ਸਫ਼ਾਈ, ਦਵਾਈ ਅਤੇ ਸਖ਼ਤਾਈ ਨਾਲ ਜਿੱਤਾਂਗੇ ਕੋਰੋਨਾ ਵਿਰੁੱਧ ਜੰਗ : ਡਾ. ਗੁਰਦੀਪ ਕਪੂਰ

 ਜ਼ਿਲ੍ਹੇ ਵਿੱਚ ਘਰੇੂਲ ਇਕਾਂਤਵਾਸ ਅਧੀਨ 8303 ਕੋਰੋਨਾ ਮਰੀਜ਼ ਹੋਏ ਸਿਹਤਯਾਬ
ਨਵਾਂਸ਼ਹਿਰ, 6 ਮਈ 2021: ਮਾਣਯੋਗ ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਨੇ ਕੋਰੋਨਾ ਵਾਇਰਸ ਨੂੰ ਹਰਾ ਕੇ "ਮਿਸ਼ਨ ਫਤਿਹ" ਦੀ ਪ੍ਰਾਪਤੀ ਲਈ ਜੰਗ ਛੇੜੀ ਹੋਈ ਹੈ। ਕੋਰੋਨਾ ਮਹਾਂਮਾਰੀ ਦੇ ਚੁਣੌਤੀ ਭਰੇ ਹਾਲਾਤਾਂ ਦਰਮਿਆਨ ਸ਼ਹੀਦ ਭਗਤ ਸਿੰਘ ਨਗਰ ਵਿਚ ਤਕਰੀਬਨ 8303 ਕੋਵਿਡ-19 ਪਾਜ਼ੇਟਿਵ ਸਫ਼ਲਤਾਪੂਰਵਕ ਸਿਹਤਯਾਬ ਹੋ ਗਏ ਹਨ ਅਤੇ ਇਸ ਵੇਲੇ ਤਕਰੀਬਨ 785 ਐਕਟਿਵ ਮਰੀਜ਼ ਘਰੇਲੂ ਇਕਾਂਤਵਾਸ ਅਧੀਨ ਰਹਿ ਗਏ ਹਨ।ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਨੇ ਅੱਜ ਫੇਸਬੁੱਕ ਲਾਈਵ ਪ੍ਰੋਗਰਾਮ ਵਿਚ ਜ਼ਿਲ੍ਹੇ ਵਿਚ ਕੋਵਿਡ-19 ਦੀ ਮੌਜੂਦਾ ਸਥਿਤੀ ਉੱਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਜ਼ਿਲ੍ਹੇ ਵਿਚ ਸਫਾਈ, ਦਵਾਈ ਅਤੇ ਸਖਤਾਈ ਨਾਲ ਕੋਰੋਨਾ ਵਿਰੁੱਧ ਜੰਗ ਜਿੱਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਕੋਰੋਨਾ ਪਾਜੇਟਿਵ ਆਉਣ ਉੱਤੇ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ, ਇੱਥੋਂ ਤੱਕ ਕਿ ਹਲਕੇ ਲੱਛਣ ਅਤੇ ਬਗੈਰ ਲੱਛਣਾਂ ਵਾਲੇ ਮਰੀਜ਼ਾਂ ਨੂੰ ਹਸਪਤਾਲਾਂ ਵਿੱਚ ਦਾਖਲ ਹੋਣ ਦੀ ਲੋੜ ਵੀ ਨਹੀਂ ਹੈ। ਅਜਿਹੇ ਮਰੀਜ਼ਾਂ ਨੂੰ ਟੈਸਟਿੰਗ ਸਮੇਂ ਸਿਰਫ਼ ਘਰੇਲੂ ਇਕਾਂਤਵਾਸ ਵਿੱਚ ਰਹਿਣ ਦਾ ਵਿਕਲਪ ਹੀ ਚੁਣਨਾ ਚਾਹੀਦਾ ਹੈ। ਡਾ. ਕਪੂਰ ਨੇ ਦੱਸਿਆ ਕਿ ਘਰੇਲੂ ਇਕਾਂਤਵਾਸ ਅਧੀਨ ਪਾਜ਼ੇਟਿਵ ਮਰੀਜ਼ਾਂ ਦੀ ਦੇਖਭਾਲ ਲਈ ਜ਼ਿਲ੍ਹੇ ਦੇ ਸਾਰੇ ਸ਼ਹਿਰਾਂ ਅਤੇ ਪਿੰਡਾਂ ਦੇ ਹਰੇਕ ਬਲਾਕ ਵਿੱਚ ਰੈਪਿਡ ਰਿਸਪਾਂਸ ਟੀਮਾਂ ਗਠਿਤ ਕੀਤੀਆਂ ਗਈਆਂ ਹਨ ਜੋ ਕਿ ਜ਼ਿਲ੍ਹੇ ਅੰਦਰ ਕੋਰੋਨਾ ਪਾਜਟਿਵ ਮਰੀਜ਼ਾਂ ਦੀ ਸਿਹਤ ਦੀ ਬਾਰੀਕੀ ਨਾਲ ਜਾਂਚ ਕਰ ਰਹੀਆਂ ਹਨ ਤਾਂ ਜੋ ਜੇਕਰ ਕਿਸੇ ਵੀ ਮਰੀਜ਼ ਦੀ ਹਾਲਤ ਵਿਗੜਦੀ ਹੈ ਅਤੇ ਗੰਭੀਰ ਲੱਛਣ ਸਾਹਮਣੇ ਆਉਂਦੇ ਹਨ ਤਾਂ ਮਰੀਜ਼ਾਂ ਨੂੰ ਤੁਰੰਤ ਸਿਹਤ ਕੇਂਦਰਾਂ ਵਿੱਚ ਤਬਦੀਲ ਕੀਤਾ ਜਾਂਦਾ ਹੈ। ਸਿਵਲ ਸਰਜਨ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਹੁਣ ਤੱਕ ਕੋਵਿਡ-19 ਦੇ 8303 ਐਕਟਿਵ ਮਾਮਲੇ ਹਨ। ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਲੱਛਣਾਂ, ਟੈਸਟਿੰਗ ਜਾਂ ਦਾਖਲੇ ਲਈ ਨੇੜਲੀਆਂ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਸਬੰਧੀ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਲਈ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਵਾਸਤੇ 24 ਘੰਟੇ 104 ਹੈਲਪਲਾਈਨ ਵਿਸ਼ੇਸ਼ ਤੌਰ ਉੱਤੇ ਕਾਰਜਸ਼ੀਲ ਕੀਤੀ ਗਈ ਹੈ। ਗੁਰਦੀਪ ਸਿੰਘ ਕਪੂਰ ਨੇ ਕਿਹਾ ਕਿ ਕੋਰੋਨਾ ਫ਼ਤਿਹ ਕਿੱਟਾਂ ਘਰੇਲੂ ਇਕਾਂਤਵਾਸ ਵਾਲੇ ਮਰੀਜ਼ਾਂ ਦੀ ਬਿਹਤਰ ਦੇਖਭਾਲ ਲਈ ਘਰਾਂ ਵਿੱਚ ਹੀ ਵੰਡੀਆਂ ਜਾ ਰਹੀਆਂ ਹਨ ਜਿਨ੍ਹਾਂ ਵਿੱਚ ਪਲਸ ਆਕਸਾਈਮੀਟਰ, ਥਰਮਾਮੀਟਰ, ਸਟੀਮਰ ਅਤੇ ਹੋਰ ਜ਼ਰੂਰੀ ਦਵਾਈਆਂ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਮਿਸ਼ਨ ਫਤਹਿ ਕਿੱਟਾਂ ਦੀ ਮਦਦ ਨਾਲ ਕੋਰੋਨਾ ਮਰੀਜ਼ ਛੇਤੀ ਸਿਹਤਯਾਬ ਹੋ ਰਹੇ ਹਨ।