*ਕਾਰਾਂ, ਟੈਕਸੀਆਂ ਸਮੇਤ ਚਾਰ ਪਹੀਆ ਵਾਹਨਾਂ ਵਿਚ ਕੇਵਲ 2 ਵਿਅਕਤੀ ਕਰ ਸਕਣਗੇ ਸਫ਼ਰ
*ਵਿਆਹ/ਸਸਕਾਰ ਆਦਿ ਰਸਮਾਂ ਸਮੇਂ 10 ਤੋਂ ਵੱਧ ਲੋਕਾਂ ਦੇ ਇਕੱਠ 'ਤੇ ਪਾਬੰਦੀ
*ਸਾਰੇ ਧਾਰਮਿਕ ਅਸਥਾਨ ਰੋਜ਼ਾਨਾ ਸ਼ਾਮ 6 ਵਜੇ ਤੋਂ ਪਹਿਲਾਂ ਬੰਦ ਹੋਣਗੇ
*ਸਰਕਾਰੀ ਦਫ਼ਤਰ ਤੇ ਬੈਂਕ 50 ਫੀਸਦੀ ਸਮਰੱਥਾ ਨਾਲ ਕੰਮ ਕਰਨਗੇ
ਨਵਾਂਸ਼ਹਿਰ, 3 ਮਈ : - ਕੋਵਿਡ-19 ਮਹਾਮਾਰੀ ਦੇ ਫ਼ੈਲਾਅ ਨੂੰ ਰੋਕਣ ਲਈ ਗ੍ਰਹਿ ਅਤੇ ਨਿਆਂ ਵਿਭਾਗ, ਪੰਜਾਬ ਸਰਕਾਰ ਵੱਲੋਂ ਜਾਰੀ ਤਾਜ਼ਾ ਆਦੇਸ਼ਾਂ ਦੀ ਰੋਸ਼ਨੀ ਵਿਚ ਜ਼ਿਲਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਡਾ. ਸ਼ੇਨਾ ਅਗਰਵਾਲ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਪਹਿਲਾਂ ਤੋਂ ਜਾਰੀ ਆਪਣੇ ਆਦੇਸ਼ਾਂ ਦੀ ਲਗਾਤਾਰਤਾ ਵਿਚ ਜ਼ਿਲੇ ਵਿਚ 15 ਮਈ ਤੱਕ ਨਵੀਆਂ ਸਖ਼ਤ ਪਾਬੰਦੀਆਂ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਇਨਾਂ ਆਦੇਸ਼ਾਂ ਤਹਿਤ ਜ਼ਿਲੇ ਵਿਚ ਗ਼ੈਰ-ਜ਼ਰੂਰੀ ਵਸਤਾਂ ਦੀਆਂ ਸਾਰੀਆਂ ਦੁਕਾਨਾਂ 15 ਮਈ ਤੱਕ ਬੰਦ ਰਹਿਣਗੀਆਂ। ਜ਼ਰੂਰੀ ਵਸਤਾਂ ਤੇ ਸੇਵਾਵਾਂ ਨਾਲ ਸਬੰਧਤ ਦੁਕਾਨਾਂ ਜਿਵੇਂ ਕਿ ਕੈਮਿਸਟ, ਕਰਿਆਨਾ, ਦੁੱਧ, ਬਰੈਡ, ਸਬਜ਼ੀਆਂ, ਫਲ, ਡੇਅਰੀ ਅਤੇ ਪੋਲਟਰੀ ਉਤਪਾਦ, ਅੰਡੇ, ਮੀਟ, ਮੋਬਾਈਲ ਰਿਪੇਅਰ ਆਦਿ ਨੂੰ ਕੋਵਿਡ ਪਾਬੰਦੀਆਂ ਤੋਂ ਛੋਟ ਦਿੱਤੀ ਗਈ ਹੈ, ਪਰੰਤੂ ਇਨਾਂ ਸਾਰਿਆਂ ਨੂੰ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ। ਇਸ ਤੋਂ ਇਲਾਵਾ ਲੈਬਾਂ, ਨਰਸਿੰਗ ਹੋਮ ਅਤੇ ਹੋਰ ਸਾਰੇ ਮੈਡੀਕਲ ਅਦਾਰਿਆਂ 'ਤੇ ਕੋਈ ਰੋਕ ਨਹੀਂ ਹੋਵੇਗੀ।
ਕੋਈ ਵੀ ਵਿਅਕਤੀ ਕੋਵਿਡ ਦੀ ਨੈਗੇਟਿਵ ਰਿਪੋਰਟ (72 ਘੰਟਿਆਂ ਤੋਂ ਵੱਧ ਪੁਰਾਣੀ ਨਾ ਹੋਵੇ ) ਜਾਂ ਟੀਕਾਕਰਨ ਸਰਟੀਫਿਕੇਟ (ਘੱਟੋ ਘੱਟ ਇੱਕ ਖੁਰਾਕ) ਜੋ 2 ਹਫਤੇ ਤੋਂ ਵੱਧ ਪੁਰਾਣਾ ਨਾ ਹੋਵੇ, ਤੋਂ ਬਿਨਾਂ ਰਾਜ ਵਿਚ ਹਵਾਈ, ਰੇਲ ਜਾਂ ਸੜਕ ਰਾਹੀਂ ਦਾਖਲ ਨਹੀਂ ਹੋ ਸਕਦਾ।
ਕੋਵਿਡ ਪ੍ਰਬੰਧਨ ਵਿਚ ਸ਼ਾਮਲ ਅਧਿਕਾਰੀਆਂ ਤੋਂ ਬਿਨਾਂ ਸਾਰੇ ਸਰਕਾਰੀ ਦਫ਼ਤਰ ਅਤੇ ਬੈਂਕ 50 ਫੀਸਦੀ ਸਮਰੱਥਾ ਨਾਲ ਕੰਮ ਕਰਨਗੇ।
ਕਾਰਾਂ ਅਤੇ ਟੈਕਸੀਆਂ ਸਮੇਤ ਸਾਰੇ ਚਾਰ ਪਹੀਆ ਵਾਹਨਾਂ ਵਿਚ 2 ਤੋਂ ਵੱਧ ਯਾਤਰੀਆਂ ਨੂੰ ਬੈਠਣ ਦੀ ਆਗਿਆ ਨਹੀਂ ਹੈ। ਹਾਲਾਂਕਿ, ਮਰੀਜ਼ਾਂ ਨੂੰ ਹਸਪਤਾਲ ਲਿਜਾਣ ਵਾਲੇ ਵਾਹਨਾਂ ਨੂੰ ਇਸ ਪਾਬੰਦੀ ਤੋਂ ਛੋਟ ਦਿੱਤੀ ਗਈ ਹੈ। ਇਸੇ ਤਰਾਂ ਦੁਪਹੀਆ ਵਾਹਨਾਂ, ਜਿਵੇਂ ਸਕੂਟਰਾਂ ਅਤੇ ਮੋਟਰ ਸਾਈਕਲਾਂ ਆਦਿ 'ਤੇ ਪਰਿਵਾਰਕ ਮੈਂਬਰ ਤੋਂ ਇਲਾਵਾ ਕਿਸੇ ਵੀ ਹੋਰ ਦੂਜੀ ਸਵਾਰੀ ਬਿਠਾਉਣ ਦੀ ਆਗਿਆ ਨਹੀਂ ਹੈ ।
ਇਸੇ ਤਰਾਂ ਵਿਆਹ/ਸਸਕਾਰ ਆਦਿ ਰਸਮਾਂ ਸਮੇਂ 10 ਤੋਂ ਵੱਧ ਵਿਅਕਤੀਆਂ ਦੇ ਇਕੱਠ ਦੀ ਇਜਾਜ਼ਤ ਨਹੀਂ ਹੈ।
