ਕੈਬਨਿਟ ਮੰਤਰੀ ਜਿੰਪਾ ਅਤੇ ਸੂਬਾ ਆਰਥਿਕ ਨੀਤੀ ਤੇ ਯੋਜਨਾ ਬੋਰਡ ਦੇ ਵਾਈਸ ਚੇਅਰਮੈਨ ਅੰਮ੍ਰਿਤ ਸਾਗਰ ਮਿੱਤਲ ਨੇ ਕੈਟਲ ਪੌਂਡ ’ਚ ਬਣੇ ਨਵੇਂ ਸ਼ੈੱਡ ਦਾ ਕੀਤਾ ਉਦਘਾਟਨ

'ਸੋਸਾਇਟੀ ਫਾਰ ਪ੍ਰੀਵੈਂਸ਼ਨ ਆਫ਼ ਕਰਿਉਲਟੀ ਟੂ ਐਨੀਮਲਸ' ਤਹਿਤ ਵੱਖ-ਵੱਖ ਪਸ਼ੂਆਂ ਲਈ
ਬਣਾਈ ਜਾਣ ਵਾਲੀ ਸ਼ੈੱਡ ਦਾ ਵੀ ਰੱਖਿਆ ਨੀਂਹ ਪੱਥਰ
ਹੁਸ਼ਿਆਰਪੁਰ, 20 ਮਈ:ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਸ਼ਹਿਰ ਵਿਚ
ਲਾਵਾਰਿਸ ਘੁੰਮ ਰਹੇ ਬਲਦਾਂ ਲਈ ਸਰਕਾਰੀ ਕੈਟਲ ਪੌਂਡ ਵਿਚ ਅਲੱਗ ਤੋਂ ਇੰਤਜ਼ਾਮ ਦੀ
ਯੋਜਨਾ 'ਤੇ ਕੰਮ ਕੀਤਾ ਜਾ ਰਿਹਾ ਹੈ, ਜਿਸ ਨੂੰ ਜਲਦ ਹੀ ਅਮਲੀ ਜਾਮਾ ਪਹਿਨਾ ਦਿੱਤਾ
ਜਾਵੇਗਾ। ਉਨ੍ਹਾਂ ਕਿਹਾ ਕਿ ਕੈਟਲ ਪੌਂਡ ਫਲਾਹੀ ਵਿਚ ਵੱਖਰੇ ਤੌਰ 'ਤੇ ਡਾਕਟਰ ਦੀ ਵੀ
ਵਿਵਸਥਾ ਕਰ ਲਈ ਗਈ ਹੈ, ਜਿਸ ਨਾਲ ਜ਼ਖਮੀ ਪਸ਼ੂਆਂ ਦੇ ਇਲਾਜ ਹੋ ਸਕਣਗੇ। ਉਹ ਅੱਜ ਸੂਬਾ
ਆਰਥਿਕ ਨੀਤੀ ਅਤੇ ਯੋਜਨਾ ਬੋਰਡ ਅਤੇ ਸੋਨਾਲੀਕਾ ਉਦਯੋਗ ਦੇ ਵਾਈਸ ਚੇਅਰਮੈਨ (ਕੈਬਨਿਟ
ਮੰਤਰੀ ਦਰਜਾ) ਅੰਮ੍ਰਿਤ ਸਾਗਰ ਮਿੱਤਲ ਦੇ ਨਾਲ ਸਰਕਾਰੀ ਕੈਟਲ ਪੌਂਡ ਫਲਾਹੀ ਵਿਚ ਪਸ਼ੂਆਂ
ਲਈ ਬਣਾਏ ਗਏ 200 ਫੁੱਟ ਲੰਬੇ ਸ਼ੈੱਡ ਦੇ ਉਦਘਾਟਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ
ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ 'ਸੋਸਾਇਟੀ ਫਾਰ ਪ੍ਰੀਵੈਂਸ਼ਨ ਆਫ਼ ਕਰਿਉਲਟੀ ਟੂ
ਐਨੀਮੇਲਸ' ਤਹਿਤ ਵੱਖ-ਵੱਖ ਪਸ਼ੂਆਂ ਲਈ ਬਣਾਈਆਂ ਜਾਣ ਵਾਲੀਆਂ ਸ਼ੈੱਡਾਂ ਦਾ ਵੀ ਨੀਂਹ
ਪੱਥਰ ਰੱਖਿਆ। ਉਨ੍ਹਾਂ ਦੱਸਿਆ ਕਿ ਇਹ ਸ਼ੈੱਡਾਂ ਵੀ ਸੋਨਾਲੀਕਾ ਦੇ ਸਹਿਯੋਗ ਨਾਲ ਬਣਾਈਆਂ
