਸ਼ ਹੋ ਕੇ ਸ਼ਿਕਾਇਤ ਕੀਤੀ ਹੈ ਕਿ ਕਿਸੇ ਜ਼ਿੰਮੀਂਦਾਰ ਨੇ ਫਰਜ਼ੀ ਮਾਲਕ ਅਤੇ ਨੰਬੜਦਾਰ ਖੜਾ ਕਰਕੇ ਉਨਾਂ ਦੀ ਪੁਸ਼ਤੈਨੀ ਮਲਕੀਅਤ ਨੂੰ ਧੋਖੇ ਨਾਲ ਤਬਦੀਲ ਕਰਕੇ ਉਨ੍ਹਾ ਦੇ ਨਾਲ ਧੱਕੇਸ਼ਾਹੀ ਕੀਤੀ ਹੈ। ੳਨ੍ਹਾ ਨੇ ਦੱਸਿਆ ਕਿ ਮਾਮਲਾ ਅਪਰਾਧ ਅਤੇ ਮਾਲ ਵਿਭਾਗ ਨਾਲ ਸਬੰਧਿਤ ਹੋਣ ਕਰਕੇ ਕਮਿਸ਼ਨ ਨੇ ਸਾਰੇ ਮਾਮਲੇ ਦੀ ਬਾਰੀਕੀ ਨਲ ਜਾਂਚ ਕਰਨ ਦਾ ਜ਼ਿੰਮਾਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਸੋਂਪ ਦਿੱਤਾ ਹੈ। ਡਾ ਸਿਆਲਕਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਨੂੰ ਲਿਖਿਆ ਗਿਆ ਹੈ ਕਿ ਸਾਰੇ ਮਾਮਲੇ ਦੀ ਪੜਤਾਲ ਕਰਕੇ ਜਾਂਚ ਦੀ ਸਿੱਟਾ ਰਿਪੋਰਟ 25 ਮਈ 2021 ਨੂੰ ਕਮਿਸ਼ਨ ਤੱਕ ਪੁੱਜਦਾ ਕੀਤੀ ਜਾਵੇ।ਉਨ੍ਹਾ ਨੇ ਕਿਹਾ ਕਿ ਇਹ ਗੰਭੀਰ ਮਾਮਲਾ ਹੈ। ਇਸ ਲਈ ਕਮਿਸ਼ਨ ਪੀੜਤ ਧਿਰ ਦੀ ਸੁਣਵਾਈ ਕਰਵਾਉਂਣ ਲਈ ਮਾਮਲੇ ਦੀ ਪੈਰਵਾਈ ਕਰ ਰਿਹਾ ਹੈ।ਇਸ ਮੌਕੇ ਡਾ ਸਿਆਲਕਾ ਦੇ ਪੀਆਰਓ ਸ੍ਰ ਸਤਨਾਮ ਸਿੰਘ ਗਿੱਲ, ਲਖਵਿੰਦਰ ਸਿੰਘ ਅਟਾਰੀ ਅਤੇ ਸ਼ਿਕਾਇਤ ਕਰਤਾ ਧਿਰ ਹਾਜਰ ਸਨ। ਫੋਟੋ ਕੈਪਸ਼ਨ :ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ ਤਰਸੇਮ ਸਿੰਘ ਸਿਆਲਕਾ ਸ਼ਿਕਾਇਤ ਕਰਤਾਧਿਰ ਤੋਂ ਸ਼ਿਕਾਇਤ ਪ੍ਰਾਪਤ ਕਰਦੇ ਹੋਏ।