ਪਿੰਡਾਂ ਨੂੰ ਠੀਕਰੀ ਪਹਿਰਾ ਲਗਾਉਣ ਲਈ ਕਿਹਾ ਗਿਆ ਹੈ ਤਾਂ ਜੋ 'ਨਾਈਟ ਕਰਫਿਊ' 'ਅਤੇ 'ਵੀਕੈਂਡ ਕਰਫਿਊ' ਦੇ ਆਦੇਸ਼ਾਂ ਦੀ ਪਾਲਣਾ ਕੀਤੀ ਜਾ ਸਕੇ।
ਸਬਜ਼ੀ ਮੰਡੀਆਂ ਵਿਚ ਸਮਾਜਿਕ ਦੂਰੀ ਕਾਇਮ ਰੱਖੀ ਜਾਵੇਗੀ ਅਤੇ ਇਹ ਸਿਰਫ ਫਲਾਂ ਅਤੇ ਸਬਜ਼ੀਆਂ ਦੇ ਥੋਕ ਵਿਕਰੇਤਾਵਾਂ ਲਈ ਖੁੱਲੀਆਂ ਰਹਿਣਗੀਆਂ।
ਕਿਸਾਨ ਯੂਨੀਅਨਾਂ ਅਤੇ ਧਾਰਮਿਕ ਨੇਤਾਵਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਇਕੱਠ ਨਾ ਕਰਨ ਅਤੇ ਟੋਲ ਪਲਾਜ਼ਾ, ਪੈਟਰੋਲ ਪੰਪਾਂ, ਮਾਲਾਂ ਆਦਿ ਵਿਖੇ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਨੂੰ ਸੀਮਿਤ ਰੱਖਿਆ ਜਾਵੇ।
ਆਦੇਸ਼ ਵਿਚ ਅੱਗੇ ਲਿਖਿਆ ਗਿਆ ਹੈ ਕਿ ਧਾਰਮਿਕ ਸਥਾਨਾਂ ਨੂੰ ਰੋਜ਼ਾਨਾ ਸ਼ਾਮ 6 ਵਜੇ ਬੰਦ ਕੀਤਾ ਜਾਣਾ ਚਾਹੀਦਾ ਹੈ ਅਤੇ ਗੁਰਦੁਆਰਿਆਂ, ਮੰਦਰਾਂ, ਮਸਜਿਦਾਂ, ਚਰਚਾਂ ਆਦਿ ਵਿਚ ਘੱਟ ਤੋਂ ਘੱਟ ਭੀੜ ਹੋਵੇ।
ਆਕਸੀਜਨ ਸਿਲੰਡਰਾਂ ਦੀ ਜਮਾਖੋਰੀ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਨੂੰ ਯਕੀਨੀ ਬਣਾਈ ਜਾਵੇਗੀ। ਰੋਡ ਅਤੇ ਸਟ੍ਰੀਟਵਾਈਜ਼ ਵਿਕਰੇਤਾਵਾਂ, ਜਿਵੇਂ ਰੇਹੜੀ ਵਾਲੇ ਆਦਿ ਦੀ ਆਰ. ਟੀ-ਪੀ. ਸੀ. ਆਰ ਟੈਸਟਿੰਗ ਕੀਤੀ ਜਾਵੇਗੀ।