ਜਾਣਗੀਆਂ। ਇਸ ਮੌਕੇ ਮੇਅਰ ਸੁਰਿੰਦਰ ਕੁਮਾਰ ਤੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੀ
ਉਨ੍ਹਾਂ ਦੇ ਨਾਲ ਸਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਸੋਨਾਲੀਕਾ ਦੇ ਸਹਿਯੋਗ ਨਾਲ ਕੈਟਨ ਪੌਂਡ ਵਿਚ ਪਸ਼ੂਆਂ ਲਈ
ਇਸ ਸ਼ੈੱਡ ਦਾ ਨਿਰਮਾਣ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਕੈਟਲ ਪੌਂਡ ਦੇ
ਸੁਚਾਰੂ ਸੰਚਾਲਨ ਵਿਚ ਸੋਨਾਲੀਕਾ ਉਦਯੋਗ ਦਾ ਅਹਿਮ ਯੋਗਦਾਨ ਹੈ, ਜੋ ਕਿ ਹਮੇਸ਼ਾ ਸਹਿਯੋਗ
ਕਰਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਸਥਿਤ ਵੈਟਰਨਰੀ ਪੋਲੀਕਲੀਨਿਕ ਨੂੰ
ਅਤਿਆਧੁਨਿਕ ਬਣਾਇਆ ਜਾਵੇਗਾ, ਜਿਸ ਵਿਚ ਇਮਾਰਤ ਦੀ ਮੁਰੰਮਤ ਤੋਂ ਲੈ ਕੇ ਅਤਿ- ਆਧੁਨਿਕ
ਉਪਕਰਨ ਵੀ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਕੈਟਲ
ਪੌਂਡ ਦੇ ਗਊਧਨ ਲਈ ਹਰ ਮਹੀਨੇ 10 ਦਿਨ ਦਾ ਚਾਰਾ ਸੋਨਾਲੀਕਾ ਇੰਡਸਟਰੀ ਵਲੋਂ ਦਿੱਤਾ ਜਾ
ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਦੇ ਵਿਕਾਸ ਵਿਚ ਸੋਨਾਲੀਕਾ ਉਦਯੋਗ ਦਾ ਅਹਿਮ
ਯੋਗਦਾਨ ਹੈ। ਉਨ੍ਹਾਂ ਦੱਸਿਆ ਕਿ ਇਸ ਕੈਟਲ ਪੌਂਡ ਵਿਚ ਹੁਣ 470 ਗਊਧਨ ਹੈ, ਉਨ੍ਹਾਂ ਦੀ
ਸੰਭਾਲ ਬਹੁਤ ਵਧੀਆ ਢੰਗ ਨਾਲ ਇਥੇ ਕੀਤੀ ਜਾ ਰਹੀ ਹੈ। ਉਨ੍ਹਾਂ ਇਸ ਗੱਲ 'ਤੇ ਖੁਸ਼ੀ
ਪ੍ਰਗਟ ਕੀਤੀ ਕਿ ਸਰਕਾਰੀ ਕੈਟਲ ਪੌਂਡ ਫਲਾਹੀ ਬਹੁਤ ਹੀ ਯੋਜਨਾਬੱਧ ਤਰੀਕੇ ਨਾਲ ਚੱਲ
ਰਿਹਾ ਹੈ, ਜਿਸ ਵਿਚ ਦਾਨੀ ਸੱਜਣਾਂ ਦਾ ਬਹੁਤ ਵੱਡਾ ਯੋਗਦਾਨ ਹੈ।
ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਅਤੇ ਪੰਜਾਬ ਯੋਜਨਾ ਬੋਰਡ ਦੇ ਵਾਈਸ ਚੇਅਰਮੈਨ
