5 ਮਈ ਨੂੰ ਪੱਤਰ ਰੱਦ ਕਰਨ ਲਈ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਰਾਹੀਂ ਭੇਜੇ ਜਾਣਗੇ ਮੰਗ ਪੱਤਰ - ਰਿੰਪੀ ਰਾਣੀ
ਨਵਾਂਸ਼ਹਿਰ : 4 ਮਈ :- ਪੰਜਾਬ ਸਰਕਾਰ ਵਲੋਂ ਕੋਵਿੱਡ- 19 ਦੇ ਕਾਰਨ ਬੰਦ ਕੀਤੇ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਮਿੱਡ-ਡੇ-ਮੀਲ ਬਣਾ ਕੇ ਖਵਾਉਣ ਵਾਲੀਆਂ ਕੁੱਕ ਵਰਕਰਾਂ ਕੋਲੋਂ ਕੋਰੋਨਾ ਦੀ ਆੜ ਵਿੱਚ ਹੀ ਖਾਣਾ ਬਣਾਉਣ ਤੋਂ ਬਿਨਾ ਉਹਨਾਂ ਦੀ ਯੋਗਤਾ ਅਤੇ ਕਾਬਲੀਅਤ ਅਨੁਸਾਰ ਉਹਨਾਂ ਤੋਂ ਹੋਰ
ਜ਼ਬਰੀ ਕੰਮ ਲੈਣ ਲਈ ਸਕੂਲ ਮੁੱਖੀਆਂ ਨੂੰ ਜਾਰੀ ਕੀਤੇ ਗਏ ਪੱਤਰ ਦੀ ਤਿੱਖੀ ਅਲੋਚਨਾ ਕਰਦਿਆਂ ਮਿੱਡ-ਡੇ-ਮੀਲ ਵਰਕਰਜ਼ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਪ੍ਰਧਾਨ ਰਿੰਪੀ ਰਾਣੀ, ਜਨਰਲ ਸਕੱਤਰ ਸੁਨੀਤਾ ਰਾਣੀ, ਸੋਮਾ ਰਾਣੀ, ਊਸ਼ਾ ਰਾਣੀ, ਸਰੋਜ ਰਾਣੀ, ਜਸਵਿੰਦਰ ਕੌਰ, ਪਰਮਜੀਤ ਕੌਰ, ਆਸ਼ਾ ਰਾਣੀ, ਬਲਵਿੰਦਰ ਕੌਰ, ਸਰਬਜੀਤ ਕੌਰ, ਪਰਮਜੀਤ ਆਦਿ ਅਤੇ ਪ.ਸ.ਸ.ਫ.ਦੇ ਜ਼ਿਲ੍ਹਾ ਪ੍ਰਧਾਨ ਕਰਨੈਲ ਸਿੰਘ ਰਾਹੋਂ ਨੇ ਮਿੱਡ ਡੇ-ਮੀਲ ਵਰਕਰਾਂ ਤੋਂ ਖਾਣਾ ਬਣਾਉਣ ਤੋਂ ਬਿਨਾ ਉਹਨਾਂ ਦੀ ਯੋਗਤਾ ਅਤੇ ਕਾਬਲੀਅਤ ਅਨੁਸਾਰ ਜ਼ਬਰੀ ਹੋਰ ਕੰਮ ਲੈਣ ਲਈ ਜਾਰੀ ਪੱਤਰ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਜਦੋਂ ਕਿ ਅਨਾਜ ਅਤੇ ਰਸੋਈ ਦੇ ਸਮੁੱਚੇ ਖਾਣ ਪੀਣ ਦੇ ਸਾਮਾਨ ਦੀ ਸਾਂਭ ਸੰਭਾਲ, ਰਸੋਈ ਦੀ ਸਫ਼ਾਈ, ਭਾਂਡਿਆਂ ਦੀ ਸਫ਼ਾਈ, ਖਾਣਾ ਬਣਉੁਣ, ਬੱਚਿਆਂ ਨੂੰ ਖੁਆਉਣ ਅਤੇ ਸਾਫ਼ ਸਫ਼ਾਈ ਲਈ 46 ਰੁਪਏ 57 ਪੈਸੇ ਰੋਜਾਨਾ ਦਿੱਤੇ ਜਾਂਦੇ ਹਨ। ਆਗੂਆਂ ਨੇ ਕਿਹਾ ਕਿ ਇਸ ਪੱਤਰ ਦੀ ਆੜ ਵਿੱਚ ਸਕੂਲ ਮੁੱਖੀਆਂ ਵਲੋਂ ਨਿਗੂਣਾ ਜਿਹਾ ਮਾਣ ਭੱਤਾ ਲੈ ਰਹੀਆਂ ਵਰਕਰਾਂ ਨੂੰ ਖਾਣਾ ਬਣਾਉਣ ਤੋਂ ਬਿਨਾ ਹੋਰ ਜ਼ਬਰੀ ਕੰਮ ਲੈਣ ਲਈ ਤੰਗ ਪ੍ਰੇਸ਼ਾਨ ਕਰਨ ਦਾ ਰਾਹ ਖੋਲ੍ਹਿਆ ਗਿਆ ਹੈ, ਜੋ ਕਿਸੇ ਵੀ ਕੀਮਤ ਤੇ ਬਰਦਾਸ਼ਤ ਕਰਨ ਯੋਗ ਨਹੀਂ ਹੈ।