ਜ਼ਿਲੇ ਵਿਚ ਰੋਜ਼ਾਨਾ ਨਾਈਟ ਕਰਫਿਊ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਅਤੇ ਵੀਕੈਂਡ ਕਰਫਿਊ ਸ਼ੁੱਕਰਵਾਰ ਸ਼ਾਮ ਵਜੇ ਤੋਂ ਸੋਮਵਾਰ ਨੂੰ ਸਵੇਰੇ 5 ਵਜੇ ਤੱਕ ਜਾਰੀ ਰਹੇਗਾ ਅਤੇ ਇਸ ਦੌਰਾਨ ਮੈਡੀਕਲ ਉਦੇਸ਼ਾਂ ਨੂੰ ਛੱਡ ਕੇ ਕਰਫਿਊ ਪਾਸ ਤੋਂ ਬਿਨਾਂ ਕੋਈ ਵਾਹਨ ਨਹੀਂ ਚੱਲੇਗਾ।
ਜਨਤਕ ਟ੍ਰਾਂਸਪੋਰਟ (ਬੱਸਾਂ, ਟੈਕਸੀਆਂ, ਆਟੋ) ਵਿਚ ਸਵਾਰੀਆਂ ਦੀ ਗਿਣਤੀ 50 ਫੀਸਦੀ ਤੱਕ ਸੀਮਿਤ ਕੀਤੀ ਗਈ ਹੈ। ਟ੍ਰਾਂਸਪੋਰਟ ਅਤੇ ਸਿਵਲ ਅਧਿਕਾਰੀ, ਪੁਲਿਸ ਕਰਮਚਾਰੀਆਂ ਦੇ ਨਾਲ ਇਸ ਨੂੰ ਲਾਗੂ ਕਰਨ ਲਈ ਉਡਣ ਦਸਤੇ ਗਠਿਤ ਕਰਨਗੇ।
ਸਾਰੇ ਬਾਰ, ਸਿਨੇਮਾ ਹਾਲ, ਜਿਮ, ਸਪਾ, ਸਵੀਮਿੰਗ ਪੂਲ, ਕੋਚਿੰਗ ਸੈਂਟਰ, ਸਪੋਰਟਸ ਕੰਪਲੈਕਸ ਬੰਦ ਰਹਿਣਗੇ।
ਸਾਰੇ ਰੈਸਟੋਰੈਂਟ (ਹੋਟਲਾਂ ਵਿਚਲੇ ਰੈਸਟੋਰੈਂਟਾਂ ਸਮੇਤ), ਕੈਫੇ, ਕੌਫੀ ਦੁਕਾਨਾਂ, ਫਾਸਟ ਫੂਡ ਦੁਕਾਨਾਂ, ਢਾਬੇ ਆਦਿ ਵੀ ਡਾਇਨ-ਇਨ ਸਹੂਲਤ ਲਈ ਬੰਦ ਰਹਿਣਗੇ ਅਤੇ ਸਿਰਫ ਟੇਕ-ਅਵੇਅ ਅਤੇ ਹੋਮ ਡਿਲਿਵਰੀ ਲਈ ਕੰਮ ਕਰ ਸਕਦੇ ਹਨ, ਜਿਸ ਦੀ ਰਾਤ 9 ਵਜੇ ਤੱਕ ਆਗਿਆ ਹੈ। ਰੈਸਟੋਰੈਂਟਾਂ, ਫਾਸਟ ਫੂਡ ਜੁਆਇੰਟ, ਕੌਫੀ ਦੁਕਾਨਾਂ ਆਦਿ ਦੇ ਅੰਦਰ ਬੈਠਣ ਦੀ ਆਗਿਆ ਨਹੀਂ ਹੈ।
ਸਾਰੇ ਹਫਤਾਵਾਰੀ ਬਾਜ਼ਾਰ (ਆਪਣੀ ਮੰਡੀ ਆਦਿ) ਵੀ ਬੰਦ ਰਹਿਣਗੇ। ਸਰਕਾਰੀ ਸਮਾਗਮਾਂ ਸਮੇਤ ਉਦਘਾਟਨ, ਨੀਂਹ ਪੱਥਰ ਰੱਖਣ ਦੀ ਰਸਮ, ਆਦਿ ਸਮੇਤ ਸਾਰੇ ਸਮਾਜਿਕ, ਸੱਭਿਆਚਾਰਕ ਜਾਂ ਖੇਡਾਂ ਦੇ ਇਕੱਠਾਂ ਅਤੇ ਇਸ ਨਾਲ ਜੁੜੇ ਕਾਰਜਾਂ 'ਤੇ ਪੂਰਨ ਪਾਬੰਦੀ ਹੋਵੇਗੀ, ਪਰੰਤੂ ਸਬੰਧਤ ਉੱਪ ਮੰਡਲ ਮੈਜਿਸਟ੍ਰੇਟ ਦੀ ਇਜਾਜ਼ਤ ਨਾਲ ਛੋਟ ਮਿਲ ਸਕਦੀ ਹੈ।