ਅੰਮ੍ਰਿਤ ਸਾਗਰ ਮਿੱਤਲ ਨੇ ਕੈਟਲ ਪੌਂਡ ਦਾ ਦੌਰਾ ਕਰਦੇ ਹੋਏ ਕਿਹਾ ਕਿ ਇਥੋਂ ਦੀ ਹਰ
ਜ਼ਰੂਰਤ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਜਾਵੇਗਾ। ਉਨ੍ਹਾਂ ਦਾਨੀ ਸੱਜਣਾਂ ਦਾ
ਧੰਨਵਾਦ ਕਰਦੇ ਹੋਏ ਕਿਹਾ ਕਿ ਕੈਟਲ ਪੌਂਡ ਦਾ ਸਾਲਾਨਾ ਖਰਚ ਲੋਕਾਂ ਦੇ ਦਿੱਤੇ ਦਾਨ ਤੋਂ
ਹੀ ਪੂਰਾ ਹੋ ਜਾਂਦਾ ਹੈ। ਉਨ੍ਹਾਂ ਨੇ ਜਿਥੇ ਦਾਨੀ ਸੱਜਣਾਂ ਨੂੰ ਕੈਟਲ ਪੌਂਡ ਵਿਚ ਵੱਧ
ਤੋਂ ਵੱਧ ਯੋਗਦਾਨ ਦੇਣ ਦੀ ਅਪੀਲ ਕੀਤੀ, ਉਥੇ ਪਸ਼ੂ ਪਾਲਕਾਂ ਨੂੰ ਅਪੀਲ ਕਰਦੇ ਹੋਏ ਕਿਹਾ
ਕਿ ਉਹ ਆਪਣੇ ਪਸ਼ੂਆ ਨੂੰ ਸੜਕਾਂ 'ਤੇ ਲਾਵਾਰਿਸ ਨਾ ਛੱਡਣ, ਕਿਉਂਕਿ ਇਹ ਅਕਸਰ
ਦੁਰਘਟਨਾਵਾਂ ਦਾ ਕਾਰਨ ਬਣਦੇ ਹਨ।ਇਸ ਦੌਰਾਨ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ,
ਡਿਪਟੀ ਮੇਅਰ ਰਣਜੀਤ ਚੌਧਰੀ, ਦਿ ਹੁਸ਼ਿਆਰਪੁਰ ਸੈਂਟਰਲ ਕੋਆਪਰੇਟਿਵ ਬੈਂਕ ਦੇ
ਚੇੇਅਰਮੈਂਨ ਵਿਕਰਮ ਸ਼ਰਮਾ, ਸੋਨਾਲੀਕਾ ਤੋਂ ਅਤੁਲ ਸ਼ਰਮਾ, ਕੌਂਸਲਰ ਵਿਜੇ ਅਗਰਵਾਲ,
ਪ੍ਰਦੀਪ ਕੁਮਾਰ, ਵਰਿੰਦਰ ਵੈਦ, ਲਕਸ਼ਮੀ ਨਾਰਾਇਣ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ
ਡਾ. ਹਾਰੂਨ ਰਤਨ, ਸਹਾਇਕ ਡਾਇਰੈਕਟਰ ਡਾ. ਅਵਤਾਰ ਸਿੰਘ, ਨੋਡਲ ਅਫ਼ਸਰ ਸਰਕਾਰੀ ਕੈਟਲ
ਪੌਂਡ ਫਲਾਹੀ ਡਾ. ਮਨਮੋਹਨ ਸਿੰਘ ਦਰਦੀ, ਸੀਨੀਅਰ ਵੈਟਰਨਰੀ ਅਫ਼ਸਰ ਡਾ. ਗੁਰਦੀਪ ਸਿੰਘ,
ਡਾ. ਸਤਵਿੰਦਰ ਸਿੰਘ, ਡਾ. ਚੰਦਪ੍ਰੀਤ, ਵੈਟਰਨਰੀ ਇੰਸਪੈਕਟਰ ਜਸਵਿੰਦਰ ਸਿੰਘ, ਵੈਟਰਨਰੀ
ਅਫ਼ਸਰ ਡਾ. ਅਧਿਰਾਜ ਸਿੰਘ, ਮੈਨੇਜਰ ਸਰਬਜੀਤ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ
ਸਨ।