ਆਗੂਆਂ ਨੇ ਬਿਆਨ ਨੂੰ ਜਾਰੀ ਰੱਖਦਿਆਂ ਕਿਹਾ ਕਿ ਜਦੋਂ ਸਕੂਲ ਵਿੱਚ ਮਿੱਡ-ਡੇ-ਮੀਲ ਲਈ ਅਨਾਜ ਭੇਜਿਆ ਜਾ ਰਿਹਾ ਹੈ ਤਾਂ ਕੁੱਕਾਂ ਤੋਂ ਯੋਗਤਾ ਅਤੇ ਕਾਬਲੀਅਤ ਅਨੁਸਾਰ ਜ਼ਬਰੀ ਹੋਰ ਕੰਮ ਲੈਣ ਲਈ ਪੱਤਰ ਕਿਉਂ ਜਾਰੀ ਕੀਤਾ ਜਾ ਰਿਹਾ ਹੈ। ਮਿੱਡ- ਡੇ-ਮੀਲ ਵਰਕਰਾਂ ਦੀ ਮੁੱਖ ਯੋਗਤਾ ਅਤੇ ਕਾਬਲੀਅਤ ਉਹਨਾਂ ਦੇ ਤਜਰਬੇ ਅਨੁਸਾਰ ਮਿੱਡ-ਡੇ-ਮੀਲ ਬਣਾਉਣ ਵਿੱਚ ਹੈ ਅਤੇ ਉਹਨਾਂ ਤੋਂ ਮਿੱਡ-ਡੇ-ਮੀਲ ਬਣਾਉਣ ਦਾ ਕੰਮ ਪਹਿਲ ਦੇ ਆਧਾਰ ਤੇ ਲਿਆ ਜਾਵੇ। ਆਗੂਆਂ ਨੇ ਕਿਹਾ ਕਿ ਉਪਰੋਕਤ ਪੱਤਰ ਨੂੰ ਰੱਦ ਕਰਵਾਉਣ ਲਈ ਮਿੱਡ-ਡੇ-ਮੀਲ ਵਰਕਰਜ਼ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਇਕਾਈ ਵਲੋਂ 05 ਮਈ ਨੂੰ ਜ਼ਿਲ੍ਹਾ ਪੱਧਰੀ ਵਫਦ ਵਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਹੀਂ ਸਿੱਖਿਆ ਮੰਤਰੀ ਪੰਜਾਬ ਦੇ ਨਾਂ ਤੇ ਮੰਗ ਪੱਤਰ ਭੇਜਦੇ ਹੋਏ ਜੋਰਦਾਰ ਢੰਗ ਨਾਲ਼ ਯੋਗਤਾ ਅਤੇ ਕਾਬਲੀਅਤ ਅਨੁਸਾਰ ਕੰਮ ਲੈਣ ਦੇ ਪੱਤਰ ਨੂੰ ਰੱਦ ਕਰਨ ਦੀ ਮੰਗ ਕੀਤੀ ਜਾਵੇਗੀ। ਇਸ ਦੇ ਨਾਲ ਹੀ ਜਥੇਬੰਦੀ ਨਾਲ਼ 07 ਜਨਵਰੀ 2020 ਦੀ ਮੀਟਿੰਗ ਵਿੱਚ ਕੀਤੇ ਗਏ ਵਾਅਦੇ ਅਨੁਸਾਰ ਅਪ੍ਰੈਲ 2020 ਤੋਂ ਮਿਹਨਤਾਨਾ 3000/-ਰੁਪਏ ਬਕਾਏ ਸਮੇਤ ਤੁਰੰਤ ਦੇਣ ਦੀ ਮੰਗ ਵੀ ਕੀਤੀ ਜਾਵੇਗੀ।
ਆਗੂਆਂ ਨੇ ਮਿੱਡ ਡੇ-ਮੀਲ ਵਰਕਰਾਂ ਨੂੰ ਪੁਰਜੋਰ ਅਪੀਲ ਕਰਦਿਆਂ ਕਿਹਾ ਕਿ 04 ਅਪ੍ਰੈਲ ਦੀ ਮੀਟਿੰਗ ਦੇ ਫੈਸਲੇ ਅਨੁਸਾਰ 11 ਤੋਂ 20 ਮਈ ਤੱਕ ਵਿਸ਼ਾਲ ਜ਼ਿਲ੍ਹਾ ਪੱਧਰੀ ਧਰਨੇ ਦੇ ਕੇ ਸੰਘਰਸ਼ ਲਈ ਮਿੱਡ-ਡੇ-ਮੀਲ ਵਰਕਰਾਂ ਨੂੰ ਵੱਡੇ ਪੱਧਰ ਤੇ ਲਾਮਬੰਦ ਕੀਤਾ ਜਾਵੇ ਅਤੇ 30 ਮਈ ਤੋਂ ਪਹਿਲਾਂ ਪਹਿਲਾਂ ਜੇ ਦੋਨੋਂ ਮੰਗਾਂ ਲਈ ਪੱਤਰ ਜਾਰੀ ਨਹੀਂ ਕੀਤੇ ਜਾਂਦੇ ਤਾਂ 30 ਮਈ ਨੂੰ ਸਿੱਖਿਆ ਮੰਤਰੀ ਪੰਜਾਬ ਦੀ ਰਿਹਾਇਸ਼ ਸੰਗਰੂਰ ਵਿਖੇ ਹੋਣ ਵਾਲੇ ਸੂਬਾਈ ਪ੍ਰਦਰਸ਼ਨ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਮੂਲੀਅਤ ਕਰਨ ਦੀ ਪੁਰਜ਼ੋਰ ਤਿਆਰੀ ਰੱਖੀ ਜਾਵੇ।