ਜ਼ਿਲੇ ਵਿਚ ਸਾਰੇ ਰਾਜਨੀਤਿਕ ਇਕੱਠਾਂ 'ਤੇ ਪੂਰਨ ਪਾਬੰਦੀ ਹੋਵੇਗੀ। ਇਨਾਂ ਆਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਇਕੱਠ ਲਈ ਪ੍ਰਬੰਧਕਾਂ ਅਤੇ ਭਾਗੀਦਾਰਾਂ ਦੇ ਨਾਲ-ਨਾਲ ਜਗਾ ਦੇ ਮਾਲਕਾਂ ਅਤੇ ਟੈਂਟ ਹਾਊਸਾਂ ਦੇ ਵਿਰੁੱਧ ਆਪਦਾ ਪ੍ਰਬੰਧਨ ਐਕਟ ਅਤੇ ਮਹਾਂਮਾਰੀ ਰੋਗ ਐਕਟ ਦੇ ਤਹਿਤ ਐਫ. ਆਈ. ਆਰ ਦਰਜ ਕੀਤੀ ਜਾਏਗੀ ਅਤੇ 3 ਮਹੀਨਿਆਂ ਲਈ ਅਜਿਹੇ ਸਥਾਨਾਂ ਨੂੰ ਸੀਲ ਵੀ ਕਰ ਦਿੱਤਾ ਜਾਵੇਗਾ।
ਉਹ ਵਿਅਕਤੀ ਜੋ ਕਿ ਕਿਤੇ ਵੀ ਵੱਡੇ (ਧਾਰਮਿਕ/ਰਾਜਨੀਤਿਕ/ਸਮਾਜਿਕ) ਇਕੱਠਾਂ ਵਿਚ ਸ਼ਾਮਲ ਹੋਏ ਹਨ ਲਾਜ਼ਮੀ ਤੌਰ 'ਤੇ 5 ਦਿਨਾਂ ਲਈ ਘਰ ਵਿਚ ਇਕਾਂਤਵਾਸ ਰਹਿਣਗੇ ਅਤੇ ਪ੍ਰੋਟੋਕੋਲ ਦੇ ਅਨੁਸਾਰ ਟੈਸਟ ਕਰਵਾਉਣਗੇ।
ਸਾਰੀਆਂ ਵਿੱਦਿਅਕ ਸੰਸਥਾਵਾਂ, ਸਕੂਲ ਅਤੇ ਕਾਲਜ ਆਦਿ ਬੰਦ ਰਹਿਣਗੇ ਪਰ ਸਰਕਾਰੀ ਸਕੂਲਾਂ ਦਾ ਅਧਿਆਪਨ ਅਤੇ ਨਾਨ-ਟੀਚਿੰਗ ਸਟਾਫ ਡਿਊਟੀ ਨਿਭਾਏਗਾ।
ਸਾਰੇ ਮੈਡੀਕਲ ਅਤੇ ਨਰਸਿੰਗ ਕਾਲਜ ਖੁੱਲੇ ਰਹਿਣਗੇ ਅਤੇ ਸਾਰੀਆਂ ਭਰਤੀ ਪ੍ਰੀਖਿਆਵਾਂ ਮੁਲਤਵੀ ਕੀਤੀਆਂ ਗਈਆਂ ਹਨ, ਸਿਵਾਏ ਉਨਾਂ ਦੇ ਜੋ ਕੋਵਿਡ ਪ੍ਰਬੰਧਨ ਨਾਲ ਸਬੰਧਤਾਂ ਦੀ ਭਰਤੀ ਨਾਲ ਸਬੰਧਤ ਹਨ।
