ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀ ਲੈਣ ਵੱਧ ਤੋਂ ਵੱਧ ਲਾਭ ਲੈਣ ਲਈ ਪੋਰਟਲ ਤੋਂ ਆਨਲਾਈਨ ਬਣਵਾਉਣ ਆਪਣਾ ਫ੍ਰੀਸ਼ਿਪ ਕਾਰਡ

ਨਵਾਂਸ਼ਹਿਰ, 11 ਮਈ : ਭਾਰਤ ਸਰਕਾਰ ਦੀ ਸਹਾਇਤਾ ਨਾਲ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਜ਼ਿਲ੍ਹੇ ਦੇ ਬਾਰ੍ਹਵੀਂ, ਡਿਗਰੀ ਕੋਰਸ, ਮਾਸਟਰ ਡਿਗਰੀ ਕੋਰਸ ਅਤੇ ਪ੍ਰੋਫੈਸ਼ਨਲ ਕੋਰਸਾਂ ਆਦਿ ਵਿੱਚ ਪੜ੍ਹ ਰਹੇ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ, ਜਿੰਨ੍ਹਾਂ ਦੇ ਮਾਪਿਆਂ/ਸਰਪ੍ਰਸਤਾਂ ਦੀ ਸਾਲਾਨਾ ਆਮਦਨ 2.50 ਲੱਖ ਰੁਪਏ ਤੋਂ ਵੱਧ ਨਾ ਹੋਵੇ, ਇਸ ਸਕੀਮ ਦਾ ਲਾਭ ਲੈ ਸਕਦੇ ਹਨ। ਇਸ ਯੋਜਨਾ ਦਾ ਲਾਭ ਲੈਣ ਲਈ ਵਿਦਿਆਰਥੀ ਆਨਲਾਈਨ ਪੋਰਟਲ ਤੇ ਜਾ ਕੇ ਆਪਣਾ ਫ੍ਰੀਸ਼ਿਪ ਕਾਰਡ ਬਣਵਾ ਸਕਦੇ ਹਨ, ਜੋ ਕਿ ਉਨ੍ਹਾਂ ਨੂੰ ਦਾਖਲਾ ਲੈਣ ਵੇਲੇ ਮਦਦ ਕਰੇਗਾ।
          ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਕੀਮ ਤਹਿਤ ਸਕਾਲਰਸ਼ਿਪ ਤੋਂ ਇਲਾਵਾ ਵਿਦਿਆਰਥੀਆਂ ਨੂੰ ਕੰਪਲਸਰੀ ਨਾਨ-ਰਿਫੰਡਏਬਲ ਫੀਸਾਂ ਦੀ ਪ੍ਰਤੀ ਪੂਰਤੀ ਵੀ ਕੀਤੀ ਜਾਂਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜਿਹੜੇ ਵਿਦਿਆਰਥੀ ਪੱਤਰ-ਵਿਹਾਰ ਰਾਹੀਂ ਪੜ੍ਹਾਈ ਕਰ ਰਹੇ ਹਨ, ਉਨ੍ਹਾਂ ਵੱਲੋਂ ਅਦਾ ਕੀਤੀਆਂ ਗਈਆਂ ਦਾਖਲਾ ਅਤੇ ਟਿਊਸ਼ਨ ਫ਼ੀਸਾਂ ਦੀ ਪ੍ਰਤੀ-ਪੂਰਤੀ ਵੀ ਇਸ ਸਕੀਮ ਅਧੀਨ ਕੀਤੀ ਜਾਂਦੀ ਹੈ।
           ਉਨ੍ਹਾਂ ਅੱਗੇ ਦੱਸਿਆ ਕਿ ਸਮਾਜਿਕ ਨਿਆਂ, ਅਧਿਕਾਰਿਤਾ ਤੇ ਘੱਟ ਗਿਣਤੀ ਵਿਭਾਗ ਵੱਲੋਂ ਸਕਾਲਰਸ਼ਿਪ ਦੀ ਅਦਾਇਗੀ ਪੀ.ਐਫ.ਐਮ.ਐਸ. ਪੋਰਟਲ ਰਾਹੀਂ ਵਿਦਿਆਰਥੀਆਂ ਦੇ ਆਧਾਰ ਨਾਲ ਲਿੰਕ ਬੈਂਕ ਖਾਤਿਆਂ ਵਿੱਚ ਸਿੱਧੀ ਕੀਤੀ ਜਾਂਦੀ ਹੈ। ਭਾਰਤ ਸਰਕਾਰ ਅਤੇ ਰਾਜ ਸਰਕਾਰ ਵੱਲੋਂ ਸਾਲ 2023-24 ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਫਾਰ ਐਸ.ਸੀ. ਸਟੂਡੈਂਟਸ ਲਈ ਗਾਈਡਲਾਈਨਜ਼ ਪੋਰਟਲ ਦੀ ਵੈਬਸਾਈਟ https://scholarships.punjab.gov.in/ ਤੇ ਜਾਰੀ ਕਰ ਦਿੱਤੀਆਂ ਗਈਆਂ ਹਨ। ਯੋਗ ਵਿਦਿਆਰਥੀ ਇਸ ਪੋਰਟਲ ਤੇ ਆਪਣਾ ਫ੍ਰੀਸ਼ਿਪ ਕਾਰਡ ਬਣਵਾ ਕੇ ਸਬੰਧਤ ਕਾਲਜ ਵਿੱਚ ਸਬੰਧਿਤ ਕੋਰਸ ਵਿੱਚ ਦਾਖਲਾ ਲੈ ਸਕਦੇ ਹਨ ਅਤੇ ਵੱਧ ਤੋਂ ਵੱਧ ਉਚੇਰੀ ਸਿੱਖਿਆ ਪ੍ਰਾਪਤ ਕਰ ਸਕਦੇ ਹਨ।
          ਉਨ੍ਹਾਂ ਕਿਹਾ ਕਿ ਇਸ ਸਬੰਧੀ ਵਿਦਿਆਰਥੀ ਵਧੇਰੇ ਜਾਣਕਾਰੀ ਲਈ ਆਪਣੀ ਜ਼ਿਲ੍ਹੇ ਅਤੇ ਤਹਿਸੀਲ ਨਾਲ ਸਬੰਧਿਤ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ-ਕਮ-ਸੈਂਕਸ਼ਨਿੰਗ ਅਥਾਰਟੀ ਟੂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨਾਲ ਸੰਪਰਕ ਕਰ ਸਕਦੇ ਹਨ।