ਇਸੇ ਤਰਾਂ ਸਰਵਿਸ ਇੰਡਸਟਰੀ ਸਮੇਤ ਸਾਰੇ ਪ੍ਰਾਈਵੇਟ ਦਫਤਰ, ਜਿਵੇਂ ਆਰਕੀਟੈਕਟਸ, ਚਾਰਟਰਡ ਅਕਾਉਂਟੈਂਟਸ, ਬੀਮਾ ਕੰਪਨੀਆਂ ਆਦਿ ਦੇ ਦਫ਼ਤਰਾਂ ਨੂੰ ਸਿਰਫ 'ਘਰ ਤੋਂ ਕੰਮ' ਕਰਨ ਦੀ ਆਗਿਆ ਹੈ।
ਸਰਕਾਰੀ ਦਫਤਰਾਂ ਵਿਚ 45 ਸਾਲਾਂ ਤੋਂ ਵੱਧ ਉਮਰ ਦੇ ਸਿਹਤ ਕਰਮਚਾਰੀ ਅਤੇ ਕਰਮਚਾਰੀ ਜਿਨਾਂ ਨੂੰ ਪਿਛਲੇ 15 ਦਿਨਾਂ ਜਾਂ ਇਸ ਤੋਂ ਵੱਧ ਸਮੇਂ ਵਿਚ ਘੱਟੋ ਘੱਟ ਇਕ ਟੀਕਾ ਖੁਰਾਕ ਨਹੀਂ ਮਿਲੀ ਹੈ, ਨੂੰ ਛੁੱਟੀ ਲੈਣ ਅਤੇ ਉਸ ਸਮੇਂ ਤਕ ਘਰ ਰਹਿਣ ਲਈ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਹੈ। 45 ਸਾਲ ਤੋਂ ਘੱਟ ਉਮਰ ਦੇ ਕਰਮਚਾਰੀਆਂ ਨੂੰ ਸਿਰਫ ਨੈਗੇਟਿਵ ਆਰ. ਟੀ-ਪੀ. ਸੀ. ਆਰ ਰਿਪੋਰਟ ਦੇ ਆਧਾਰ 'ਤੇ ਹੀ ਆਗਿਆ ਦਿੱਤੀ ਜਾ ਸਕਦੀ ਹੈ ਜੋ ਕਿ 5 ਦਿਨਾਂ ਤੋਂ ਵੱਧ ਪੁਰਾਣੀ ਨਾ ਹੋਵੇ ਨਹੀਂ ਤਾਂ ਛੁੱਟੀ ਲੈ ਕੇ ਘਰ ਰਹਿਣ ਲਈ ਪੇ੍ਰਰਿਤ ਕੀਤਾ ਜਾਣਾ ਚਾਹੀਦਾ ਹੈ।
ਇਹ ਆਦੇਸ਼ ਉੱਚ ਸਕਾਰਾਤਮਕ ਖੇਤਰਾਂ ਵਿਚ ਮਾਈਕਰੋ-ਕੰਟੇਨਮੈਂਟ ਜ਼ੋਨਾਂ ਨੂੰ ਵਧਾਉਣ ਅਤੇ ਸਖ਼ਤੀ ਨਾਲ ਲਾਗੂ ਕਰਨ ਲਈ ਵੀ ਨਿਰਦੇਸ਼ ਦਿੰਦਾ ਹੈ ਅਤੇ ਇਸ ਨੂੰ ਲਾਗੂ ਕਰਨ ਲਈ ਵਿਸ਼ੇਸ਼ ਮਾਨੀਟਰ ਨਿਯੁਕਤ ਕੀਤੇ ਜਾਣਗੇ।
ਸਾਰੇ ਸਰਕਾਰੀ ਦਫਤਰਾਂ ਦੁਆਰਾ ਸਿਕਾਇਤਾਂ ਦੇ ਨਿਪਟਾਰੇ ਨੂੰ ਵਰਚੁਅਲ/ਆਨ-ਲਾਈਨ ਢੰਗਾਂ ਦੁਆਰਾ ਤਰਜੀਹ ਦਿੱਤੀ ਜਾਏਗੀ ਅਤੇ ਜਨਤਕ ਲੈਣ-ਦੇਣ ਨੂੰ ਜਿਥੋਂ ਤੱਕ ਹੋ ਸਕੇ ਘਟਾਇਆ ਜਾਵੇਗਾ ਅਤੇ ਸਿਰਫ ਉਸ ਨੂੰ ਹੀ ਆਗਿਆ ਦਿੱਤੀ ਜਾਏਗੀ ਜਿਥੇ ਅਤਿ-ਜ਼ਰੂਰੀ ਸਮਝਿਆ ਜਾਂਦਾ ਹੈ। ਇਸੇ ਤਰਾਂ ਮਾਲ ਵਿਭਾਗ ਜਾਇਦਾਦ ਦੀ ਵਿਕਰੀ ਅਤੇ ਖਰੀਦ ਲਈ ਕਨਵੇਐਂਸ ਡੀਡਾਂ ਨੂੰ ਲਾਗੂ ਕਰਨ ਲਈ ਲੋਕਾਂ ਦੀ ਗਿਣਤੀ ਨੂੰ ਸੀਮਿਤ ਕਰੇਗਾ।
ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਕੋਵਿਡ-19 ਦਾ ਫੈਲਾਅ ਰੋਕਣ ਲਈ ਕੌਮੀ ਨਿਰਦੇਸ਼ਾਂ, ਕੇਂਦਰੀ ਗ੍ਰਹਿ ਮੰਤਰਾਲੇ/ਸੂਬਾ ਸਰਕਾਰ ਵੱਲੋਂ ਜਾਰੀ ਨਿਰਧਾਰਤ ਸੰਚਾਲਨ ਵਿਧੀ (ਐਸ. ਓ. ਪੀਜ਼) ਅਤੇ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇਗੀ। ਬਾਜ਼ਾਰਾਂ, ਜਨਤਕ ਟ੍ਰਾਂਸਪੋਰਟ ਆਦਿ ਸਮੇਤ ਸਾਰੀਆਂ ਗਤੀਵਿਧੀਆਂ 'ਚ ਜ਼ਰੂਰੀ ਇਹਤਿਆਤ ਵਰਤੇ ਜਾਣੇ, ਜਿਨਾਂ ਵਿਚ 6 ਫੁੱਟ ਦੀ ਸਮਾਜਿਕ ਦੂਰੀ ਤੇ ਮਾਸਕ ਪਾ ਕੇ ਰੱਖੇ ਜਾਣੇ ਯਕੀਨੀ ਬਣਾਏ ਜਾਣਗੇ। ਇਸ ਤੋਂ ਬਿਨਾਂ ਜਨਤਕ ਥਾਵਾਂ 'ਤੇ ਥੁੱਕਣ ਵਾਲਿਆਂ ਖਿਲਾਫ਼ ਕਾਰਵਾਈ ਕੀਤੀੇ ਜਾਵੇਗੀ। ਜਾਰੀ ਆਦੇਸ਼ਾਂ, ਪਾਬੰਦੀਆਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਡਿਜ਼ਾਸਟਰ ਮੈਨੇਜਮੈਂਟ ਐਕਟ 2005 ਅਤੇ ਆਈ. ਪੀ. ਸੀ 1860 ਦੀਆਂ ਸਬੰਧਤ ਧਾਰਾਵਾਂ ਤਹਿਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।